(ਸਮਾਜ ਵੀਕਲੀ) ਭਲੂਰ/ਬੇਅੰਤ ਗਿੱਲ:-ਕਿਸਾਨ ਯੂਨੀਅਨ ਲੱਖੋਵਾਲ ਦੇ ਸਰਗਰਮ ਮੈਂਬਰ ਸਰਦਾਰ ਬਲਜੀਤ ਸਿੰਘ ਬਰਾੜ ਦੇ ਸਤਿਕਾਰਤ ਮਾਤਾ ਸਰਦਾਰਨੀ ਗਿਆਨ ਕੌਰ ਪਤਨੀ ਸ. ਜਰਨੈਲ ਸਿੰਘ ਬਰਾੜ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਇਸ ਸਮੇਂ ਉਹ 70 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਅਚਾਨਕ ਵਿਛੋੜਾ ਦੇ ਜਾਣ ਨਾਲ ਸਪੁੱਤਰ ਸਰਦਾਰ ਬਲਜੀਤ ਸਿੰਘ ਬਰਾੜ, ਨੂੰਹ ਕੁਲਵਿੰਦਰ ਕੌਰ, ਪੋਤਰੇ ਗੁਰਮਹਿਕ ਸਿੰਘ, ਧੀਆਂ ਜਵਾਈ ਕੁਲਵੰਤ ਕੌਰ-ਜਸਵੀਰ ਸਿੰਘ, ਭੁਪਿੰਦਰ ਕੌਰ-ਬਲਜੀਤ ਸਿੰਘ ਅਤੇ ਹੋਰ ਰਿਸ਼ਤੇਦਾਰ ਤੇ ਸਮੁੱਚੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ ਹੈ। ਇਸ ਮੌਕੇ ਕਿਸਾਨ ਯੂਨੀਅਨ ਲੱਖੋਵਾਲ ਇਕਾਈ ਭਲੂਰ ਦੇ ਪ੍ਰਧਾਨ ਸਰਦਾਰ ਅਮਰਜੀਤ ਸਿੰਘ ਜਟਾਣਾ, ਸੀਨੀਅਰ ਆਗੂ ਨਿਰਮਲ ਸਿੰਘ ਵਿਰਕ, ਕੋਆਪਰੇਟਿਵ ਸੁਸਾਇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਉਰਫ਼ ਭਿੰਦਾ ਭਾਊ, ਗੁਰਦੁਆਰਾ ਸਤਿਸੰਗ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸਰਦਾਰ ਮਲਕੀਤ ਸਿੰਘ ਜਟਾਣਾ, ਸਰਦਾਰ ਜਸਪਾਲ ਸਿੰਘ ਪਾਲ ਬਾਬਾ, ਸਰਦਾਰ ਜਗਰੂਪ ਸਿੰਘ ਖ਼ਾਲਸਾ, ਸਰਪੰਚ ਅਰਸ਼ਵਿੰਦਰ ਸਿੰਘ ਵਿਰਕ ਅਤੇ ਨੌਜਵਾਨ ਜੱਸੀ ਰੋਡਿਆਂ ਵਾਲੇ ਨੇ ਕਿਹਾ ਕਿ ਪਰਿਵਾਰ ਦੇ ਮੁਖੀ ਦਾ ਚਲੇ ਜਾਣਾ ਪਰਿਵਾਰ ਵਿੱਚ ਇਕ ਵੱਡਾ ਖਲਾਅ ਪੈਦਾ ਕਰਦਾ ਹੈ ਅਤੇ ਪਰਿਵਾਰ ਲਈ ਇਹ ਘਾਟਾ ਅਸਹਿ ਹੁੰਦਾ ਹੈ। ਮਾਂ ਗਿਆਨ ਕੌਰ ਦਾ ਤੁਰ ਜਾਣਾ ਉਸਦੇ ਪੁੱਤ ਧੀਆਂ ਲਈ ਇਕ ਗਹਿਰਾ ਸਦਮਾ ਹੈ।। ਇਸ ਮੌਕੇ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ 35 ਅੱਖਰ ਲੇਖਕ ਮੰਚ ਭਲੂਰ’ ਦੇ ਨੁਮਾਇੰਦਿਆਂ ਨੇ ਕਿਹਾ ਕਿ ਮਾਂ ਦਾ ਵਿਛੜ ਜਾਣਾ ਵਧੇਰੇ ਗ਼ਮਗੀਨ ਕਰਦਾ ਹੈ। ਮਾਂ ਦੀ ਸਾਂਝ ਸਭ ਸਾਂਝਾਂ ਤੋਂ ਨਿਰਾਲੀ ਤੇ ਗੂੜ੍ਹੀ ਹੈ। ਜਦੋਂ ਕੋਈ ਮੂੰਹ ‘ਚੋਂ ਮਾਂ ਆਖਦਾ ਹੈ ਤਾਂ ਚੁਫੇਰਾ ਮਹਿਕ ਉੱਠਦਾ ਹੈ। ‘ਮਾਂ ਸ਼ਬਦ’ ਸਾਨੂੰ ਕਿੰਨੀਆਂ ਹੀ ਮੁਸ਼ਕਿਲਾਂ ‘ਚੋਂ ਬਾਹਰ ਕੱਢ ਦੇਣ ਦੀ ਜੁਅਰੱਤ ਰੱਖਦਾ ਹੈ। ਮਾਂ ਦੀ ਮਹਿਮਾ ਭਾਵੇਂ ਕਿੰਨੇ ਹੀ ਕਵੀਆਂ ਨੇ ਲਿਖੀ ਹੈ ਪਰ ਅਸੀਂ ਮਾਂ ਨੂੰ ਸ਼ਬਦਾਂ ਰਾਹੀਂ ਵੀ ਵਡਿਆ ਨਹੀਂ ਸਕਦੇ। ਮਾਂ ਦੁਨੀਆਂ ਦਾ ਉਹ ਵਿਸ਼ਾਲ ਬਿਰਖ਼ ਹੈ, ਜਿਹੜਾ ਕਿੰਨੀਆਂ ਹੀ ਰੁੱਤਾਂ ਦੀ ਸਰਦੀ ਗਰਮੀ ਸਹਾਰ ਕੇ ਹਮੇਸ਼ਾ ਸਾਨੂੰ ਮਹਿਫੂਜ਼ ਰੱਖਦਾ ਹੈ। ਤਿੱਖੜ ਦੁਪਹਿਰੇ ਜਰ ਕੇ ਛਾਂਵਾਂ ਦਿੰਦਾ ਹੈ। ਇਕ ਅੱਖਰ ਦਾ ਛੋਟਾ ਜਿਹਾ ਸ਼ਬਦ ਹੈ ਮਾਂ, ਪਰ ਇਸਦੀ ਪਰਿਭਾਸ਼ਾ ਅਸੀਮ ਹੈ।ਆਦਿ ਕਾਲ ਤੋਂ ਹੀ ਮਾਂ ਤਿਆਗ, ਪਿਆਰ, ਮੁਹੱਬਤ ਤੇ ਮਮਤਾ ਦੀ ਮੂਰਤ ਰਹੀ ਹੈ। ਮਾਂ ਦੇ ਰੋਮ ਰੋਮ ਵਿਚ ਬੱਚੇ ਲਈ ਇਕੋ ਸਾਰ ਫ਼ਿਕਰ ,ਦਰਦ ਤੇ ਚਾਅ ਮਲ੍ਹਾਰ ਦਾ ਦਰਿਆ ਵਗਦਾ ਹੈ। ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਬੱਚੇ ਦਾ ਰਿਸ਼ਤਾ ਮਾਂ ਨਾਲ ਜੁੜ ਜਾਂਦਾ ਹੈ। ਇਸ ਮੌਕੇ ਸਰਦਾਰ ਬਲਜੀਤ ਸਿੰਘ ਬਰਾੜ ਅਤੇ ਸਰਦਾਰ ਮਲਕੀਤ ਸਿੰਘ ਜਟਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਗਿਆਨ ਕੌਰ ਨਮਿੱਤ ਪਾਠ ਦਾ ਭੋਗ ਮਿਤੀ 11 ਮਾਰਚ 2025 ਦਿਨ ਮੰਗਲਵਾਰ ਨੂੰ ਗੁਰਦੁਆਰਾ ਸਤਿਸੰਗ ਸਾਹਿਬ ਪਿੰਡ ਭਲੂਰ (ਮੋਗਾ) ਵਿਖੇ 12 ਤੋਂ 1 ਵਜੇ ਵਿਚਕਾਰ ਹੋਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj