(Samajweekly)
ਜਲੰਧਰ। ਬਹੁਜਨ ਸਮਾਜ ਪਾਰਟੀ (ਬਸਪਾ) ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਨੇ ਲੋਕਾਂ ਤੋਂ ਤਾਕਤ ਲੈ ਕੇ ਲੋਕਾਂ ’ਤੇ ਹੀ ਜਬਰ ਕੀਤਾ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਵਿਰੋਧ ਵਿੱਚ ਆਈ ਆਪ ਦੇ ਆਗੂਆਂ ਨੇ ਆਪਣੇ ਸਵਾ ਦੋ ਸਾਲ ਦੇ ਰਾਜ ਵਿੱਚ ਹੀ ਦੱਸ ਦਿੱਤਾ ਕਿ ਲੋਕਾਂ ਖਿਲਾਫ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਨ ਵਿੱਚ ਉਹ ਵੀ ਰਵਾਇਤੀ ਪਾਰਟੀਆਂ ਤੋਂ ਘੱਟ ਨਹੀਂ ਹੈ। ਸੱਤ੍ਹਾ ਵਿਰੋਧੀ ਰਾਜਨੀਤਕ ਧਿਰਾਂ ਨੂੰ ਦਬਾਉਣ, ਉਨ੍ਹਾਂ ’ਤੇ ਝੂਠੇ ਪਰਚੇ ਕਰਨ, ਲਾਠੀਚਾਰਜ ਕਰਨ ਦੇ ਨਾਲ-ਨਾਲ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਮੀਡੀਆ ਅਦਾਰਿਆਂ ਨੂੰ ਵੀ ਸਿਰਫ ਸਰਕਾਰ ਦੀ ਆਲੋਚਨਾ ਕਰਨ ’ਤੇ ਹੀ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ’ਤੇ ਲਗਾਤਾਰ ਜਬਰ ਕੀਤਾ ਗਿਆ ਹੈ।
ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹਲਕਾ ਕਰਤਾਰਪੁਰ, ਜਿੱਥੋਂ ਆਪ ਦੇ ਮੰਤਰੀ ਸ. ਬਲਕਾਰ ਸਿੰਘ ਨੁਮਾਇੰਦਗੀ ਕਰਦੇ ਹਨ, ਉੱਥੇ ਲਗਾਤਾਰ ਰਾਜਨੀਤਕ ਵਿਰੋਧੀ ਧਿਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ। ਪੁਲਿਸ ਦੀ ਨਜਾਇਜ਼ ਵਰਤੋਂ ਕੀਤੀ ਗਈ ਹੈ। ਕਰਤਾਰਪੁਰ ਦੇ ਕਈ ਪਿੰਡਾਂ ਵਿੱਚ ਨਸ਼ਾ ਫੈਲਿਆ ਹੋਇਆ ਹੈ ਤੇ ਇਸ ਕਾਰਨ ਆਪ ਦੇ ਰਾਜ ਵਿੱਚ ਕਈ ਮੌਤਾਂ ਵੀ ਹੋ ਚੁੱਕੀਆਂ ਹਨ। ਇਸ ਮੁੱਦੇ ’ਤੇ ਬਸਪਾ ਵੱਲੋਂ ਵਿਰੋਧ ਕਰਨ ’ਤੇ ਹੀ ਜਲੰਧਰ ਦਿਹਾਤੀ ਦੀ ਪੁਲਿਸ ਨੇ ਮੇਰੇ ਸਮੇਤ ਸਾਡੇ ਕਰੀਬ 163 ਲੋਕਾਂ ’ਤੇ ਹਾਈਵੇ ਐਕਟ, ਸਰਕਾਰੀ ਸੰਪਤੀ ਦੀ ਭੰਨਤੋੜ ਕਰਨ ਦਾ ਝੂਠਾ ਪਰਚਾ (ਐਫਆਈਆਰ 85, 2023) ਦਰਜ ਕਰ ਦਿੱਤਾ। ਜਦਕਿ ਨਾ ਤਾਂ ਸਾਡੇ ਵੱਲੋਂ ਕੋਈ ਹਾਈਵੇ ਜਾਮ ਕੀਤਾ ਗਿਆ ਅਤੇ ਨਾ ਹੀ ਸਰਕਾਰੀ ਸੰਪਤੀ ਦੀ ਕੋਈ ਭੰਨਤੋੜ ਕੀਤੀ ਗਈ। ਮੌਕੇ ਦੀ ਵੀਡੀਓਗ੍ਰਾਫੀ ਵੀ ਉਸ ਵੇਲੇ ਮੀਡੀਆ ਵੱਲੋਂ ਕੀਤੀ ਗਈ ਸੀ। ਇਸ ਸਬੰਧੀ ਡੀਆਈਜੀ ਰਾਹੀਂ ਹੁਸ਼ਿਆਰਪੁਰ ਐਸਐਸਪੀ ਕੋਲ ਇਨਕੁਆਰੀ ਲਗਵਾਈ ਗਈ। ਇਹ ਇਨਕੁਆਰੀ ਮਿਤੀ 25 ਜੁਲਾਈ, 2023 ਨੂੰ ਲਗਾਈ ਗਈ ਤੇ ਸਾਰੇ ਗਵਾਹ, ਪ੍ਰਦਰਸ਼ਨ ਸਬੰਧੀ ਵੀਡੀਓ ਦੇਣ ਦੇ ਬਾਅਦ ਵੀ ਅਜੇ ਤੱਕ ਇਹ ਕੇਸ ਸਾਡੇ ਖਿਲਾਫ ਪੈਂਡਿੰਗ ਰੱਖਿਆ ਗਿਆ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਮੰਤਰੀ ਬਲਕਾਰ ਸਿੰਘ ਦੇ ਪ੍ਰਭਾਵ ਹੇਠ ਸਾਡੇ ’ਤੇ ਇਹ ਝੂਠਾ ਪਰਚਾ ਕੀਤਾ ਗਿਆ, ਤਾਂਕਿ ਅਸੀਂ ਕਰਤਾਰਪੁਰ ਹਲਕੇ ਵਿੱਚ ਫੈਲੇ ਨਸ਼ੇ ਤੇ ਉਸਦੇ ਨਾਲ ਹੋ ਰਹੀਆਂ ਮੌਤਾਂ ਦਾ ਮਾਮਲਾ ਨਾ ਉਠਾ ਸਕੀਏ। ਉਨ੍ਹਾਂ ਕਿਹਾ ਕਿ ਸਾਡੇ ’ਤੇ ਬਿਨਾਂ ਟ੍ਰੈਫਿਕ ਰੋਕਿਆਂ ਹੀ ਝੂਠਾ ਹਾਈਵੇ ਐਕਟ ਦਾ ਪਰਚਾ ਦਰਜ ਕਰ ਦਿੱਤਾ ਗਿਆ, ਜਦਕਿ ਸਾਡੇ ਪ੍ਰਦਰਸ਼ਨ ਦੇ ਚਾਰ ਦਿਨ ਬਾਅਦ ਜਦੋਂ ਆਪ ਵਰਕਰਾਂ ਨੇ ਫਿਲੌਰ ਵਿੱਚ ਹਾਈਵੇ ਜਾਮ ਕੀਤਾ ਤਾਂ ਉਨ੍ਹਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਬਸਪਾ ਆਗੂ ਨੇ ਕਿਹਾ ਕਿ ਸ. ਬਲਕਾਰ ਸਿੰਘ ਦੇ ਵਿਧਾਇਕ ਬਣਦੇ ਸਾਰ ਹੀ ਹਲਕਾ ਕਰਤਾਰਪੁਰ ਵਿੱਚ ਸਾਰੀ ਪੁਲਿਸ ਦਾ ਇੱਕ ਤਰ੍ਹਾਂ ਦੇ ਨਾਲ ਰਾਜਨੀਤੀਕਰਨ ਕਰ ਦਿੱਤਾ ਗਿਆ ਤੇ ਵਿਰੋਧੀ ਧਿਰਾਂ ਨੂੰ ਖਤਮ ਕਰਨ ਲਈ ਉਨ੍ਹਾਂ ਨੂੰ ਲਗਾਤਾਰ ਪੁਲਿਸ ਰਾਹੀਂ ਦਬਾਉਣ ਦਾ ਕੰਮ ਕੀਤਾ ਗਿਆ। ਆਪ ਦੇ ਕਰਤਾਰਪੁਰ ਵਿੱਚ ਦਫਤਰ ਦੇ ਉਦਘਾਟਨ ਵਿੱਚ ਵੀ ਸਾਰੇ ਪੁਲਿਸ ਅਫਸਰਾਂ ਨੂੰ ਬੁਲਾਇਆ ਗਿਆ, ਤਾਂਕਿ ਵਿਰੋਧੀ ਧਿਰਾਂ ਖਿਲਾਫ ਪ੍ਰਭਾਵ ਬਣਾਇਆ ਜਾ ਸਕੇ। ਬਲਵਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਹੀ ਉਹ ਆਪ ਦੀ ਪੁਲਿਸ ਰਾਹੀਂ ਵਿਰੋਧੀ ਧਿਰਾਂ ਤੇ ਹਲਕੇ ਦੇ ਲੋਕਾਂ ਨਾਲ ਕੀਤੀ ਗਈ ਧੱਕੇਸ਼ਾਹੀ ਖਿਲਾਫ ਲੜ ਰਹੇ ਹਨ।
ਇਸ ਤੋਂ ਇਲਾਵਾ ਜਲੰਧਰ ਸ਼ਹਿਰ ਵਿੱਚ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤਾ ਗਿਆ ਅਤੇ ਸਾਡੇ ’ਤੇ ਸਈਪੁਰ ਵਿੱਚ ਵੀ ਨਜਾਇਜ਼ ਲਾਠੀਚਾਰਜ ਤੇ ਹਿੰਸਾ ਕੀਤੀ ਗਈ। ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਹੁਣ ਵੀ ਉਨ੍ਹਾਂ ਨੂੰ ਜਲੰਧਰ ਦਿਹਾਤੀ ਪੁਲਿਸ ਦਾ ਰਵੱਈਆ ਵਿਰੋਧੀ ਧਿਰਾਂ ਪ੍ਰਤੀ ਨਿਰਪੱਖ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫਸਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਐਡਵੋਕੇਟ ਬਲਵਿੰਦਰ ਕੁਮਾਰ ਨੇ ਕਿਹਾ ਕਿ ਆਪ ਦੇ ਜਲੰਧਰ ਲੋਕਸਭਾ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਤੇ ਆਪ ਮੰਤਰੀ ਸ. ਬਲਕਾਰ ਸਿੰਘ, ਜਿਨ੍ਹਾਂ ਨੂੰ ਚੋਣ ਕੈਂਪੇਨ ਕਮੇਟੀ ਦਾ ਇੰਚਾਰਜ ਬਣਾਇਆ ਗਿਆ ਹੈ, ਉਨ੍ਹਾਂ ਨੂੰ ਲੋਕਾਂ ਵਿੱਚ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਹੋਰ ਜਬਰ ਕਰਨ ਲਈ ਵੋਟਾਂ ਮੰਗ ਰਹੇ ਹਨ। ਇਸ ਬਾਰੇ ਲੋਕਾਂ ਨੂੰ ਵੀ ਸਵਾਲ ਕਰਨੇ ਚਾਹੀਦੇ ਹਨ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਗਦੀਸ਼ ਸ਼ੇਰਪੁਰੀ, ਹਲਕਾ ਕਰਤਾਰਪੁਰ ਕੋਆਰਡੀਨੇਟਰ ਅਮਰਜੀਤ ਸਿੰਘ ਨੰਗਲ, ਹਲਕਾ ਪ੍ਰਧਾਨ ਸ਼ਾਦੀ ਲਾਲ, ਕਿਸਾਨ ਆਗੂ ਪ੍ਰਭਜਿੰਦਰ ਸਿੰਘ ਪੱਤੜ, ਸੋਹਣ ਕੁਰਾਲਾ, ਗਿਆਨ ਚੰਦ ਆਦਿ ਵੀ ਮੌਜ਼ੂਦ ਸਨ।