“ਤੂੰ ਦੱਸਿਆ ਈ ਨ੍ਹੀਂ

(ਸਮਾਜ ਵੀਕਲੀ)

“ਸ਼ੈਰੀ! ਮੈਨੂੰ ਤਾਂ ਬਹੁਤ ਡਰ ਲੱਗ ਰਿਹਾ ਹੈ।ਪਤਾ ਨਹੀਂ,ਤੁਹਾਡੇ ਮੰਮੀ ਦੀ ਮੇਰੇ ਬਾਰੇ ਕੀ ਰਾਏ ਹੋਵੇ?”ਰੂਬੀ ਨੇ ਸ਼ੈਰੀ ਨੂੰ ਕਿਹਾ।

“ਤੂੰ ਤਾਂ ਐਂਵੇ ਹੀ ਡਰੀ ਜਾਂਦੀ ਏਂ।ਮੰਮੀ ਨੂੰ ਮੇਰੇ ਤੇ ਮੇਰੀ ਪਸੰਦ ਤੇ ਪੂਰਾ ਭਰੋਸਾ ਹੈ।ਜਦੋਂ ਤੇਰੀ ਫੋਟੋ ਮੰਮੀ ਨੂੰ ਵਿਖਾਈ ਸੀ ਤਾਂ ਦੇਖਦੇ ਹੀ ਮੰਮੀ ਬੋਲੀ ਸੀ,ਬਿਲਕੁੱਲ ਚੰਨ ਦਾ ਟੁਕੜਾ ਏ।ਮੈਨੂੰ ਜਿਹੋ ਜਿਹੀ ਬਹੂ ਦੀ ਹੀ ਤਲਾਸ਼ ਸੀ,ਬਿਲਕੁੱਲ ਵੈਸੀ ਹੈ।ਫਿਰ ਮੰਮੀ ਪੜ੍ਹੇ- ਲਿਖੇ ਤੇ ਅਗਾਂਹ ਵਧੂ ਵਿਚਾਰਾਂ ਵਾਲੇ ਨੇ।ਬੱਸ ਤੂੰ ਨਾਰਮਲ ਹੋ ਜਾਹ, ਮੰਮੀ ਆਉਂਦੇ ਹੀ ਹੋਣੇ ਨੇ।”ਸ਼ੈਰੀ ਨੇ ਰੂਬੀ ਨੂੰ ਹੌਂਸਲਾ ਦਿੰਦੇ ਕਿਹਾ।

ਸ਼ੈਰੀ ਦੀ ਕੋਠੀ ਦੇ ਡਰਾਇੰਗ ਰੂਮ ਵਿੱਚ ਬੈਠੇ ਉਹ ਦੋਵੇਂ ਗੱਲਾਂ ਕਰ ਹੀ ਰਹੇ ਸੀ ਕਿ ਸ਼ੈਰੀ ਦੇ ਮੰਮੀ ਆ ਗਏ। ਆਦਰ ਸਹਿਤ ਰੂਬੀ ਨੇ ਉੱਠ ਕੇ ਹੱਥ ਜੋੜ ਕੇ ਸਿਰ ਨਿਵਾਇਆ। ਰੂਬੀ ਨੂੰ ਕਲਾਵੇ ਵਿੱਚ ਲੈਂਦੇ ਸ਼ੈਰੀ ਦੀ ਮੰਮੀ ਨੇ ਕਿਹਾ,” ਤੂੰ ਤਾਂ ਫੋਟੋ ਤੋਂ ਵੱਧ ਸੋਹਣੀ ਤੇ ਸੁਚੱਜੀ ਮੁਟਿਆਰ ਏਂ।ਸ਼ੈਰੀ ਨੇ ਮੈਨੂੰ ਦੱਸਿਆ ਹੈ ਕਿ ਤੂੰ ਤੇ ਸ਼ੈਰੀ ਨੇ ਇੱਕੋ ਕਾਲਜ ਤੋਂ ਬੀ ਟੈਕ ਕੀਤੀ ਹੈ ਤੇ ਹੁਣ ਇੱਕੋ ਕੰਪਨੀ ਵਿੱਚ ਨੌਕਰੀ ਕਰਦੇ ਹੋ।ਚਲੋ ਚੰਗਾ ਹੈ,ਦੋਨਾਂ ਨੇ ਇੱਕ ਦੂਜੇ ਨੂੰ ਚੰਗੀ ਤਰ੍ਹਾ ਜਾਣ ਲਿਆ ਹੋਣੈਂ।”

ਰੂਬੀ ਨੇ ਸ਼ਰਮਾਉਂਦਿਆਂ ਹਾਂ ਵਿੱਚ ਸਿਰ ਹਿਲਾਇਆ। ਨੌਕਰਾਣੀ ਚਾਹ ਦੇ ਗਈ ਤੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸ਼ੈਰੀ ਦੀ ਮੰਮੀ ਨੇ ਕਿਹਾ,”ਸ਼ੈਰੀ ਮੇਰਾ ਇਕਲੌਤਾ ਬੇਟਾ ਹੈ।ਮਾਨ ਸਾਹਿਬ (ਸ਼ੈਰੀ ਦੇ ਪਿਤਾ) ਚੰਗੇ ਅਹੁਦੇ ਤੇ ਸਨ।ਬਹੁਤ ਜਮੀਨ ਜਾਇਦਾਦ ਛੱਡ ਗਏ ਹਨ। ਮੈਂ ਤਾਂ ਉਹਨਾਂ ਦੇ ਤੁਰ ਜਾਣ ਤੋਂ ਬਾਅਦ “ਸਰਬੱਤ ਦਾ ਭਲਾ” ਸਮਾਜ ਸੇਵੀ ਸੰਸਥਾ ਨਾਲ ਜੁੜ ਕੇ ਸਮਾਜ ਸੇਵਾ ਕਰ ਰਹੀ ਹਾਂ।”

ਰੂਬੀ ਇੱਕ ਦਮ ਬੋਲੀ,”ਵਾਹ ਅੰਟੀ! ਮੇਰੇ ਮੰਮੀ ਪਾਪਾ ਵੀ ਇੱਕ ਸਮਾਜ ਸੇਵੀ ਸੰਸਥਾ “ਏਕ ਨੂਰ” ਚਲਾ ਰਹੇ ਹਨ।”

“ਅੱਛਾ—-ਕੀ ਨਾਂ ਹੈ ਤੁਹਾਡੇ ਮੰਮੀ ਪਾਪਾ ਦਾ ਹੈ?”ਸ਼ੈਰੀ ਦੀ ਮੰਮੀ ਨੇ ਪੁੱਛਿਆ।

ਜੀ—-ਮੇਰੇ ਪਿਤਾ ਡਾਕਟਰ ਅਸਲਮ ਖਾਨ ਤੇ ਮਾਤਾ ਡਾਕਟਰ ਗੁਰਮੀਤ ਕੌਰ ਹਨ।”ਰੂਬੀ ਨੇ ਮਾਣ ਨਾਲ ਕਿਹਾ।

ਹੈਂ—ਕਹਿੰਦਿਆਂ ਉਹਨਾਂ ਦੇ ਹੱਥ ਵਿੱਚ ਫੜਿਆ ਚਾਹ ਦਾ ਕੱਪ ਥਰਥਰਾਉਣ ਲੱਗਿਆ ਤੇ ਉਸ ਨੇ ਆਪਣੇ ਆਪ ਨੂੰ ਸੰਭਾਲਦਿਆਂ ਮਰੀ ਆਵਾਜ਼ ਵਿੱਚ ਕਿਹਾ,ਸ਼ੈਰੀ ! ਇਹ ਤਾ ਤੂੰ ਦੱਸਿਆ ਹੀ ਨ੍ਹੀ ਕਿ—–।

ਕੈਲਾਸ਼ ਠਾਕੁਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਕਤਾ ਕਪੂਰ ਨੂੰ ਸੁਪਰੀਮ ਕੋਰਟ ਨੇ ਪਾਈ ਝਾੜ, ਅਸਲ ਮਸਲਾ ਅਸ਼ਲੀਲਤਾ ਐ!
Next articleਗੀਤ