“ਤੁਮ ਮੁਝੇ ਯੂੰ ਭੁਲਾ ਨਾ ਪਾਓਗੇ”

(ਸਮਾਜ ਵੀਕਲੀ)

“ਤੁਮ ਮੁਝੇ ਯੂੰ ਭੁਲਾ ਨਾ ਪਾਓਗੇ,
ਜਬ ਕਭੀ ਭੀ ਸੁਨੋਗੇ ਗੀਤ ਮੇਰੇ,
ਸੰਗ-ਸੰਗ ਤੁਮ ਭੀ ਗੁਨ-ਗੁਨਾਉਗੇ”
ਆਪਣੇ ਆਖਰੀ ਸਮੇਂ ਚ ਮਹੁੰਮਦ ਰਫੀ ਨੇ ਇਹ ਗੀਤ ਗਾਇਆ ਸੀ ਉਨ੍ਹਾਂ ਵੱਲੋਂ ਗਾਈਆ ਇਹ ਲਾਇਨਾਂ ਬਿਲਕੁਲ ਸੱਚ ਹਨ ਅੱਜ ਵੀ ਕਈ ਦਹਾਕਿਆਂ ਬਾਅਦ ਸਰੋਤੇ ਮਹਾਨ ਪਿੱਠਵਰਤੀ ਗਾਇਕ ਮੁਹੰਮਦ ਰਫੀ ਨੂੰ ਭੁਲਾ ਨਹੀਂ ਸਕੇ ਅਤੇ ਹੁਣ ਵੀ ਉਨ੍ਹਾਂ ਦੇ ਗਾਏ ਗੀਤ ਗੁਣਗੁਣਾਏ ਜਾਂਦੇ ਹਨ। ਕਹਿੰਦੇ ਨੇ ਕਿ ਕਲਾਂ ਹਰ ਇਨਸਾਨ ਦੇ ਵਿੱਚ ਹੈ ਕਈ ਲੋਕ ਇਸ ਨੂੰ ਆਪਣੀ ਮਿਹਨਤ ਸਦਕਾ ਲੋਕਾਂ ਦੇ ਸਾਹਮਣੇ ਪੇਸ਼ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਕਈ ਲੋਕਾ ਦੀ ਕਲਾ ਅੰਦਰ ਹੀ ਦਬ ਕੇ ਰਹਿ ਜਾਂਦੀ ਹੈ ਇਸੇ ਤਰ੍ਹਾਂ ਦੇਸ ਦੇ ਪ੍ਰਸਿੱਧ ਪਿੱਠਵਰਤੀ ਮਹਾਨ ਗਾਇਕ ਮੁਹੰਮਦ ਰਫੀ ਸਾਹਿਬ ਦੀ ਗਾਉਣ ਦੀ ਕਲਾ ਵੀ ਲੋਕਾਂ ਸਾਹਮਣੇ ਉਭਰਕੇ ਸਾਹਮਣੇ ਆਈ। ਉਹ ਦਸਦੇ ਹਨ ਕਿ ਜਦੋਂ ਉਹ ਦਸ-ਬਾਰਾਂ ਸਾਲਾ ਦੇ ਸਨ ਤਾਂ ਉਹਨਾਂ ਦੇ ਮੁਹੱਲੇ ਵਿੱਚ ਇੱਕ ਫਕੀਰ  “ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ”  ਗੀਤ ਗਾ ਕੇ ਭੀਖ ਮੰਗਿਆ ਕਰਦਾ ਸੀ। ਉਸੇ ਦੀ ਨਕਲ ਕਰਦਿਆਂ ਉਹ ਵੀ ਇਸ ਗੀਤ ਨੂੰ ਬਹੁਤ ਸ਼ੌਕ ਨਾਲ ਗਾਇਆ ਕਰਦੇ ਸਨ ਤੇ ਕਈ ਵਾਰ ਉਸ ਫਕੀਰ ਦਾ ਪਿੱਛਾ ਕਰਦੇ ਹੋਏ ਬਹੁਤ ਦੂਰ ਨਿਕਲ ਜਾਂਦੇ ਸਨ। ਉਹਨਾਂ ਨੂੰ ਪਹਿਲੀ ਵਾਰ 13 ਸਾਲ ਦੀ ਉਮਰ ਵਿੱਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿੱਚ ਲਾਹੌਰ ਵਿਖੇ ਉਦੋਂ ਗਾਉਣ ਦਾ ਮੌਕਾ ਮਿਲਿਆ ਜਦ ਲਾਈਟ ਚਲੀ ਜਾਣ ਕਾਰਨ ਸਹਿਗਲ ਨੇ ਗਾਉਣ ਤੋਂ ਇਨਕਾਰ ਕਰ ਦਿੱਤਾ ਤੇ ਪੰਡਾਲ ਵਿੱਚ ਹੰਗਾਮਾ ਮਚ ਗਿਆ। ਇਸ ਵਿਚਕਾਰ ਮੁਹੰਮਦ ਰਫੀ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਗਿਆ। ਜਿਵੇਂ ਹੀ 13 ਸਾਲਾ ਰਫੀ ਨੇ ਗਾਉਣਾ ਸ਼ੁਰੂ ਕੀਤਾ ਤਾਂ ਪੰਡਾਲ ਵਿੱਚ ਉਨ੍ਹਾਂ ਦੀ ਉੱਚੀ ਅਤੇ ਸੁਰੀਲੀ ਆਵਾਜ਼ ਸੁਣ ਕੇ ਦਰਸ਼ਕ ਹੈਰਾਨ ਰਹਿ ਗਏ। ਉਨ੍ਹਾਂ ਦੇ ਗਾਉਣ ਤੋਂ ਖੂਬ ਤਾੜੀਆਂ ਵੱਜਦੀਆਂ ਰਹੀਆਂ। ਰਫੀ ਸਾਹਿਬ ਦਾ ਜਨਮ ਅੰਮ੍ਰਿਤਸਰ ਦੇ ਲਾਗੇ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ 24 ਦਸੰਬਰ 1924 ਨੂੰ ਇੱਕ ਸਾਧਾਰਨ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਹਾਜੀ ਅਲੀ ਮੁਹੰਮਦ ਇੱਕ ਬਹੁਤ ਹੀ ਨੇਕ ਬਿਰਤੀ ਵਾਲੇ ਇਨਸਾਨ ਸਨ। ਮੁਹੰਮਦ ਰਫੀ ਛੇ ਭਰਾਵਾਂ ਵਿੱਚੋਂ ਦੂਸਰੇ ਨੰਬਰ ’ਤੇ ਸੀ। ਮੁਹੰਮਦ ਰਫੀ, ਜਿਸਨੂੰ ਲੋਕੀ ਪਿਆਰ ਨਾਲ ‘ਫੀਕੂ’ ਵੀ ਕਹਿੰਦੇ ਸਨ ਪਰ ਦੇਸ਼ ਜਾਣਦਾ ਹੈ ਕਿ ਉਹ ਕਿੰਨੇ ਮਿਠੇ ਸਨ। ਉਨ੍ਹਾਂ ਨੇ ਆਪਣੀ ਮੁਢਲੀ ਵਿੱਦਿਆ ਘਰ ਵਿੱਚ ਹੀ ਪ੍ਰਾਪਤ ਕੀਤੀ। ਆਪ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ। ਉਹ ਆਪਣੇ ਪਿੰਡ ਦੇ ਸਕੂਲ ਵਿੱਚ ਦੂਜੀ ਜਮਾਤ ਤੱਕ ਹੀ ਪੜ੍ਹਾਈ ਕਰ ਸਕੇ। ਇਸੇ ਵਿਚਕਾਰ ਰਫੀ ਦੇ ਪਿਤਾ 1935 ਵਿੱਚ ਲਾਹੌਰ ਚਲੇ ਗਏ, ਜਿੱਥੇ ਉਹਨਾਂ ਨੇ ਭੱਟੀ ਗੇਟ ਵਿੱਚ ਨੂਰ ਮਹਿਲਾਂ ਵਿੱਚ ਇੱਕ ਪੁਰਸ਼ਾਂ ਦਾ ਸੈਲੂਨ ਦਾ ਕੰਮ ਸ਼ੁਰੂ ਕਰ ਦਿੱਤਾ। ਬੇਸ਼ੱਕ ਰਫੀ ਸਾਹਿਬ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਫਿਰ ਵੀ ਰਫੀ ਸਾਹਿਬ ਦੀ ਆਵਾਜ਼ ਦਾ ਜਾਦੂ ਸਰੋਤਿਆਂ ਦੇ ਸਿਰ ਚੜ੍ਹ ਕੇ ਉਸੇ ਤਰ੍ਹਾਂ ਬੋਲਦਾ ਹੈ, ਜਿਸ ਤਰ੍ਹਾਂ ਕਰੀਬ ਕੁੱਝ ਦਹਾਕੇ ਪਹਿਲਾਂ ਬੋਲਦਾ ਸੀ। ਅੱਜ ਵੀ ਉਹਨਾਂ ਦੀ ਆਵਾਜ਼ ਜਦੋਂ ਕਦੀ ਰੇਡੀਓ ਜਾਂ  ਟੀਵੀ ਤੋਂ ਸੁਣਾਈ ਦਿੰਦੀ ਹੈ ਤਾਂ ਬਿਨਾਂ ਸ਼ੱਕ  ਸਰੋਤਿਆਂ ਨੂੰ ਸਕੂਨ ਦਿੰਦੀ ਹੈ । ਉਨ੍ਹਾਂ ਨੇ 1941 ਵਿੱਚ “ਸੋਹਣੀਏ ਨੀਂ, ਹੀਰੀਏ ਨੀਂ” ਗਾਣਾ ਗਾਇਆ ਜੋ ਕਿ ਜੀਨਤ ਬੇਗਮ ਨਾਲ ਲਾਹੌਰ ਵਿੱਚ ਪੰਜਾਬੀ ਫਿਲਮ ‘ਗੁਲ ਬਲੋਚ’ ਵਾਸਤੇ ਗਾਇਆ ਗਿਆ ਸੀ। ਇਸਦੇ ਨਾਲ ਹੀ ਉਹਨਾਂ ਦੀ ਗਾਇਕ ਦੇ ਤੌਰ ’ਤੇ ਸ਼ੁਰੂਆਤ ਹੋ ਗਈ। ਇਸੇ ਦੌਰਾਨ ਮੁਹੰਮਦ ਰਫੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ।1944 ਵਿੱਚ ਰਫੀ ਸਾਹਿਬ ਮੁੰਬਈ ਚਲੇ ਗਏ। ਉਹਨਾਂ ਨੇ ਅਬਦੁਲ ਹਮੀਦ ਸਹਿਤ ਮੁੰਬਈ ਦੇ ਭੀੜ-ਭਰੇ ਭਿੰਡੀ ਬਾਜ਼ਾਰ ਵਿੱਚ ਇੱਕ ਕਮਰਾ ਕਿਰਾਏ ’ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫੀ ਨੂੰ ਫਿਲਮ ਪ੍ਰੋਡੀਊਸਰ ਅਬਦੁਰ ਰਸ਼ੀਦ ਨਿਰਦੇਸ਼ਕ ਮਹਿਬੂਬ ਖਾਨ ਅਤੇ ਅਭਿਨੇਤਾ-ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਆਦਿ ਨਾਲ ਮਿਲਵਾਇਆ।
ਮੁਹੰਮਦ ਰਫੀ ਜੋ ਕਿ ਆਪਣੇ ਅਲੱਗ-ਅਲੱਗ ਗਾਣਿਆਂ ਦੇ ਅੰਦਾਜ਼ ਵਾਸਤੇ ਜਾਣੇ ਜਾਂਦੇ ਸੀ, ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਉਹਨਾਂ ਨੂੰ ਫਿਲਮ ਦੇ ਅਦਾਕਾਰਾਂ ਦੀ ਆਵਾਜ਼ ਨਾਲ ਮਿਲਦੀ ਅਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।
 1950 ਅਤੇ 1970 ਦੇ ਵਿਚਕਾਰ ਦੇ ਸਮੇਂ ਵਿੱਚ ਰਫੀ ਹਿੰਦੀ ਫਿਲਮ ਉਦਯੋਗ ਵਿੱਚ ਸਭ ਤੋਂ ਵੱਧ ਮੰਗ ਵਾਲੇ ਗਾਇਕ ਸਨ। ਦਲੀਪ ਕੁਮਾਰ ਤੋਂ ਲੈ ਕੇ ਅਮਿਤਾਭ ਬੱਚਨ ਤੱਕ ਹਰ ਛੋਟੇ ਬੜੇ ਅਦਾਕਾਰ ਲਈ ਰਫੀ ਨੇ ਆਪਣੀ ਪਿੱਠਵਰਤੀ ਆਵਾਜ਼ ਮੁਹੱਈਆ ਕਰਵਾਈ। ਰਫੀ ਆਮ ਤੌਰ ’ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉੱਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ  ਹੋਰ ਵੀ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਨ੍ਹਾਂ ਵਿੱਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ, ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ। ਆਪਣੇ ਪੈਂਤੀ ਸਾਲਾਂ ਦੇ ਗਾਇਕੀ ਦੇ ਸਫਰ ਦੌਰਾਨ ਰਫੀ ਸਾਹਿਬ ਨੇ ਲਗਭਗ 26000 ਹਜ਼ਾਰ ਗਾਣੇ ਗਾਏ। ਰਫੀ ਸਾਹਿਬ ਪੂਰਨ ਤੌਰ ’ਤੇ ਇੱਕ ਦਰਵੇਸ਼ ਵਿਰਤੀ ਵਾਲੇ ਇਨਸਾਨ ਸਨ। ਰਫੀ ਸਾਹਿਬ ਦੇ ਹਿੱਟ ਗੀਤਾਂ ਵਿੱਚੋਂ ਕੁਝ ਕੁ ਇਸ ਪ੍ਰਕਾਰ ਹਨ, ਜਿਵੇਂ ਕਿ ‘ਯੇ ਦੁਨੀਆ ਯੇ ਮਹਿਫਲ ਮੇਰੇ ਕਾਮ ਕੀ ਨਹੀਂ’, ‘ਕਿਆ ਹੂਆ ਤੇਰਾ ਵਾਅਦਾ’, ‘ਵੋ ਕਸਮ ਵੋ ਇਰਾਦਾ’, ‘ਓ ਦੁਨੀਆਂ ਕੇ ਰਖਵਾਲੇ’, ‘ਦਿਲ ਦੀਯਾ ਦਰਦ ਲੀਆ’, ‘ਲਿਖੇ ਜੋ ਖ਼ਤ ਤੁਝੇ’, ‘ਐ ਮੁਹੱਬਤ ਜ਼ਿੰਦਾਬਾਦ’, ‘ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ’, ‘ਆਦਮੀ ਮੁਸਾਫਿਰ ਹੈ’, ‘ਮੇਰੇ ਦੁਸ਼ਮਨ ਤੂ ਮੇਰੀ ਦੋਸਤੀ ਕੋ ਤਰਸੇ’, ‘ਯੇ ਜ਼ੁਲਫ ਅਗਰ ਖਿਲ ਕੇ’, ‘ਜਾਨ ਜਾਨੀ ਜਨਾਧਨ’, ‘ਨਫਰਤ ਕੀ ਦੁਨੀਆ ਕੋ ਛੋੜ ਕਰ’, ‘ਮੈਂ ਜੱਟ ਯਮਲਾ ਪਗਲਾ ਦੀਵਾਨਾ’, ‘ਪੱਥਰ ਕੇ ਸਨਮ’, ‘ਬਾਬੁਲ ਕੀ ਦੁਆਏਂ ਲੇਤੀ ਜਾ’, ‘ਚੌਧਵੀਂ ਕਾ ਚਾਂਦ ਹੋ’, ‘ਵਕਤ ਸੇ ਦਿਨ ਔਰ ਰਾਤ’, ਪੰਜਾਬੀ ਗੀਤ ‘ਜੱਗ ਵਾਲਾ ਮੇਲਾ ਯਾਰੋ ਥੋੜ੍ਹੀ ਦੇਰ ਦਾ’, ‘ਚਿੱਟੇ ਦੰਦ ਹੱਸਣੋਂ ਨੀਹੀਂਓ ਰਹਿੰਦੇ’, ‘ਦਾਣਾ ਪਾਣੀ ਖਿੱਚ ਲਿਆਉਂਦਾ’ ਤੇ ਧਾਰਮਿਕ ਸ਼ਬਦ ‘ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ’, ‘ਨਾਨਕ ਨਾਮ ਜ਼ਹਾਜ ਹੈ’, ‘ਦੁੱਖ ਭੰਜਨ ਤੇਰਾ ਨਾਮ ਜੀ’, ‘ਜਿਸ ਕੇ ਸਿਰ ਉੱਪਰ ਤੂੰ ਸੁਆਮੀ’, ਆਦਿ ਸਾਰੇ ਹੀ ਜ਼ਬਰਦਸਤ ਹਿੱਟ ਰਹੇ। ਰਫੀ ਸਾਹਿਬ ਨੇ ਛੇ ਫਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ। 1967 ਵਿੱਚ ਉਨ੍ਹਾਂ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ।ਆਖਿਰਕਾਰ ਆਵਾਜ਼ ਦੀ ਦੁਨੀਆ ਦਾ ਇਹ ਮਹਾਨ ਸਿਤਾਰਾ (ਮੁਹੰਮਦ ਰਫੀ) 31 ਜੁਲਾਈ 1980 ਨੂੰ ਹਾਰਟ ਅਟੈਕ ਕਾਰਨ ਮੁੰਬਈ ਦੇ ਹਸਪਤਾਲ ਵਿੱਚ ਰਾਤੀਂ 10 ਵੱਜ ਕੇ 20 ਮਿੰਟ ’ਤੇ ਇਸ ਦੁਨੀਆ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਗਾਇਕੀ ਦੀ ਦੁਨੀਆਂ ਵਿੱਚ ਇੱਕ ਅਜਿਹਾ ਖਲਾਅ ਪੈਦਾ ਕਰ ਗਿਆ ਜਿਸ ਦੀ ਪੂਰਤੀ ਹੋਣੀ  ਨਾ ਮੁਮਕਿਨ ਹੈ। ਬਿਨਾਂ ਸ਼ੱਕ ਕਲਾ ਅਤੇ ਸੰਗੀਤ ਪ੍ਰੇਮੀਆਂ ਨੂੰ ਉਨ੍ਹਾਂ ਦੀ ਕਮੀ ਹਮੇਸ਼ਾ ਰੜਕਦੀ ਰਹੇਗੀ। ਪਰ ਆਪਣੇ ਬੇ-ਮਿਸਾਲ ਗੀਤਾਂ ਅਤੇ ਲਾ-ਜਵਾਬ ਹੱਸਮੁਖ ਤੇ ਮਿਲਣਸਾਰ ਸ਼ਖਸੀਅਤ ਕਾਰਨ ਰਫੀ ਸਾਹਿਬ ਹਮੇਸ਼ਾ ਰਹਿੰਦੀ ਦੁਨੀਆਂ ਤੱਕ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ।
ਕੁਲਦੀਪ ਸਿੰਘ ਸਾਹਿਲ
ਕੁਲਦੀਪ ਸਿੰਘ ਸਾਹਿਲ
9417990040

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜਨੀਤੀ ਦੇ ਚਾਣਕਿਆ ਕਾਮਰੇਡ ਸੁਰਜੀਤ”
Next articleਕਿਰਤ ਤੇ ਕਿਰਸਾਨੀ ਨੂੰ ਸਮਰਪਿਤ – ਡਾ. ਗੁਰਨਾਮ ਸਿੰਘ “ਸੇਖੋਂ”