ਤੁਹਾਡੀ ਬੋਲੀ ਅਤੇ ਸ਼ਬਦਾਂ ਦੀ ਚੋਣ ਬਹੁਤ ਕੁੱਝ ਦੱਸ ਦਿੰਦੀ ਹੈ

ਪ੍ਰਭਜੋਤ ਕੌਰ ਢਿੱਲੋਂ

(ਸਮਾਜ ਵੀਕਲੀ)

ਸਿਆਣੇ ਕਹਿੰਦੇ ਨੇ ,”ਪਹਿਲਾਂ ਤੋਲੋ ਫੇਰ ਬੋਲੋ।”ਜ਼ੁਬਾਨ ਵਿੱਚੋਂ ਨਿਕਲੇ ਸ਼ਬਦ ਅਤੇ ਤੀਰ ਕਮਾਨ ਚੋਂ ਨਿਕਲਿਆ ਤੀਰ ਕਦੇ ਨਹੀਂ ਮੁੜਦੇ।ਤੁਸੀਂ ਕੀ ਬੋਲਦੇ ਹੋ,ਕਿਵੇਂ ਬੋਲਦੇ ਹੋ ਤੇ ਕਿਹੜੇ ਸ਼ਬਦ ਵਰਤਦੇ ਹੋ,ਤੁਹਾਡੀ ਸੋਚ ਅਤੇ ਤੁਹਾਡੇ ਘਰਦੇ ਮਾਹੌਲ ਬਾਰੇ ਬਹੁਤ ਕੁੱਝ ਦੱਸ ਦਿੰਦੀ ਹੈ।ਤੁਹਾਡੀਆਂ ਗੱਲਾਂ ਅਤੇ ਦੂਸਰਿਆਂ ਬਾਰੇ ਜੋ ਤੁਸੀਂ ਬੋਲਦੇ ਹੋ,ਹਕੀਕਤ ਵਿੱਚ ਉਹ ਤੁਸੀਂ ਆਪ ਹੁੰਦੇ ਹੋ।ਜੇਕਰ ਪਾਣੀ ਦਾ ਜੱਗ ਭਰਿਆ ਹੋਇਆ ਹੈ ਤਾਂ ਉਸ ਵਿੱਚੋਂ ਪਾਣੀ ਹੀ ਬਾਹਰ ਆਏਗਾ,ਦੁੱਧ ਨਹੀਂ ਆਏਗਾ।ਇਸੇ ਤਰ੍ਹਾਂ ਜੋ ਅੰਦਰ ਹੁੰਦਾ ਹੈ ਜੋ ਅਸੀਂ ਹਾਂ, ਉਹ ਹੀ ਅੰਦਰੋਂ ਵਿਚਾਰਾਂ,ਬੋਲਾਂ ਅਤੇ ਗੱਲ ਬਾਤ ਰਾਹੀਂ ਬਾਹਰ ਆਉਂਦਾ ਹੈ।ਕਈ ਵਾਰ ਸਾਡੇ ਆਸਪਾਸ ਅਜਿਹੇ ਲੋਕ ਹੁੰਦੇ ਹਨ ਜੋ ਹਰ ਕਿਸੇ ਨੂੰ ਕਰੈਕਟਰ ਸਰਟੀਫਿਕੇਟ ਦਿੰਦੇ ਹਨ।

ਉਨ੍ਹਾਂ ਦੀ ਸੋਚ ਅਤੇ ਉਨ੍ਹਾਂ ਉਪਰ ਤਰਸ ਵੀ ਆਉਂਦਾ ਹੈ ਕਿ ਇੰਨਾ ਦੇ ਅੰਦਰ ਕਿੰਨੀ ਗੰਦਗੀ ਭਰੀ ਹੋਈ ਹੈ।ਅਜਿਹੇ ਲੋਕ ਆਪਣੀ ਜ਼ਿੰਦਗੀ ਵਿੱਚ ਕਿੱਧਰੇ ਕੁੱਝ ਖਾਸ ਨਹੀਂ ਕਰਦੇ।ਉਸਦਾ ਕਾਰਨ ਵੀ ਇਹ ਹੀ ਹੈ।ਉਹ ਆਪਣਾ ਸਾਰਾ ਵਕਤ ਲੋਕਾਂ ਨੂੰ ਗਲਤ ਸਾਬਿਤ ਕਰਨ ਵਿੱਚ ਹੀ ਲਗਾ ਦਿੰਦੇ ਹਨ।ਅਜਿਹੇ ਲੋਕਾਂ ਨੂੰ ਵਧੇਰੇ ਬੰਦੇ ਗਲਤ ਹੀ ਲੱਗਦੇ ਹਨ।ਜਿਹੜੇ ਇੰਨਾ ਦੀ ਹੀ ਸੋਚਦੇ ਹੁੰਦੇ ਹਨ,ਉਨ੍ਹਾਂ ਨੂੰ ਹੀ ਵਧੀਆ ਚਰਿੱਤਰ ਦਾ ਸਰਟੀਫਿਕੇਟ ਦਿੰਦੇ ਹਨ।ਮੈਨੂੰ ਕਿਸੇ ਨੇ ਅਜਿਹੇ ਪਰਿਵਾਰ ਬਾਰੇ ਦੱਸਿਆ ਜੋ ਹਰ ਕਿਸੇ ਤੇ ਤੋਹਮਤਾਂ ਲਗਾਉਦਾ ਸੀ।ਜਿਸਨੇ ਦੱਸਿਆ ਉਹ ਵੀ ਉਨ੍ਹਾਂ ਤੋਂ ਪ੍ਰੇਸ਼ਾਨ ਸਨ।ਜਿਵੇਂ ਦੇ ਪਰਿਵਾਰ ਬਾਰੇ ਮੈਂ ਲਿਖਣ ਲੱਗੀ ਹਾਂ ਵੇਖਣਾ ਤੁਹਾਡੇ ਆਸਪਾਸ ਵੀ ਸ਼ਾਇਦ ਕੋਈ ਹੋਏ।

ਉਸ ਪਰਿਵਾਰ ਦਾ ਕੰਮ ਸੀ ਸਾਰਿਆਂ ਬਾਰੇ ਕੁੱਝ ਨਾ ਕੁੱਝ ਗਲਤ ਬੋਲਣਾ।ਜਿੰਨਾ ਦੇ ਬੱਚੇ ਪੜ੍ਹਨ ਵਾਲੇ ਸੀ,ਉਨ੍ਹਾਂ ਬਾਰੇ ਵੀ ਗਲਤ ਗਲਤ ਗੱਲਾਂ ਕਰਨੀਆਂ। ਉਨ੍ਹਾਂ ਦੇ ਆਪਣੇ ਪਰਿਵਾਰ ਵਿੱਚੋਂ ਕਿਸੇ ਨੇ ਬੀ ਏ ਵੀ ਪਾਸ ਨਹੀਂ ਕੀਤੀ।ਅਸਲ ਵਿੱਚ ਸਾਰੇ ਇੱਕੋ ਸੋਚਦੇ ਮਾਲਕ ਸਨ।ਅਜਿਹੇ ਲੋਕਾਂ ਦੀ ਬਣਦੀ ਵੀ ਅਜਿਹੇ ਲੋਕਾਂ ਨਾਲ ਹੀ ਹੁੰਦੀ।ਜੇਕਰ ਇੰਨਾ ਵਿੱਚ ਕੋਈ ਦੂਸਰੀ ਸੋਚਦਾ ਬੰਦਾ ਬੈਠ ਜਾਏ ਤਾਂ ਉਸਦਾ ਬੈਠਣਾ ਔਖਾ ਹੋ ਜਾਂਦਾ ਹੈ।ਮਹਿੰਗੇ ਕਪੜੇ ਅਤੇ ਫੈਸ਼ਨ ਕਿਸੇ ਦੀ ਸੋਚ ਨਹੀਂ ਬਦਲ ਸਕਦਾ।

ਕੁਦਰਤ ਬੜੀ ਮਹਾਨ ਹੈ।ਜਿਸਨੂੰ ਉਸਨੇ ਉੱਚਾ ਚੁੱਕਣਾ ਹੁੰਦਾ ਹੈ,ਉਸਨੂੰ ਚੁੱਕ ਹੀ ਦਿੰਦੀ ਹੈ।ਕਮਲ ਦੇ ਫੁੱਲ ਨੂੰ ਗੰਦਗੀ ਵਿੱਚ ਪੈਦਾ ਕੀਤਾ ਪਰ ਉਸਨੂੰ ਉਸ ਗੰਦਗੀ ਤੋਂ ਬਹੁਤ ਉਪਰ ਰੱਖਿਆ।ਜਿਹੜੇ ਤੁਹਾਡੇ ਤੇ ਤੋਹਮਤਾਂ ਲਗਾਉਂਦੇ ਹਨ ਅਸਲ ਵਿੱਚ ਉਨ੍ਹਾਂ ਦੇ ਅੰਦਰ ਦੀ ਗੰਦਗੀ ਬਾਹਰ ਆਉਂਦੀ ਹੈ।ਜੋ ਕਿਸੇ ਦੇ ਕੋਲ ਹੈ,ਉਹ ਹੀ ਉਹ ਦੂਸਰਿਆਂ ਨੂੰ ਦੇਵੇਗਾ।ਵਿਹਲੜ,ਨਿਕੰਮੇ ਅਤੇ ਗੰਦੀ ਸੋਚ ਵਾਲੇ ਜਿੱਥੇ ਬੈਠਣਗੇ,ਗੰਦਗੀ ਦੇ ਢੇਰ ਵਾਂਗ ਬਦਬੂ ਹੀ ਮਾਰਨਗੇ।

ਜਿਹੜੇ ਸ਼ਬਦ ਵਰਤੇ ਜਾਂਦੇ ਹਨ,ਉਹ ਉਨ੍ਹਾਂ ਦੀ ਲਿਆਕਤ ਦੱਸਦੇ ਹਨ।ਜਿਹੜੇ ਆਪਣੇ ਘਰਦੇ ਬਜ਼ੁਰਗਾਂ ਨੂੰ ਬੁੱਢਾ ਬੁੱਢੀ ਕਹਿਕੇ ਬੁਲਾਉਂਦੇ ਹਨ ਉਨ੍ਹਾਂ ਦੀ ਲਿਆਕਤ ਬੋਲਦੀ ਹੈ।ਮੈਂ ਪਿੱਛਲੇ ਦਿਨੀਂ ਨੂੰਹਾਂ ਪੁੱਤਾਂ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਬਜ਼ੁਰਗ ਮਾਪਿਆਂ ਨੂੰ ਵੇਖਿਆ,ਨੂੰਹਾਂ ਵੱਲੋਂ ਸੱਸ ਨੂੰ ਕੁੱਟਣ ਅਤੇ ਗਾਲੀ ਗਲੋਚ ਦੀਆਂ ਵੀਡੀਓ ਵੇਖੀਆਂ।ਇਕ ਲੜਕੀ/ਨੂੰਹ ਦਾ ਇਵੇਂ ਕਰਨਾ ਉਸ ਬਾਰੇ ਬਹੁਤ ਕੁੱਝ ਦੱਸ ਗਿਆ।ਧੀਆਂ ਨੂੰ ਮੱਤ ਦੇਣੀ ਮਾਪਿਆਂ ਦਾ ਫਰਜ਼ ਹੈ।ਕਿਸੇ ਨੇ ਲਿਖਿਆ ਹੈ,”ਸ਼ਬਦ ਤਾਂ ਕਾਰਤੂਸਾਂ ਨਾਲ ਭਰੇ ਪਿਸਤੌਲ ਵਰਗੇ ਹੁੰਦੇ ਹਨ।”

ਬੋਲਣ ਤੋਂ ਪਹਿਲਾਂ ਅਤੇ ਕੁੱਝ ਕਹਿਣ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ।ਦੂਸਰਿਆਂ ਦੀ ਜ਼ਿੰਦਗੀ ਵਿੱਚ ਝਾਕਣ ਤੋਂ ਪਹਿਲਾਂ ਆਪਣੇ ਅੰਦਰ ਝਾਤ ਜ਼ਰੂਰ ਮਾਰ ਲਵੋ।ਪਰਿਵਾਰਾਂ ਵਿੱਚ ਦੂਰ ਨੇੜੇ ਦੀਆਂ ਰਿਸ਼ਤੇਦਾਰੀਆਂ ਵਿੱਚ, ਆਂਢ ਗੁਆਂਢ ਵਿੱਚ,ਅਜਿਹੇ ਘਟੀਆ ਕਿਸਮ ਦੇ ਲੋਕ ਜ਼ਿੰਦਗੀ ਵਿੱਚ ਜ਼ਰੂਰ ਮਿਲ ਜਾਂਦੇ ਹਨ ਹਰ ਕਿਸੇ ਨੂੰ। ਅਜਿਹੇ ਲੋਕ ਮਾਨਸਿਕ ਤੌਰ ਤੇ ਬੀਮਾਰੀ ਹੁੰਦੇ ਹਨ ਜਾਂ ਆਪਣੀਆਂ ਕਮੀਆਂ ਅਤੇ ਘਾਟਾਂ ਨੂੰ ਢੱਕਦੇ ਹਨ।ਹਾਂ,ਇੰਨਾ ਨੂੰ ਪੁੱਛਣ ਜਾਂ ਕੁੱਝ ਕਹਿਣ ਨਾਲੋਂ ਇੰਨਾ ਤੋਂ ਜਿੰਨੀ ਕੁ ਦੂਰੀ ਸੰਭਵ ਹੋਵੇ ਬਣਾ ਲਵੋ।ਇਹ ਗੰਦਗੀ ਦਾ ਢੇਰ ਹੈ ਦੇਵੋਗੇ ਤਾਂ ਬਦਬੂ ਮਾਰੇਗਾ।ਅਜਿਹੇ ਲੋਕਾਂ ਨੂੰ ਵੇਖਕੇ ਸਮਝ ਜਾਉ ਅਤੇ ਸ਼ਬਦਾਂ ਦੀ ਚੋਣ ਜ਼ਰੂਰ ਕਰੋ ਅਤੇ ਬੋਲਣ ਤੋਂ ਪਹਿਲਾਂ ਵਿਚਾਰ ਜ਼ਰੂਰ ਲਵੋ।

ਪ੍ਰਭਜੋਤ ਕੌਰ ਢਿੱਲੋਂ

ਮੁਹਾਲੀ  

 

Previous articleਜਿਲ੍ਹੇ ਦੇ ਸਕੂਲ ਆਫ਼ ਐਮੀਨੈਂਸ ਵਜੋਂ ਅਪਗ੍ਰੇਡ ਕੀਤੇ ਸਕੂਲਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਸ਼ੁਰੂ
Next articleਫਾਲਕਨ ਇੰਟਰਨੈਸ਼ਨਲ ਸਕੂਲ ‘ਚ ਸੀਨੀਅਰ ਵਿਦਿਆਰਥੀਆਂ ਨੂੰ ਦਿੱਤੀ ਫੇਅਰਵੈੱਲ ਪਾਰਟੀ