ਮੇਰਠ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਮਾਜਵਾਦੀ ਪਾਰਟੀ ’ਤੇ ਹਮਲਾ ਕਰਦਿਆਂ ਕਿਹਾ ਕਿ ਇਸ ਪਾਰਟੀ ਦੀ ਪਿਛਲੀ ਸਰਕਾਰ ਦੇ ਕਾਰਜਕਾਲ ’ਚ ਅਪਰਾਧੀ ਅਤੇ ਮਾਫ਼ੀਆ ਸੂਬੇ ’ਚ ਗ਼ੈਰਕਾਨੂੰਨੀ ਕਬਜ਼ਿਆਂ ਦਾ ਟੂਰਨਾਮੈਂਟ ਖੇਡਦੇ ਸਨ ਪਰ ਮੌਜੂਦਾ ਭਾਜਪਾ ਸਰਕਾਰ ਹੁਣ ਉਨ੍ਹਾਂ ਨਾਲ ‘ਜੇਲ੍ਹ-ਜੇਲ੍ਹ’ ਖੇਡ ਰਹੀ ਹੈ।
ਸ੍ਰੀ ਮੋਦੀ ਨੇ ਮੇਰਠ ਦੇ ਸਰਧਨਾ ’ਚ 700 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਜਾ ਰਹੀ ਉੱਤਰ ਪ੍ਰਦੇਸ਼ ਦੀ ਪਹਿਲੀ ‘ਮੇਜਰ ਧਿਆਨ ਚੰਦ ਖੇਡ ਯੂਨੀਵਰਸਿਟੀ’ ਦਾ ਨੀਂਹ ਪੱਥਰ ਰੱਖਣ ਮਗਰੋਂ ਰੈਲੀ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ,‘‘ਬੇਟੀਆਂ ’ਤੇ ਫਿਕਰੇ ਕਸਣ ਵਾਲੇ ਲੋਕ ਖੁੱਲ੍ਹੇਆਮ ਘੁੰਮਦੇ ਸਨ। ਮੇਰਠ ਅਤੇ ਨੇੜਲੇ ਇਲਾਕਿਆਂ ਦੇ ਲੋਕ ਕਦੇ ਵੀ ਨਹੀਂ ਭੁੱਲ ਸਕਦੇ ਹਨ ਕਿ ਉਨ੍ਹਾਂ ਦੇ ਘਰ ਸਾੜ ਦਿੱਤੇ ਜਾਂਦੇ ਸਨ ਅਤੇ ਪਹਿਲਾਂ ਵਾਲੀ ਸਰਕਾਰ ਆਪਣੀ ਖੇਡ ’ਚ ਰੁੱਝੀ ਰਹਿੰਦੀ ਸੀ ਅਤੇ ਸ਼ਾਮ ਹੁੰਦੇ ਹੀ ਧੀਆਂ ਨੂੰ ਘਰਾਂ ਅੰਦਰ ਹੀ ਰਹਿਣਾ ਪੈਂਦਾ ਸੀ। ਪਰ ਹੁਣ ਯੋਗੀ ਸਰਕਾਰ ’ਚ ਅਜਿਹਾ ਮਾਹੌਲ ਬਣਿਆ ਹੈ ਕਿ ਮੇਰਠ ਦੀਆਂ ਧੀਆਂ ਪੂਰੇ ਮੁਲਕ ਦਾ ਨਾਮ ਰੌਸ਼ਨ ਕਰ ਰਹੀਆਂ ਹਨ।’’
ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਦੀਆਂ ਸਰਕਾਰਾਂ ਦੀ ਖੇਡ ਦਾ ਹੀ ਨਤੀਜਾ ਸੀ ਕਿ ਲੋਕ ਆਪਣੇ ਪੁਸ਼ਤੈਨੀ ਘਰ ਛੱਡ ਕੇ ਦੂਜੀਆਂ ਥਾਵਾਂ ’ਤੇ ਜਾਣ ਲਈ ਮਜਬੂਰ ਹੋ ਗੲੇ ਸਨ। ਖੇਡ ਯੂਨੀਵਰਸਿਟੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ,‘‘ਹੁਣ ਯੂਪੀ ’ਚ ਸਹੀ ਢੰਗ ਨਾਲ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਯੂਪੀ ਦੇ ਨੌਜਵਾਨਾਂ ਨੂੰ ਖੇਡਾਂ ਦੀ ਦੁਨੀਆ ’ਚ ਛਾ ਜਾਣ ਦਾ ਮੌਕਾ ਮਿਲ ਰਿਹਾ ਹੈ।’’ ਕੇਂਦਰ ’ਚ ਆਪਣੀ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 2018 ’ਚ ਦੇਸ਼ ਦੀ ਪਹਿਲੀ ਸਪੋਰਟਸ ਯੂਨੀਵਰਸਿਟੀ ਮਣੀਪੁਰ ’ਚ ਸਥਾਪਤ ਕੀਤੀ ਸੀ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ’ਚ ਵੀ ਖੇਡਾਂ ਨੂੰ ਤਰਜੀਹ ਦਿੱਤੀ ਗਈ ਹੈ।
ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਪਹਿਲਾਂ ਦੀਆਂ ਸਰਕਾਰਾਂ ’ਚ ਸਿਖਲਾਈ ਤੋਂ ਲੈ ਕੇ ਟੀਮਾਂ ਦੀ ਚੋਣ ਤੱਕ ਹਰ ਪੱਧਰ ’ਤੇ ਪੱਖਪਾਤ, ਬਰਾਦਰੀ ਦੀ ਖੇਡ, ਭ੍ਰਿਸ਼ਟਾਚਾਰ ਦੀ ਖੇਡ ਅਤੇ ਹਰ ਕਦਮ ’ਤੇ ਵਿਤਕਰਾ ਹੁੰਦਾ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਉਥੇ ਮੌਜੂਦ ਖਿਡਾਰੀਆਂ ਨਾਲ ਗੱਲਬਾਤ ਕੀਤੀ ਅਤੇ ਖੇਡ ਉਤਪਾਦਾਂ ਦੀ ਪ੍ਰਦਰਸ਼ਨੀ ਨੂੰ ਵੀ ਦੇਖਿਆ। ਉਹ ਮੇਰਠ ਦੇ ਕਾਲੀ ਪਲਟਨ ਮੰਦਰ ਵੀ ਗਏ ਅਤੇ ਪੂਜਾ ਵੀ ਕੀਤੀ। ਉਨ੍ਹਾਂ ਸ਼ਹੀਦ ਯਾਦਗਾਰੀ ਭਵਨ ’ਚ ਅਮਰ ਜਵਾਨ ਜੋਤੀ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ। ਸ੍ਰੀ ਮੋਦੀ ਨੇ ਆਜ਼ਾਦੀ ਦੀ ਜੰਗ ਦੇ ਪਹਿਲੇ ਸ਼ਹੀਦ ਕ੍ਰਾਂਤੀਕਾਰੀ ਮੰਗਲ ਪਾਂਡੇ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly