ਨੌਜਵਾਨ ਅਰਸ਼ਵਿੰਦਰ ਸਿੰਘ ਅਰਸ਼ ਵਿਰਕ ਦੇ ਸਿਰ ਸਜਿਆ ਭਲੂਰ ਦੀ ਸਰਪੰਚੀ ਦਾ ਤਾਜ

ਅਰਸ਼ ਦੀ ਜਿੱਤ ਇਤਿਹਾਸਕ ਜਿੱਤ ਹੈ_ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ 
ਭਲੂਰ/ਬੇਅੰਤ ਗਿੱਲ (ਸਮਾਜ ਵੀਕਲੀ) 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਹਲਕਾ ਬਾਘਾਪੁਰਾਣਾ ਦੇ ਇੱਕਾ ਦੁੱਕਾ ਪਿੰਡਾਂ ਨੂੰ ਛੱਡਕੇ ਸਾਰੇ ਪਿੰਡਾਂ ਅੰਦਰ ਬਹੁਤ ਸੁਖਾਵਾਂ ਮਾਹੌਲ ਰਿਹਾ ਹੈ। ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਵਿਚ ਸਰਪੰਚ ਤੇ ਪੰਚ ਚੁਣੇ ਗਏ ਅਤੇ ਇਹਨਾਂ ਜੇਤੂਆਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਿਲ ਹਨ। ਇਸੇ ਤਰ੍ਹਾਂ ਹਲਕੇ ਦੇ ਚਰਚਿਤ ਪਿੰਡ ਭਲੂਰ ਤੋਂ ਸਰਪੰਚ ਦਾ ਉਮੀਦਵਾਰ ਨੌਜਵਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਵੱਡੀ ਲੀਡ ਨਾਲ ਜੇਤੂ ਰਿਹਾ ਹੈ। ਜ਼ਿਕਰਯੋਗ ਹੈ ਕਿ ਉਕਤ ਪਿੰਡ ਭਲੂਰ ਦੀ ਸਰਪੰਚੀ ਨੂੰ ਲੈ ਕੇ ਸਮੁੱਚੇ ਹਲਕੇ ਅੰਦਰ ਪੂਰੀ ਚਰਚਾ ਰਹੀ ਅਤੇ ਹਜ਼ਾਰਾਂ ਲੋਕਾਂ ਦੀਆਂ ਨਿਗਾਹਾਂ ਇਸ ਪਿੰਡ ‘ਤੇ ਟਿਕੀਆਂ ਹੋਈਆਂ ਸਨ। ਇਹ ਮੁਕਾਬਲਾ ਇਸ ਲਈ ਜ਼ਬਰਦਸਤ ਤੇ ਦਿਲਚਸਪ ਰਿਹਾ ਕਿ ਆਮ ਆਦਮੀ ਪਾਰਟੀ ਦੇ ਨੌਜਵਾਨ ਅਰਸ਼ਵਿੰਦਰ ਸਿੰਘ ਨੂੰ ਹਰਾਉਣ ਲਈ ਬਾਦਲਾਂ ਤੇ ਕਾਂਗਰਸੀਆਂ ਨਾਲ ਜੁੜੇ ਲੀਡਰ ਇਕਮੁੱਠ ਹੋ ਕੇ ਚੱਲ ਰਹੇ ਸਨ। ਲੋਕ ਇਹ ਗੱਲ ਸਮਝ ਚੁੱਕੇ ਸਨ ਕਿ ਇਹ ਏਕਤਾ ਪਿੰਡ ਦੇ ਵਿਕਾਸ ਲਈ ਨਹੀਂ, ਬਲਕਿ ਇਕ ਆਮ ਘਰ ਦੇ ਨੌਜਵਾਨ ਨੂੰ ਹਰਾਉਣ ਲਈ ਕੀਤੀ ਗਈ ਹੈ। ਇੱਥੇ ਹੀ ਬਸ ਨਹੀਂ ਨੌਜਵਾਨ ਅਰਸ਼ਵਿੰਦਰ ਸਿੰਘ ਨੂੰ ਹਰਾਉਣ ਲਈ ਇਕ ਵਾਧੂ ਅਰਸ਼ਦੀਪ ਨਾਂਅ ਦੇ ਵਿਆਕਤੀ ਦੇ ਚੁੱਪ ਚਪੀਤੇ ਕਾਗਜ਼ ਭਰੇ ਗਏ, ਤਾਂ ਕਿ ਲੋਕ ਬੈਲਟ ਪੇਪਰ ਦੇ ਪਹਿਲੇ ਸਥਾਨ ‘ਤੇ ‘ਨਕਲੀ ਅਰਸ਼ਦੀਪ’ ਨੂੰ ਹੀ ਵੋਟਾਂ ਪਾਈ ਤੁਰੇ ਜਾਣਗੇ , ਪਰ ਲੋਕਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਆਪ ਪਾਰਟੀ ਦੇ ਅਰਸ਼ਵਿੰਦਰ ਸਿੰਘ ਨੂੰ 1553 ਵੋਟਾਂ ਦਿੱਤੀਆਂ ਅਤੇ ‘ਵਾਧੂ ਅਰਸ਼ਦੀਪ’ ਨੂੰ  ਸਿਰਫ਼ 6 ਵੋਟਾਂ ਦਿੱਤੀਆਂ । ਵਿਰੋਧੀ ਧਿਰ ਦੀਆਂ ਇਹਨਾਂ ਸਾਰੀਆਂ ਗੱਲਾਂ ਨੇ ਲੋਕਾਂ ਨੂੰ ਦੁਖੀ ਤੇ ਪ੍ਰੇਸ਼ਾਨ ਵੀ ਕੀਤਾ,  ਇਹ ਸਾਰੀਆਂ ਗੱਲਾਂ ਪਿੰਡ ਦੇ ਆਮ ਲੋਕਾਂ ਨੂੰ  ਨੌਜਵਾਨ ਅਰਸ਼ਵਿੰਦਰ ਸਿੰਘ ਦੇ ਹੋਰ ਵੀ ਨੇੜੇ ਲੈ ਆਈਆਂ। ਪਿੰਡ ਦੇ ਦਿਹਾੜੀਦਾਰ ਕਿਰਤੀ ਕਾਮਿਆਂ ਨੇ ਵੀ ਨੌਜਵਾਨ ਅਰਸ਼ਵਿੰਦਰ ਸਿੰਘ ਨੂੰ 200/500/1000/ ਕਰਕੇ ਫੰਡ ਦੇਣਾ ਸ਼ੁਰੂ ਕਰ ਦਿੱਤਾ। ਪਿੰਡ ਦੀਆਂ ਮਾਂਵਾਂ ਧੀਆਂ, ਭੈਣਾਂ, ਬੱਚੇ, ਬਜ਼ੁਰਗ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਵਰਗ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਦੀ ਸਪੋਟ ਵਿਚ ਉਤਰ ਆਇਆ। ਇਹ ਚੋਣ ਮੁਹਿੰਮ ਇਕ ਚੋਣ ਲਹਿਰ ਦਾ ਰੂਪ ਧਾਰਨ ਕਰ ਗਈ। ਨੌਜਵਾਨ ਅਰਸ਼ਵਿੰਦਰ ਸਿੰਘ ਨੂੰ ਜਿਤਾਉਣ ਲਈ ਲੋਕ ਆਪ ਮੁਹਾਰੇ ਗਲੀਆਂ ਵਿਚ ਨਿਕਲ ਤੁਰੇ। ਉਸਦੀ ਜਿੱਤ ਲਈ ਅਰਦਾਸ ਬੇਨਤੀਆਂ ਕਰਨ ਲੱਗੇ। ਇੱਥੇ ਇਹ ਗੱਲ ਦੱਸਣੀ ਵੀ ਲਾਜ਼ਮੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਨੌਜਵਾਨ ਅਰਸ਼ਵਿੰਦਰ ਸਿੰਘ ਅਰਸ਼ ਵਿਰਕ ਵੱਲੋਂ ਕੀਤੀ ਮਿਹਨਤ ਵੀ ਵੱਡਾ ਰੰਗ ਲਿਆਈ ਹੈ। ਉਹ ਲੋਕਾਂ ਦੇ ਦੁੱਖ ਸੁੱਖ ਦਾ ਸਾਂਝੀ ਹੋ ਕੇ ਵਿਚਰਿਆ। ਬਗੈਰ ਪੰਚੀ ਸਰਪੰਚੀ ਤੋਂ ਹੀ ਸੀਮਤ ਜਿਹੇ ਸਮੇਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਉਣੇ ਵੀ ਉਸਦਾ ਕੱਦ ਉੱਚਾ ਕਰਦੇ ਗਏ। ਅੱਜ ਉਸਦੀ ਜਿੱਤ ਤੋਂ ਪੰਜਾਬ ਦੇ ਹੋਰ ਲੋਕਾਂ ਨੂੰ ਵੀ ਸਿੱਖਿਆ ਮਿਲਦੀ ਹੈ ਕਿ ਸਰਪੰਚੀ ਪੈਸਿਆਂ ਨਾਲ ਨਹੀਂ, ਸਗੋਂ ਲਿਆਕਤ, ਹਲੀਮੀ, ਸੱਚ, ਇਮਾਨਦਾਰੀ ਅਤੇ ਚੰਗੇ ਕੰਮ ਕਰਨ ਨਾਲ ਮਿਲਦੀ ਹੈ। ਸੋ ਆਮ ਆਦਮੀ ਪਾਰਟੀ ਦੀ ਤਰਫੋਂ ਅਤੇ ਪਿੰਡ ਦੇ ਸਰਬ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਰੇ ਨੌਜਵਾਨ ਅਰਸ਼ਵਿੰਦਰ ਸਿੰਘ ਉਰਫ਼ ਅਰਸ਼ ਵਿਰਕ ਨੂੰ  ਭਲੂਰ ਵਾਸੀਆਂ ਨੇ ਆਪਣਾ ਸਰਪੰਚ ਨਿਯੁਕਤ ਕਰ ਦਿੱਤਾ ਹੈ। ਉਸਨੇ ਬਹੁਤ ਵੱਡੀ  ਸ਼ਾਨਦਾਰ ਜਿੱਤ ਹਾਸਿਲ ਕੀਤੀ ਹੈ। ਉਸਦੀ ਜਿੱਤ ਪਿੰਡ ਦੇ ਪਿਛਲੇ 40 ਸਾਲਾਂ ਦੇ ਸਰਪੰਚੀ ਮੁਕਾਬਲਿਆਂ ਤੋਂ ਨਿਵੇਕਲੀ ਤੇ ਯਾਦਗਾਰੀ ਹੋ ਨਿੱਬੜੀ ਹੈ। ਇਹਨਾਂ ਸਤਰਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਬਾਘਾਪੁਰਾਣਾ ਵਿਧਾਇਕ ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਕਿਹਾ ਕਿ ਅਰਸ਼ਵਿੰਦਰ ਸਿੰਘ ਦੀ ਜਿੱਤ ਇਤਿਹਾਸਕ ਜਿੱਤ ਹੈ।  ਛੋਟੀ ਉਮਰੇ ਵੱਡੇ ਪਹਾੜਾਂ ਅਤੇ ਵਿੰਗੇ ਟੇਡੇ ਰਾਹਾਂ ਨੂੰ ਸਰ ਕਰਕੇ ਸਿਖ਼ਰ ‘ਤੇ ਜਾਣਾ ਸੁਖਾਲਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਉਹ ਅਰਸ਼ਵਿੰਦਰ ਸਿੰਘ ਦੇ ਨਾਲ ਡਟ ਕੇ ਖੜ੍ਹੇ ਹਨ ਅਤੇ ਪਿੰਡ ਭਲੂਰ ਦੇ ਵਿਕਾਸ ਲਈ ਉਸਦਾ ਰੱਜਵਾਂ ਸਾਥ ਦੇਣਗੇ। ਇਸ ਮੌਕੇ ਐੱਮ. ਐੱਲ. ਏ. ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਨੌਜਵਾਨ ਅਰਸ਼ਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਪਿੰਡਾਂ ਦੇ ਨੌਜਵਾਨ ਪਿੰਡਾਂ ਦੀ ਨੁਹਾਰ ਬਦਲਣ ਲਈ ਤਤਪਰ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਵਖਤੋ ਖੁੰਝੀ ਡੂੰਮਣੀ ਵਾਲੇ ਹਲਾਤ ਝੋਨੇ ਦਾ ਸੀਜ਼ਨ
Next articleਮਮਤਾ – ਇੱਕ ਅਹਿਸਾਸ