ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਵਿਚ ਇਕ ਸਮਾਰੋਹ ਦੌਰਾਨ ਮਹਾਤਮਾ ਗਾਂਧੀ ਖ਼ਿਲਾਫ਼ ਕੀਤੀਆਂ ਗਈਆਂ ਕਥਿਤ ਟਿੱਪਣੀਆਂ ਦੀ ਆਲੋਚਨਾ ਕੀਤੀ ਅਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਹਵਾਲੇ ਨਾਲ ਅੱਜ ਕਿਹਾ ਕਿ ਉਨ੍ਹਾਂ ਦੇ ਵਿਚਾਰਾਂ ਨੂੰ ਕੈਦ ਨਹੀਂ ਕੀਤਾ ਜਾ ਸਕਦਾ। ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਗਾਂਧੀ ਨੇ ਹਿੰਦੂ ਧਾਰਮਿਕ ਆਗੂਆਂ ਦੇ ਇਕ ਵਰਗ ਵੱਲੋਂ ਐਤਵਾਰ ਨੂੰ ਰਾਏਪੁਰ ਵਿਚ ਇਕ ਧਾਰਮਿਕ ਸਮਾਰੋਹ ਦੌਰਾਨ ਮਹਾਤਮਾ ਗਾਂਧੀ ਦੇ ਕਾਤਲ ਨੱਥੂਰਾਮ ਗੋਡਸੋ ਦੀ ਪ੍ਰਸ਼ੰਸਾ ਕੀਤੇ ਜਾਣ ਦੀ ਘਟਨਾ ਦੇ ਮੱਦੇਨਜ਼ਰ ਇਹ ਟਿੱਪਣੀ ਕੀਤੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਮਹਾਤਮਾ ਗਾਂਧੀ ਦੇ ਹਵਾਲੇ ਨਾਲ ਕਿਹਾ, ‘‘ਤੁਸੀਂ ਮੈਨੂੰ ਜ਼ੰਜੀਰਾਂ ਵਿਚ ਕੈਦ ਕਰ ਸਕਦੇ ਹੋ, ਮੇਰੇ ’ਤੇ ਤਸ਼ੱਦਦ ਕਰ ਸਕਦੇ ਹੋ, ਇਸ ਸਰੀਰ ਨੂੰ ਨਸ਼ਟ ਕਰ ਸਕਦੇ ਹੋ, ਪਰ ਤੁਸੀਂ ਮੇਰੇ ਵਿਚਾਰਾਂ ਨੂੰ ਕਦੇ ਕੈਦ ਨਹੀਂ ਕਰ ਸਕਦੇ।’’ ਜ਼ਿਕਰਯੋਗ ਹੈ ਕਿ ਰਾਏਪੁਰ ਦੇ ਰਾਵਣਭਾਠਾ ਮੈਦਾਨ ਵਿਚ ਦੋ ਰੋਜ਼ਾ ‘ਧਰਮ ਸੰਸਦ’ ਦੇ ਆਖ਼ਰੀ ਦਿਨ ਹਿੰਦੂ ਧਾਰਮਿਕ ਆਗੂ ਕਾਲੀਚਰਨ ਮਹਾਰਾਜ ਨੇ ਆਪਣੇ ਭਾਸ਼ਣ ਦੌਰਾਨ ਰਾਸ਼ਟਰਪਿਤਾ ਖ਼ਿਲਾਫ਼ ਕਥਿਤ ‘ਅਪਮਾਨਜਨਕ’ ਟਿੱਪਣੀ ਕੀਤੀ ਸੀ। ਉਨ੍ਹਾਂ ਲੋਕਾਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਧਰਮ ਦੀ ਰੱਖਿਆ ਲਈ ਇਕ ਕੱਟੜ ਹਿੰਦੂ ਆਗੂ ਨੂੰ ਸਰਕਾਰ ਦੇ ਮੁਖੀ ਵਜੋਂ ਚੁਣਨਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly