(ਸਮਾਜ ਵੀਕਲੀ) ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਜਨ- ਜਨ ਤੱਕ ਪਹੁੰਚਾ ਕੇ ਸੰਘਰਸ਼ਸ਼ੀਲ ਯੋਧਾ ਆਪਣੇ ਦ੍ਰਿੜ ਸੰਕਲਪ ਤੋਂ ਕਦੇ ਵੀ ਪਿਛਾਂਹ ਨਹੀਂ ਮੁੜਿਆ। ਉਹ ਹਮੇਸ਼ਾ ਅਗਾਂਹ ਵੱਧਣ ਲਈ ਯਤਨਸ਼ੀਲ ਰਿਹਾ। ਆਪ ਬਹੁਜਨ ਸਮਾਜ ਨੂੰ ਹਮੇਸ਼ਾ ਹੀ ਚੜ੍ਹਦੀ ਕਲਾ ‘ਚ ਦੇਖਣ ਦੇ ਚਾਹਵਾਨ ਸਨ। ਬਹੁਜਨ ਸਮਾਜ ਦੇ ਲੋਕ ਹਮੇਸ਼ਾ ਤਰੱਕੀ ਦੀਆਂ ਮੰਜ਼ਿਲਾਂ ਨੂੰ ਛੂਹਣ , ਇਹੀ ਉਹਨਾਂ ਦੀ ਤਮੰਨਾ ਸੀ। ਇਸ ਲਈ ਆਪਣੇ ਵੱਲੋਂ ਤਨ, ਮਨ ਤੇ ਧੰਨ ਨਾਲ ਸਮਾਜ ਦੇ ਆਰਥਿਕ ਤੌਰ ‘ਤੇ ਪੱਛੜੇ ਲੋਕਾਂ ਲਈ “ਪੇ ਬੈਕ ਟੂ ਸੋਸਾਇਟੀ” ਦੇ ਸਿਧਾਂਤ ‘ਤੇ ਚੱਲ ਕੇ ਉਹਨਾਂ ਦੀ ਆਰਥਿਕ ਮੱਦਦ ਕੀਤੀ। ਐਜੂਕੇਸ਼ਨ ਸੰਸਥਾਵਾਂ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਲਈ ਵਿੱਤੀ ਸਹਾਇਤਾ ਕੀਤੀ। ਡੱਲੇਵਾਲ (ਗੁਰਾਇਆ) ਵਿੱਚ ਬਣ ਰਹੇ “ਰਾਜ ਗ੍ਰਹਿ” ਲਈ ਇਕ ਲੱਖ ਰੁਪਏ ਦਾਨ ਕੀਤਾ। ਤਲਵਣ ਵਿੱਚ ਬਣੇ ਬੁੱਧ ਵਿਹਾਰ ਵਿੱਚ ਆਰਥਿਕ ਸਹਿਯੋਗ ਦਿੱਤਾ। ਸਿਹਤ ਦੇ ਖੇਤਰ ਵਿੱਚ ਲੋੜਵੰਦਾਂ ਲਈ ਫਰੀ ਦਵਾਈਆਂ ਕਲੀਨਕ ਖੋਲਿਆ। ਲੜਕੀਆਂ ਦੀ ਤਰੱਕੀ ਲਈ ਫਰੀ ਕੰਪਿਊਟਰ ਕੋਚਿੰਗ ਸੈਂਟਰ ਖੋਲ੍ਹੇ। ਆਪਣੀ ਹਮਸਫਰ ਪਤਨੀ ਸ੍ਰੀਮਤੀ ਸੁਰਿੰਦਰ ਕੌਰ ਦੀ ਯਾਦ ਵਿੱਚ ਫਰੀ ਸਿਲਾਈ ਸੈਂਟਰ ਖੋਲ੍ਹ ਕੇ ਗਰੀਬ ਤੇ ਨਿਆਸਰੀਆਂ ਲੜਕੀਆਂ ਦੀ ਮਦਦ ਕੀਤੀ। ਗਦਰਾ ਪਿੰਡ ਦੇ ਪਾਰਕ ਵਿੱਚ ਬਾਬਾ ਸਾਹਿਬ ਦਾ ਸਟੈਚੂ ਭੇਂਟ ਕੀਤਾ ਤੇ ਪਿੰਡ ਵਾਸੀਆਂ ਦੇ ਮਾਣ ਨੂੰ ਵਧਾਇਆ।ਇਹ ਉਹ ਸ਼ਖਸ਼ੀਅਤ ਹੈ, ਜਿਸ ਨੇ ਆਪਣੇ ਸਰੀਰ ਦੇ ਤਿਆਗ ਤੋਂ ਕੁਝ ਦਿਨ ਪਹਿਲਾਂ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਰਾਤ ਨੂੰ 2 ਵਜੇ ਆਪਣੇ ਵੱਲੋਂ ਲਿਖੀ ਕਿਤਾਬ “ਵਿਚਾਰਧਾਰਾ -ਲੁਪਤ ਤੇ ਗੁਪਤ ” ਰਿਲੀਜ਼ ਕਰਕੇ ਸਮਾਜ ਦੇ ਦਰਦ ਦੀ ਗਾਥਾ ਬਿਆਨ ਕੀਤੀ ਹੈ। ਇਹ ਮਹਾਨ ਸ਼ਖਸੀਅਤ, ਅੰਬੇਡਕਰੀ ਤੇ ਬੋਧੀ ਆਗੂ ਸ੍ਰੀ ਮਦਨ ਸਰੋਏ ਯੂਕੇ ਜੀ ਸਨ। ਜਿਨਾਂ ਆਪਣੀ ਲਿਖੀ ਕਿਤਾਬ “ਵਿਚਾਰਧਾਰਾ-ਲੁਪਤ ਤੇ ਗੁਪਤ” ਰਿਲੀਜ਼ ਕਰਦਿਆਂ ਕਿਹਾ ਸੀ ਕਿ “ਮੈਂ ਜ਼ਿੰਦਗੀ ਦੀ ਜੰਗ ਹਾਰ ਸਕਦਾ ਹਾਂ ਪਰ ਤੁਸੀਂ ਮੇਰੇ ਸਮਾਜ ਦੇ ਲੋਕੋ! ਮਿਸ਼ਨ ਦੀ ਜੰਗ ਜਾਰੀ ਰੱਖਣਾ । ਅਸੀਂ ਜਰੂਰ ਇੱਕ ਦਿਨ ਜਿੱਤਾਂਗੇ। ਸਾਡਾ ਰਾਜ ਹੋਵੇਗਾ। ਇਸ ਲਈ ਤੁਹਾਨੂੰ ਇਕੱਠੇ ਹੋ ਕੇ ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਅਪਣਾਉਣਾ ਹੋਵੇਗਾ।” ਬਹੁਜਨ ਮਹਾਂਪੁਰਸ਼ਾਂ -ਤਥਾਗਤ ਬੁੱਧ, ਸਤਿਗੁਰੂ ਕਬੀਰ ਜੀ, ਸਤਿਗੁਰੂ ਰਵਿਦਾਸ ਜੀ, ਸਤਿਗੁਰੂ ਨਾਮਦੇਵ ਜੀ, ਮਹਾਤਮਾ ਜੋਤੀਬਾ ਫੂਲੇ, ਪੈਰੀਅਰ ਜੀ, ਡਾਕਟਰ ਭੀਮ ਰਾਓ ਅੰਬੇਡਕਰ ਜੀ, ਬਹੁਜਨ ਨਾਇਕ ਸਾਹਿਬ ਕਾਂਸ਼ੀ ਰਾਮ ਜੀ ਦੀ ਵਿਚਾਰਧਾਰਾ ‘ਤੇ ਪਹਿਰਾ , ਸੱਚੇ ਸੁੱਚੇ, ਇਮਾਨਦਾਰੀ, ਅਣਖ ਭਰੀ ਜ਼ਿੰਦਗੀ ਜਿਉਣ ਲਈ , ਇੱਕਮੁੱਠ ਹੋ ਕੇ ਸੰਘਰਸ਼ ਕਰਨਾ ਹੋਵੇਗਾ, ਤਾਂ ਜੋ ਸਾਨੂੰ ਆਪਣੇ ਹੱਕ ਮਿਲ ਸਕਣ। ਬਾਬਾ ਸਾਹਿਬ ਨੇ ਕਿਹਾ ਸੀ ਕਿ “ਹੱਕ ਮੰਗਿਆ ਨਹੀਂ ਮਿਲਦੇ ਸਗੋਂ ਖੋਹਣੇ ਪੈਂਦੇ ਹਨ।” ਸਾਨੂੰ ਸਮਾਨਤਾ, ਸੁਤੰਤਰਤਾ ਤੇ ਭਾਈਚਾਰੇ ਵਾਲਾ ਸਮਾਜ ਸਿਰਜਣਾ ਪਵੇਗਾ। ਅਜਿਹੇ ਸਮਾਜ ਲਈ ਬਹੁਜਨ ਮਹਾਂਪੁਰਸ਼ਾਂ ਨੇ ਸੰਘਰਸ਼ ਕਰਕੇ ਮਾਣ ਸਨਮਾਨ ਪ੍ਰਾਪਤ ਕੀਤਾ। ਕਿਉਂਕਿ ਬ੍ਰਾਹਮਣਵਾਦੀ ਵਿਵਸਥਾ ਨੇ ਮਨੁੱਖ ਵਿੱਚ ਵੰਡੀਆਂ ਪਾਈਆਂ ਹੋਈਆਂ ਸਨ। ਇਹਨਾਂ ਵੰਡੀਆਂ ਨੂੰ ਮਿਟਾਉਣ ਲਈ ਬਹੁਜਨ ਮਹਾਂਪੁਰਸ਼ਾਂ ਨੇ ਮਾਨਵਤਾਵਾਦੀ ਸੰਘਰਸ਼ ਆਰੰਭਿਆ। ਮਹਾਤਮਾ ਜੋਤੀਬਾ ਫੂਲੇ ਜੀ ਦੁਆਰਾ ਲਿਖਤ ਕਿਤਾਬ “ਗੁਲਾਮਗਿਰੀ” ਪੜ੍ਹੀ। ਸਾਹਿਬ ਕਾਂਸ਼ੀ ਰਾਮ ਜੀ ਨੇ ਬਾਬਾ ਸਾਹਿਬ ਜੀ ਦੀ ਕਿਤਾਬ “ਜਾਤ ਪਾਤ ਦਾ ਬੀਜ ਨਾਸ਼” ਪੜ੍ਹੀ। ਉਸ ਕਿਤਾਬ ਨੇ ਸਾਹਿਬ ਕਾਂਸ਼ੀ ਰਾਮ ਜੀ ਦਾ ਜੀਵਨ ਬਦਲ ਦਿੱਤਾ। ਇਸੇ ਤਰ੍ਹਾਂ ਮੇਰੀ ਇਹ ਕਿਤਾਬ ਭਾਵੇਂ 22 ਸਫਿਆਂ ਦੀ ਹੈ ਪਰ ਇਸ ਵਿੱਚ ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਇਸ ਕਿਤਾਬ ਵਿੱਚ ਤਿੰਨ ਗੱਲਾਂ ਨੂੰ ਪ੍ਰਮੁੱਖ ਰੱਖਿਆ ਗਿਆ ਹੈ-ਤਰੀਸ਼ਰਨ, ਪੰਚਸ਼ੀਲ, ਅਸ਼ਟਾਂਗ ਮਾਰਗ, ਬਾਬਾ ਸਾਹਿਬ ਵੱਲੋਂ ਦਿੱਤੀਆਂ 22 ਪ੍ਰਤੀਗਿਆਵਾਂ। ਸ੍ਰੀ ਮਦਨ ਸਰੋਏ ਯੂਕੇ ਭਾਵੇਂ ਸਰੀਰਕ ਤੌਰ ‘ਤੇ ਸਾਡੇ ਦਰਮਿਆਨ ਨਹੀਂ ਹਨ ਪਰ ਉਹਨਾਂ ਦੀ ਸੋਚ ਹਮੇਸ਼ਾ ਜਿੰਦਾ ਰਹੇਗੀ। ਆਪ ਜੀ ਦੇ ਭਤੀਜੇ ਸੰਦੀਪ ਸਰੋਏ ਨੇ ਆਪ ਦੀ ਯਾਦ ਵਿੱਚ ਲਿਖੀ ਬੈਰਾਗਮਈ ਕਵਿਤਾ ਵਿਚ ਆਖਿਆ ਹੈ: “ਤੇਰੀ ਮੌਤ ਨੇ ਤੇਰਾ ਸਰੀਰ ਲਿਆ, ਤੇਰੀ ਸੋਚ ਅਜੇ ਵੀ ਜ਼ਿੰਦਾ ਹੈ । ਤੇਰੀ ਅਣਖ ਤੇ ਤੇਰਾ ਮਿਸ਼ਨ ਅਜੇ, ਸਾਡੀ ਰਗ-ਰਗ ਦੇ ‘ਚ ਜ਼ਿੰਦਾ ਹੈ।” —————————- “ਸੰਦੀਪ ਕਲਮ ਚੁੱਕ ਲਿਖਦਾ ਹੈ, ਮਦਨ ਸਰੋਏ ਸ਼ਬਦਾਂ ‘ਚ ਜ਼ਿੰਦਾ ਹੈ। ਤੇਰੀ ਮੌਤ ਨੇ ਤੇਰਾ ਸਰੀਰ ਲਿਆ , ਤੇਰੀ ਸੋਚ ਅਜੇ ਵੀ ਜ਼ਿੰਦਾ ਹੈ।” ਮਦਨ ਸਰੋਏ ਇੱਕ ਕੌਮ ਦਾ ਅਨਮੋਲ ਹੀਰਾ ਸਨ, ਜੋ ਆਖਰੀ ਸਾਹਾਂ ਤੱਕ ਮਿਸ਼ਨ ਦੀ ਬਾਤ ਪਾਉਂਦਾ ਰਿਹਾ। ਭਾਵੇਂ ਹਸਪਤਾਲ ਵਿੱਚ ਪਿਆ ਉਸ ਦਾ ਸਰੀਰ ਉਸ ਦਾ ਸਾਥ ਨਹੀਂ ਦੇ ਰਿਹਾ ਸੀ ਪਰ ਉਸ ਵਿੱਚ ਮਿਸ਼ਨ ਪ੍ਰਤੀ ਇੰਨਾ ਜਜ਼ਬਾ ਸੀ , ਜੋ ਮਿਸ਼ਨ ਦੀ ਜੰਗ ਨੂੰ ਜਾਰੀ ਰੱਖਣ ਲਈ ਬਹੁਜਨਾਂ ਨੂੰ ਇਸ਼ਾਰਿਆਂ ਨਾਲ ਪ੍ਰੇਰ ਰਿਹਾ ਸੀ। ਬੁੱਧ, ਫੂਲੇ ,ਸ਼ਾਹੂ ,ਡਾਕਟਰ ਅੰਬੇਡਕਰ ਵਰਗੇ ਮਹਾਂਪੁਰਸ਼ਾਂ ਨੇ ਨਿਰੇ ਉਪਦੇਸ਼ ਹੀ ਨਹੀਂ ਦਿੱਤੇ ਬਲਕਿ ਆਪ ਕਹਿਣੀ ਤੇ ਕਰਨੀ ‘ਤੇ ਪੂਰੇ ਉਤਰੇ ਅਤੇ ਸਾਰੇ ਕਮਜ਼ੋਰਾਂ,ਲਤਾੜਿਆ, ਪੱੱਛੜਿਆਂ ਅਤੇ ਜਾਤੀਗ੍ਰਸਤ ਲੋਕਾਂ ਦੀ ਧਿਰ ਬਣ ਕੇ ,ਉਹਨਾਂ ਦੇ ਹੱਕ, ਹਿੱਤ ਵਿੱਚ ਬੇਖੌਫ ਹੋ ਕੇ ਸਾਡੇ ਲਈ ਪ੍ਰੇਰਨਾ ਸਰੋਤ ਬਣੇ। ਗਿਆਨ ਵੰਡਣ ਤੋਂ ਪਹਿਲਾਂ ਗਿਆਨ ਹੋਣਾ ਵੀ ਜਰੂਰੀ ਹੈ। ਇਸ ਲਈ ਬਹੁਜਨ ਰਹਿਬਰਾਂ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਤੋਂ ਪਹਿਲਾਂ ਉਹਨਾਂ ਦੇ ਇਤਿਹਾਸ ਦੀ ਜਾਣਕਾਰੀ ਵੀ ਜਰੂਰ ਹੋਣੀ ਚਾਹੀਦੀ ਹੈ। ਜਿੰਨਾ ਚਿਰ ਅਸੀਂ ਇਮਾਨਦਾਰ ਅਤੇ ਸਮਰਪਣ ਦੀ ਭਾਵਨਾ ਨਾਲ ਕੰਮ ਨਹੀਂ ਕਰਾਂਗੇ ਉਦੋਂ ਤੱਕ ਅਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੋ ਸਕਦੇ। ਸੇਵਾ ਕਰਨ ਦੀ ਭਾਵਨਾ ਹਰ ਇਨਸਾਨ ਦੇ ਅੰਦਰ ਨਹੀਂ ਹੁੰਦੀ। ਸੇਵਾ ਕਰਨ ਲਈ ਉੱਚੇ ਆਚਰਣ ਤੇ ਸਾਫ ਦਿਲ ਦੀ ਜਰੂਰਤ ਹੁੰਦੀ ਹੈ , ਇਹੋ ਜਿਹੇ ਨੇਕ ਇਨਸਾਨ ਦਿਲ ਮਦਨ ਸਰੋਏ ਜੀ ਸਨ। ਸ੍ਰੀ ਮਦਨ ਸਰੋਆ ਜੀ ਪਿੰਡ ਤਲਵਣ, ਤਹਿਸੀਲ ਫਿਲੌਰ, ਜਿਲਾ ਜਲੰਧਰ ਦੇ ਜੰਮਪਲ ਸਨ। ਉਨਾਂ ਦੀ ਮਾਤਾ ਸਤਿਕਾਰਯੋਗ ਧੰਤੀ ਜੀ ਅਤੇ ਪਿਤਾ ਸਤਿਕਾਰਯੋਗ ਲਾਲ ਚੰਦ ਜੀ ਸਨ। ਉਹਨਾਂ ਆਪਣੀ ਵਿਦਿਅਕ ਪੜ੍ਹਾਈ ਤੋਂ ਬਾਅਦ 27 ਜੁਲਾਈ 1963 ਵਿੱਚ ਰੋਜੀ ਰੋਟੀ ਕਮਾਉਣ ਲਈ ਇੰਗਲੈਂਡ ਦੀ ਧਰਤੀ ‘ਤੇ ਪਹੁੰਚੇ। ਜਿੱਥੇ ਉਹਨਾਂ ਨੇ ਬਹੁਤ ਸਖਤ ਮਿਹਨਤ ਕੀਤੀ। ਨਸ਼ਿਆਂ ਤੋਂ ਦੂਰ ਰਹੇ। ਯੂਕੇ ਦੀ ਇੱਕ ਹੈਲੀਕਾਪਟਰ ਬਣਾਉਣ ਵਾਲੀ ਕੰਪਨੀ ਵਿੱਚ ਇੰਜੀਨੀਅਰ ਬਣੇ ਅਤੇ 25 ਸਾਲ ਨੌਕਰੀ ਕੀਤੀ। ਮਿਸ਼ਨ ਪ੍ਰਤੀ ਉਨਾਂ ਦਾ ਝੁਕਾਅ ਬਹੁਤ ਜ਼ਿਆਦਾ ਸੀ। 1976 ਵਿੱਚ ਉਹਨਾਂ ਨੇ ਬੁੱਧ ਦੀਕਸ਼ਾ ਗ੍ਰਹਿਣ ਕੀਤੀ। ਬਹੁਜਨ ਮਹਾਂਪੁਰਸ਼ਾਂ ਦਾ ਲਿਟਰੇਚਰ ਹਮੇਸ਼ਾ ਉਹ ਆਪਣੇ ਪਾਸ ਰੱਖਿਆ ਕਰਦੇ ਸਨ, ਜਦੋਂ ਵੀ ਸਮਾਂ ਮਿਲਦਾ ਉਹ ਮਹਾਂਪੁਰਸ਼ਾਂ ਦੀਆਂ ਜੀਵਨੀਆਂ, ਸੰਘਰਸ਼ਾਂ ਬਾਰੇ ਪੜ੍ਹਦੇ ਰਹਿੰਦੇ ਸਨ। ਸ੍ਰੀ ਮਦਨ ਸਰੋਏ ਜੀ ਪ੍ਰੇਰਨਾ ਦਿੰਦੇ ਸਨ ਕਿ ਪ੍ਬੁੱਧ ਭਾਰਤ ਤਦ ਹੀ ਬਣੇਗਾ ਜਦ ਅਸੀਂ ਬਹੁਜਨ ਮਹਾਂਪੁਰਸ਼ਾਂ ਦੀਆਂ ਦੱਸੀਆਂ ਹੋਈਆਂ ਸਿੱਖਿਆਵਾਂ, ਸੰਦੇਸ਼ਾਂ ‘ਤੇ ਚੱਲਾਂਗੇ। ਬੇਗਮਪੁਰਾ ਸ਼ਹਿਰ ਤਦ ਵਸੇਗਾ , ਜਦ ਜਾਤ- ਪਾਤ ਰਹਿਤ ਸਮਾਜ ਦੀ ਸਿਰਜਣਾ ਹੋਵੇਗੀ। ਲੋਕ ਇਮਾਨਦਾਰੀ, ਲਗਨ, ਵਫਾਦਾਰੀ ਨਾਲ ਸੱਚੇ ਦਿਲੋਂ ਨਿਰਸਵਾਰਥ ਹੋ ਕੇ ਕੰਮ ਕਰਨਗੇ। ਸਾਰੇ ਮਨੁੱਖਾਂ ਵਿੱਚ ਸਮਾਨਤਾ, ਸੁਤੰਤਰਤਾ , ਭਾਈਚਾਰਾ ਤੇ ਸਹੀ ਨਿਆ ਹੋਵੇਗਾ। ਮਦਨ ਸਰੋਏ ਜੀ ਨੇ ਇਕ ਜੁਲਾਈ 2025 ਤੋਂ ਕੁਝ ਦਿਨ ਪਹਿਲਾਂ ਪਰਿਵਰਤਨ ਟੀਮ ਇਟਲੀ ਨਾਲ ਮਿਲ ਕੇ ਜੂਮ ਮੀਟਿੰਗ ਰਾਹੀਂ ਅੱਧੀ ਰਾਤ 2 ਵਜੇ ਐਮਰਜੈਂਸੀ ਹਸਪਤਾਲ ਦੇ ਬੈਡ ਤੋਂ ਕਿਤਾਬ “ਵਿਚਾਰਧਾਰਾ -ਲੁਪਤ ਤੇ ਗੁਪਤ” ਰਿਲੀਜ ਕਰਕੇ ਇੱਕ ਨਵਾਂ ਮੀਲ ਪੱਥਰ ਰੱਖਿਆ,ਜੋ ਰਹਿੰਦੀ ਦੁਨੀਆਂ ਤੱਕ ਸਾਰਿਆਂ ਦੇ ਦਿਲਾਂ ‘ਤੇ ਰਾਜ ਕਰਦਾ ਰਹੇਗਾ। ਜੂਮ ਮੀਟਿੰਗ ਵਿੱਚ ਇਟਲੀ ਤੋਂ ਅਸ਼ਵਨੀ ਕੁਮਾਰ, ਬਲਵਿੰਦਰ
ਝੱਮਟ, ਬਲਵੀਰ ਰੱਤੂ ,ਟੋਨੀ ਜੱਖੂ , ਵਿਸ਼ਾਲ ਖਹਿਰਾ, ਅਮਰਜੀਤ ਬੰਗੜ (ਨਿਊਜ਼ੀਲੈਂਡ) ਅਤੇ ਸੰਦੀਪ ਸਰੋਏ ਤਲਵਣ (ਭਾਰਤ) ਨੇ ਭਾਗ ਲਿਆ। ਜੂਮ ਮੀਟਿੰਗ ਵਿੱਚ ਸਮਾਜ ਪ੍ਰਤੀ ਅਤੇ ਬਹੁਜਨ ਮਹਾਂਪੁਰਸ਼ਾਂ ਦੀ ਵਿਚਾਰਧਾਰਾ ‘ਤੇ ਡੂੰਘੀਆਂ ਵਿਚਾਰਾਂ ਹੋਈਆਂ। ਸ੍ਰੀ ਮਦਨ ਸਰੋਏ ਜੀ ਨੇ ਬਹੁਜਨਾਂ ਨੂੰ ਮਿਸ਼ਨ ਦੀ ਜੰਗ ਜਾਰੀ ਰੱਖਣ ਲਈ ਸੱਦਾ ਦਿੱਤਾ। ਇਹ ਕਿਤਾਬ ਤੋਹਫੇ ਵਜੋਂ ਸਮਾਜ ਨੂੰ ਭੇਂਟ ਕੀਤੀ ਹੈ। ਜੋ ਸਰੋਏ ਜੀ ਦੀ ਯਾਦ ਨੂੰ “ਆਖਰੀ ਨਿਸ਼ਾਨੀ” ਵਜੋਂ ਹਮੇਸ਼ਾ ਲਈ ਕਾਇਮ ਰੱਖੇਗੀ।
-ਪ੍ਰਿੰਸੀਪਲ ਪਰਮਜੀਤ ਜੱਸਲ
ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ, ਬੁਲੰਦਪੁਰ ਜਲੰਧਰ – 98721 80653.



