ਮੁਟਿਆਰਾਂ

ਸੁਰਜੀਤ ਸਿੰਘ ਲਾਂਬੜਾ

(ਸਮਾਜ ਵੀਕਲੀ)

ਅੱਜ ਸੋਹਲ ਨਹੀਂ ਮੁਟਿਆਰਾਂ ਦੇਸ ਪੰਜਾਬ ਦੀਆਂ
ਇਹ ਖਿੜੀਆਂ ਨੇ ਗੁਲਜ਼ਾਰਾਂ ਦੇਸ ਪੰਜਾਬ ਦੀਆਂ

ਕਦੇ ਪੰਜਾਬਣ ਤੜਕੇ ਉੱਠ ਸੀ ਦਹੀਂ ਨੂੰ ਦੇਂਦੀ ਗੇੜੇ
ਗੋਰਿਆਂ ਹੱਥਾਂ ਵਿਚ ਨੱਚਦੇ ਸੀ ਗੋਲ਼ ਮੱਖਣ ਦੇ ਪੇੜੇ
ਮੱਝੀਆਂ ਤੇ ਗਾਵਾਂ ਦੇ ਦੁੱਧ ਦੀਆਂ ਨਿੱਤ ਕੱਢਦੀ ਸੀ ਧਾਰਾਂ
ਦੇਸ ਪੰਜਾਬ ਦੀਆਂ….

ਰੋਟੀ-ਟੁੱਕ ਮੁਕਾ ਟੱਬਰ ਦਾ ਕਰਦੀ ਕੰਮ ਬਥੇਰੇ
ਲਿੱਪਦੀ ਚੁੱਲ੍ਹੇ ਚੌਂਕੇ, ਕੰਧਾਂ, ਕੋਠੇ ਅਤੇ ਬਨੇਰੇ
ਜਾਣ ਕੇ ਅਬਲਾ ਨਾਲ ਸੀ ਉਸਦੇ ਕਰਦੇ ਕਈ ਤਕਰਾਰਾਂ
ਦੇਸ ਪੰਜਾਬ ਦੀਆ…

ਅੱਜ ਪੰਜਾਬਣ ਪੜ੍ਹ ਲਿਖ ਕੇ ਕਈ ਕਰਦੀ ਦੂਰ ਹਨੇਰੇ
ਜ਼ਿੰਦਗੀ ਵਿਚੋਂ ਰਾਤ ਗੁਜ਼ਰ ਗਈ, ਚੜ੍ਹ ਗਏ ਸੋਨ ਸਵੇਰੇ
ਹਰ ਪਲ ਸੋਚਾਂ ਦੇ ਵਿਚ ਰਹਿੰਦੀ ਕਿਵੇਂ ਭਵਿੱਖ ਸਵਾਰਾਂ
ਦੇਸ ਪੰਜਾਬ ਦੀਆਂ …

ਵਿਚ ਪ੍ਰਦੇਸਾਂ ਜੀਅ ਨਹੀਂ ਲਗਦਾ, ਅਪਣਾ ਵਤਨ ਪਿਆਰਾ
ਪੜ੍ਹ ਲਿਖ ਕੇ ਰੁਜ਼ਗਾਰ ਨਾ ਮਿਲਿਆ, ਹੁੰਦਾ ਕਿਵੇਂ ਗੁਜ਼ਾਰਾ
ਸਾਡੇ ਬਾਰੇ ਸੋਚਿਆ ਨਾ ਕਦੇ ਸਮੇਂ ਦੀਆਂ ਸਰਕਾਰਾਂ
ਦੇਸ ਪੰਜਾਬ ਦੀਆਂ …

ਦੇਖਣ ਨੂੰ ਅਣਭੋਲ਼ ਨੇ ਐਪਰ ਦਿਲ ਦੀਆਂ ਬਹੁਤ ਦਲੇਰ
ਦੁਸ਼ਮਨ ਕੋਈ ਵੰਗਾਰੇ ਆਪਣਾ ਮੁੱਖੜਾ ਉਸ ਵੱਲ ਫੇਰ
ਰੋਹ ਵਿਚ ਆ ਕੇ ਇੰਜ ਦਿਸਣ ਜਿਵੇਂ ਲਿਸ਼ਕਦੀਆਂ ਤਲਵਾਰਾਂ
ਦੇਸ ਪੰਜਾਬ ਦੀਆਂ …

ਸੱਤ ਸਮੁੰਦਰੋਂ ਪਾਰ ਵੀ ਜਾ ਕੇ ਵੱਡੀਆਂ ਮੱਲਾਂ ਮਾਰਨ
ਸਰ ਕਰ ਕੇ ਹਰ ਮੁਸ਼ਕਲ ਤਾਈਂ ਨਾ ਇਹ ਕਿਸੇ ਤੋਂ ਹਾਰਨ
‘ਲਾਂਬੜਾ’ ਸਿਫ਼ਤ ਇਨ੍ਹਾਂ ਦੀ ਕਰਦਾ ਇਹ ਸਿਦਕੀ ਨੇ ਨਾਰਾਂ
ਦੇਸ਼ ਪੰਜਾਬ ਦੀਆਂ …

ਸੁਰਜੀਤ ਸਿੰਘ ਲਾਂਬੜਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇ ਮੌਸਮਾਂ ਮੀਂਹ
Next articleਏਹੁ ਹਮਾਰਾ ਜੀਵਣਾ ਹੈ – 242