(ਸਮਾਜ ਵੀਕਲੀ)
ਸਕੂਲ ਤੋਂ ਘਰ ਪਹੁੰਚਦਿਆਂ ਹੀ ਮੈਂ ਪਰਸ ਰੱਖ ਰਸੋਈ ਵੱਲ ਹੋ ਗਈ। ਫੁਲਕਾ ਲਾਹੁੰਦਿਆਂ ਬੀਜੀ ਨੇ ਕਿਹਾ,’ ਪੁੱਤ ਤੇਰਾ ਫੋਨ ਵੱਜੀ ਜਾਂਦਾ, ਮੈਂ ਕਿਹਾ,’ ਤੁਸੀਂ ਗਰਮ ਗਰਮ ਰੋਟੀ ਖਾਓ।ਇਹ ਤਾਂ ਐਵੈ ਵੱਜੀ ਜਾਂਦਾ।’ ਪਰ ਜਦੋਂ ਲਗਾਤਾਰ ਤਿੰਨ ਚਾਰ ਵਾਰ ਫੋਨ ਦੀ ਘੰਟੀ ਵੱਜੀ ਤਾਂ ਮੈਂ ਦੇਖਿਆ ਪ੍ਰਿੰਸੀਪਲ ਮੈਡਮ ਦਾ ਫੋਨ ਸੀ। ਮੈਂ ਹੱਥ ਧੋ ਫਟਾਫਟ ਫੋਨ ਕੀਤਾ। ਮੈਡਮ ਪ੍ਰੇਸ਼ਾਨ ਜਿਹੇ ਬੋਲੇ,’ ਤੁਹਾਡੀ ਕਲਾਸ ਦੀ ਅਸੀਸ ਘਰ ਨਹੀਂ ਪਹੁੰਚੀ। ਓਹਦੇ ਘਰ ਤੋਂ ਤਿੰਨ ਫੋਨ ਆ ਚੁੱਕੇ ਨੇ।’ ਮੈਂ ਤੁਰੰਤ ਦਸਿਆ ਕਿ ਅਸੀਸ ਤਾਂ ਅੱਜ ਸਕੂਲ ਆਈ ਹੀ ਨਹੀਂ। ਹੁਣ ਮੈਨੂੰ ਵੀ ਫ਼ਿਕਰ ਹੋਣ ਲੱਗਾ।
ਮੈਂ ਮੈਡਮ ਨੂੰ ਕਿਹਾ ਕਿ ਮੈਂ ਹੀ ਉਸਦੇ ਘਰ ਗੱਲ ਕਰਦੀ ਹਾਂ।ਫੋਨ ਅਸੀਸ ਦੀ ਮਾਂ ਨੇ ਚੁੱਕਿਆ।ਉਹਨਾਂ ਕਿਹਾ ਕਿ ਅਸੀਸ ਅਜੇ ਘਰ ਨਹੀਂ ਪਹੁੰਚੀ ਤੇ ਉਸਦੇ ਨਾਲ ਦੇ ਸਾਰੇ ਬੱਚੇ ਘਰ ਆ ਗਏ ਹਨ। ਮੈਂ ਜਦੋਂ ਓਹਨਾਂ ਨੂੰ ਦਸਿਆ ਕਿ ਅਸੀਸ ਅੱਜ ਸਕੂਲ ਹੀ ਨਹੀਂ ਆਈ ਤਾਂ ਉਹ ਹੋਰ ਵੀ ਪ੍ਰੇਸ਼ਾਨ ਹੋ ਗਏ। ਉਹਨਾਂ ਮੁਤਾਬਿਕ ਅਸੀਸ ਸਕੂਲ ਲਈ ਤਿਆਰ ਹੋ, ਕਿਤਾਬਾਂ ਲੈ ਘਰੋ ਸਕੂਲ ਲਈ ਗਈ ਸੀ। ਮੇਰਾ ਮਨ ਕਿਸੇ ਅਣਹੋਣੀ ਦੇ ਡਰ ਨਾਲ ਕੰਬ ਉੱਠਿਆ। ਮੈਂ ਉਹਨਾਂ ਨੂੰ ਉਸਦੀਆਂ ਸਹੇਲੀਆਂ ਤੋਂ ਪਤਾ ਕਰਨ ਸੀ ਸਲਾਹ ਦਿੱਤੀ।
ਕਲਾਸ ਰਜਿਸਟਰ ਵਿੱਚ ਅੱਜ ਅਸੀਸ ਦੀ ਗੈਰ ਹਾਜ਼ਰੀ ਲੱਗੀ ਹੋਈ ਸੀ। ਇਸ ਗੱਲ ਨੇ ਵੀ ਮੈਨੂੰ ਹੌਂਸਲਾ ਦਿੱਤਾ। ਅਸੀਸ ਹੁਸ਼ਿਆਰ ਤੇ ਸਾਊ ਕੁੜੀ ਸੀ। ਕਿਸੇ ਗਲਤ ਹਰਕਤ ਦੀ ਉਮੀਦ ਮੈਨੂੰ ਉਸ ਤੋਂ ਨਹੀਂ ਸੀ। ਫਿਰ ਮੈਂ ਉਸਦੀਆਂ ਸਹੇਲੀਆਂ ਨੂੰ ਫੋਨ ਕੀਤਾ ਤਾਂ ਪਤਾ ਲੱਗਾ ਕੀ ਆਸੀਸ ਕੁਝ ਦਿਨਾਂ ਤੋਂ ਕਾਫ਼ੀ ਪ੍ਰੇਸ਼ਾਨ ਸੀ। ਉਸਦੇ ਮੰਮੀ ਦਾ ਫੋਨ ਆ ਗਿਆ ਕਿ ਉਹ ਕਿਸੇ ਸਹੇਲੀ ਦੇ ਨਾਲ ਨਹੀਂ ਹੈ। ਮੈਂ ਉਹਨਾਂ ਤੋਂ ਪੁੱਛਿਆ ਕਿ ਅਸੀਸ ਕੁਝ ਪ੍ਰੇਸ਼ਾਨ ਤਾਂ ਨਹੀਂ ਸੀ? ਇਸ ਗੱਲ ਦਾ ਉਹਨਾਂ ਕੋਈ ਜਵਾਬ ਨਾ ਦਿੱਤਾ।
ਰਾਤ ਬੀਤ ਗਈ। ਪਰ ਬਹੁਤ ਲੰਬੀ ਰਾਤ ਸੀ। ਮੇਰਾ ਮਨ ਅਸੀਸ ਕਰਕੇ ਪ੍ਰੇਸ਼ਾਨ ਸੀ। ਉਸਦੇ ਮਾਪਿਆਂ ਨੇ ਪੁਲਿਸ ਨਾਲ ਵੀ ਰਾਬਤਾ ਬਣਾਇਆ ਸੀ।ਪੁਲਿਸ ਨੇ ਵੀ ਕੁਝ ਸਮਾਂ ਇੰਤਜ਼ਾਰ ਕਰਨ ਦੀ ਸਲਾਹ ਦਿੱਤੀ ਸੀ। ਅਗਲੇ ਦਿਨ ਸਕੂਲ ਜਾਂਦਿਆ ਹੀ ਮੈਂ ਅਸੀਸ ਦੀਆਂ ਸਹੇਲੀਆਂ ਨੂੰ ਬੁਲਾ ਲਿਆ। ਸਵਾਲ ਜਵਾਬ ਨਾਲ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਤੇ ਕੋਈ ਪ੍ਰੇਮ ਸੰਬੰਧ ਦਾ ਚੱਕਰ ਤਾਂ ਨਹੀਂ। ਅਜਿਹਾ ਕੁਝ ਕਿਸੇ ਨੂੰ ਪਤਾ ਨਹੀਂ ਸੀ
ਅਸੀਸ ਸਮਝਦਾਰ ਤੇ ਸੰਵੇਦਨਸ਼ੀਲ ਬੱਚੀ ਸੀ ਇਸੇ ਕਰਕੇ ਚਿੰਤਾ ਵੀ ਜ਼ਿਆਦਾ ਸੀ। ਅਸੀਸ ਦੀ ਇਕ ਸਹੇਲੀ ਨੇ ਦੱਸਿਆ ਕਿ ਅਸੀਸ ਦੇ ਪਿਤਾ ਨਸ਼ੇ ਦੇ ਆਦੀ ਸਨ ਤੇ ਘਰ ਵਿੱਚ ਬਹੁਤ ਤਨਾਵ ਰਹਿੰਦਾ ਸੀ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦੀ ਸੀ। ਪਿਤਾ ਦਾ ਮਾਂ ਤੇ ਹੱਥ ਚੁੱਕਣਾ ਉਸ ਤੋਂ ਬਰਦਾਸ਼ਤ ਨਾ ਹੁੰਦਾ। ਮੈਨੂੰ ਅਸੀਸ ਦੀ ਹੋਰ ਫ਼ਿਕਰ ਹੋਣ ਲੱਗੀ।ਉਸ ਲੜਕੀ ਨੇ ਅਸੀਸ ਦਾ ਮੋਬਾਈਲ ਨੰਬਰ ਦਸਿਆ। ਪ੍ਰਿੰਸੀਪਲ ਮੈਡਮ ਦਾ ਭਰਾ ਪੁਲਿਸ ਅਧਿਕਾਰੀ ਸੀ। ਮੈਡਮ ਨੇ ਉਸਦੀ ਮੱਦਦ ਨਾਲ ਅਸੀਸ ਦਾ ਪਤਾ ਕਰਵਾਉਣ ਦਾ ਸੋਚਿਆ। ਸਾਰੀ ਗੱਲ ਉਹਨਾਂ ਪੁਲਿਸ ਨੂੰ ਦੱਸੀ ਤੇ ਇਸ ਨੂੰ ਗੁਪਤ ਰੱਖਣ ਦਾ ਵਾਦਾ ਵੀ ਲਿਆ।
ਮਨ ਬਹੁਤ ਪ੍ਰੇਸ਼ਾਨ ਸੀ। ਨਾ ਸਕੂਲ ਵਿੱਚ ਮਨ ਲਗਿਆ ਨਾ ਘਰ ਆ ਕੇ। ਪਤੀ ਤੇ ਬੱਚੇ ਬਾਰ ਬਾਰ ਪੁੱਛ ਰਹੇ ਸੀ ਪ੍ਰੇਸ਼ਾਨੀ ਦਾ ਕਾਰਣ। ਕੀ ਦੱਸਦੀ। ਆਪਣੀ ਬੱਚਿਆ ਵਰਗੀ ਅਸੀਸ ਬਾਰੇ ਦੱਸਣ ਦਾ ਮਨ ਹੀ ਨਹੀਂ ਸੀ। ਬੀਜੀ ਨੂੰ ਪਤਾ ਸੀ। ਉਹ ਵੀ ਹੌਲੀ ਜਿਹੀ ਕਈ ਵਾਰ ਪੁੱਛ ਚੁੱਕੇ ਸਨ ਕਿ ਕੁਝ ਪਤਾ ਲੱਗਾ ਕਿ ਨਹੀਂ।
ਸਭ ਤੋਂ ਜਿਆਦਾ ਦੁੱਖ ਇਸ ਗੱਲ ਦਾ ਸੀ ਕਿ ਕਈ ਅਧਿਆਪਕਾਂ ਨੇ ਅਸੀਸ ਬਾਰੇ ਗਲਤ ਸ਼ਬਦ ਇਸਤੇਮਾਲ ਕੀਤੇ। ਰੀਤ ਮੈਡਮ ਦਾ ਕਹਿਣਾ ਕਿਸੇ ਯਾਰ ਨਾਲ ਭੱਜ ਗਈ ਹੋਣੀ ਬੜਾ ਚੁੱਭਿਆ ਸੀ।ਅਸੀਂ ਕਿਸੇ ਦੇ ਧੀ ਭੈਣ ਬਾਰੇ ਬਿਨਾਂ ਸੋਚੇ ਸਮਝੇ ਕੁਝ ਵੀ ਬੋਲ ਦਿੰਦੇ ਹਾਂ। ਇਕ ਔਰਤ ਦੀ ਇਸ ਸੋਚ ਤੇ ਮੈਨੂੰ ਸ਼ਰਮ ਆ ਰਹੀ ਸੀ। ਧੀਆਂ ਭੈਣਾਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਕੁਝ ਪੁਰਸ਼ ਤੇ ਇਸਤਰੀ ਅਧਿਆਪਕਾਂ ਦਾ ਮੁਸਕੜੀ ਹੱਸਣਾ ਵੀ ਮੈਨੂੰ ਚੁੱਭ ਰਿਹਾ ਸੀ। ਕਿਉਂ ਸਾਨੂੰ ਕਿਸੇ ਬੱਚੀ ਵਿੱਚ ਆਪਣੀ ਬੱਚੀ ਨਜ਼ਰ ਨਹੀਂ ਆਉਂਦੀ
ਧਿਆਨ ਫੋਨ ਵਿੱਚ ਹੀ ਦੀ।ਪ੍ਰਿੰਸੀਪਲ ਮੈਡਮ ਦਾ ਫੋਨ ਆਇਆ ਕਿ ਅਸੀਸ ਮਿਲ ਗਈ ਹੈ ਤੇ ਮਹਿਲਾ ਪੁਲਿਸ ਉਸਨੂੰ ਲੈ ਕੇ ਆ ਰਹੀ ਹੈ। ਅਸੀਸ ਦਿੱਲੀ ਬਸ ਅੱਡੇ ਤੋਂ ਮਿਲੀ ਸੀ। ਮੈਂ ਤੁਰੰਤ ਅਸੀਸ ਦੇ ਘਰ ਵੱਲ ਤੁਰ ਪਈ। ਮਨ ਵਿੱਚ ਕਈ ਉਤਾਰ ਚੜਾ ਆ ਰਹੇ ਸੀ।ਅਸੀਸ ਨੂੰ ਲੈ ਕੇ ਮਹਿਲਾ ਪੁਲਿਸ ਉਸਦੇ ਘਰ ਪਹੁੰਚ ਗਈ। ਮੈਨੂੰ ਵੇਖਦਿਆਂ ਹੀ ਅਸੀਸ ਮੇਰੇ ਗੱਲ ਨਾਲ ਲੱਗ ਰੋਣ ਲੱਗ ਪਈ। ਮੈਂ ਉਸਨੂੰ ਚੁੱਪ ਕਰਵਾਇਆ।
ਮਹਿਲਾ ਹਵਾਲਦਾਰ ਨੇ ਦੱਸਿਆ ਕਿ ਇਹ ਬਦਹਵਾਸ ਦਿੱਲੀ ਬਸ ਸਟੈਂਡ ਤੇ ਖੜੀ ਸੀ। ਇਸ ਕੋਲ ਇਕ ਸਹੇਲੀ ਦਾ ਪਤਾ ਸੀ ਜਿਸਨੇ ਇਸ ਨਾਲ ਫੋਨ ਤੇ ਗੱਲ ਕੀਤੀ ਸੀ। ਅਸੀਸ ਨੇ ਦੱਸਿਆ ਕਿ ਉਹ ਪਿਤਾ ਦੇ ਵਿਹਾਰ ਤੋਂ ਪ੍ਰੇਸ਼ਾਨ ਸੀ । ਨੀਨਾ ਹੋ ਪਹਿਲਾਂ ਉਸਦੇ ਘਰ ਕੋਲ ਰਹਿੰਦੀ ਸੀ ਤੇ ਹੁਣ ਦਿੱਲੀ ਵਿਆਹੀ ਗਈ ਸੀ ਤੇ ਉਸਨੂੰ ਆਪਣੇ ਕੋਲ ਆ ਜਾਣ ਨੂੰ ਕਿਹਾ। ਅਸੀਸ ਉਥੇ ਜਾ ਆਪਣੇ ਪੈਰਾਂ ਤੇ ਖੜੇ ਹੋ ਕੇ ਮਾਂ ਨੂੰ ਨਾਲ ਲੈ ਜਾਣਾ ਚਾਹੁੰਦੀ ਸੀ । ਨੀਨਾ ਨੇ ਅਸੀਸ ਦੀ ਪ੍ਰੇਸ਼ਾਨੀ ਸਮਝ ਉਸਨੂੰ ਕੰਮ ਦਵਾਉਣ ਦਾ ਵਾਦਾ ਕੀਤਾ ਸੀ।
ਮੈਨੂੰ ਅਸੀਸ ਦਾ ਦਰਦ ਮਹਿਸੂਸ ਹੋ ਰਿਹਾ ਸੀ। ਹੁਣ ਅਸੀਸ ਦੀ ਮਾਂ ਵੀ ਫੁੱਟ ਫੁੱਟ ਤੋਂ ਲੱਗੀ। ਉਸ ਦਸਿਆ ਕਿ ਪਿਤਾ ਮਰ ਕੁੱਟ ਕਰਦਾ ਤੇ ਅਸੀਸ ਨੂੰ ਬੋਝ ਦੱਸਦਾ। ਇਹ ਸਭ ਨੇ ਅਸੀਸ ਨੂੰ ਤੋੜ ਦਿੱਤਾ ਸੀ। ਨਿਆਣ ਬੁੱਧੀ ਵਿੱਚ ਉਸਨੇ ਦਿੱਲੀ ਆਪਣੀ ਸਹੇਲੀ ਕੋਲ ਜਾਂ ਦਾ ਫੈਸਲਾ ਕਰ ਲਿਆ। ਮੈਂ ਅਸੀਸ ਨੂੰ ਬਹੁਤ ਪਿਆਰ ਨਾਲ ਸਮਝਾਇਆ। ਪ੍ਰਿੰਸੀਪਲ ਮੈਡਮ ਨਾਲ ਗੱਲ ਕਰ ਅਸੀਸ ਦੀ ਮਾਂ ਨੂੰ ਸਕੂਲ ਵਿੱਚ ਮਿਡ ਡੇਅ ਮੀਲ ਵਿੱਚ ਹੈਲਪਰ ਲਗਵਾਉਣ ਦਾ ਵਾਦਾ ਕੀਤਾ। ਅਸੀਸ ਦੀਆਂ ਅੱਖਾਂ ਚੋ ਪਰਲ ਪਰਲ ਹੰਝੂ ਵਹਿ ਰਹੇ ਸੀ। ਮੈਂ ਉਸਨੂੰ ਘੁੱਟ ਕੇ ਨਾਲ ਲਾਇਆ ਤੇ ਹੌਂਸਲਾ ਦਿੱਤਾ।
ਘਰ ਆਉਂਦਿਆ ਮੈਂ ਸੋਚ ਰਹੀ ਸੀ ਕਿ ਘਰੇਲੂ ਜੀਵਨ ਦੀਆਂ ਪ੍ਰੇਸ਼ਾਨੀਆਂ ਬੱਚਿਆਂ ਤੇ ਕਿੰਨਾ ਅਸਰ ਪਾਉਂਦੀਆਂ ਹਨ।ਉਹਨਾਂ ਅਧਿਆਪਕਾਂ ਤੇ ਵੀ ਗੁੱਸਾ ਆ ਰਿਹਾ ਸੀ ਜੋ ਬਿਨਾਂ ਸੱਚ ਜਾਣੇ ਅਸੀਸ ਦੀ ਕਿਰਦਾਰਕੁਸ਼ੀ ਕਰ ਰਹੇ ਸੀ।ਸੋਚ ਰਹੀ ਸੀ ਸਾਨੂੰ ਸੰਵੇਦਨਸ਼ੀਲਤਾ ਨਾਲ ਆਪਣੇ ਵਿਦਆਰਥੀਆਂ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਤੇ ਓਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ। ਇਕ ਅਧਿਆਪਕ ਆਮ ਆਦਮੀ ਵਾਂਗ ਵਰਤਾਓ ਨਹੀਂ ਕੇ ਸਕਦਾ। ਇਸ ਤਰ੍ਹਾਂ ਹੀ ਓਹ ਸਮਾਜ ਨੂੰ ਸੇਧ ਦੇ ਸਕਦਾ ਹੈ। ਜ਼ਰੂਰਤ ਹੈ ਇਹਨਾਂ ਬੱਚਿਆਂ ਨੂੰ ਆਪਣੇ ਬੱਚੇ ਸਮਝਣ ਦੀ।
ਹਰਪ੍ਰੀਤ ਕੌਰ ਸੰਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly