ਯੋਗੀ ਆਦਿੱਤਿਆਨਾਥ ਮੇਰੇ ਫੋਨ ਸੁਣ ਰਹੇ ਨੇ: ਅਖਿਲੇਸ਼

ਲਖਨਊ (ਸਮਾਜ ਵੀਕਲੀ):  ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਹੈ ਕਿ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਨ੍ਹਾਂ ਦੇ ਫੋਨ ਟੈਪ ਕਰਵਾ ਰਹੇ ਹਨ, ਰੋਜ਼ ਸ਼ਾਮ ਨੂੰ ਫੋਨ ਉਤੇ ਹੋਈ ਸਾਰੀ ਗੱਲਬਾਤ ਸੁਣ ਰਹੇ ਹਨ। ਯਾਦਵ ਨੇ ਦੋਸ਼ ਲਾਉਂਦਿਆਂ ਕਿਹਾ ਕਿ ਆਦਿੱਤਿਆਨਾਥ ਸਭ ਤੋਂ ਵੱਧ ‘ਅਣਉਪਯੋਗੀ’ ਮੁੱਖ ਮੰਤਰੀ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ‘ਯੂਪੀ’ ਤੇ ਯੋਗੀ ਨੂੰ ਮਿਲਾ ਕੇ ‘ਉਪਯੋਗੀ’ ਬਣਦਾ ਹੈ ਤੇ ਇਹੀ ਸੂਬੇ ਲਈ ਚੰਗਾ ਹੈ। ਯਾਦਵ ਨੇ ਵਾਅਦਾ ਕੀਤਾ ਕਿ ਜੇ ਸਪਾ ਸੱਤਾ ਵਿਚ ਆਈ ਤਾਂ ਜਾਤੀ ਅਧਾਰਿਤ ਜਨਗਣਨਾ ਕਰਵਾਈ ਜਾਵੇਗੀ।

ਅਖਿਲੇਸ਼ ਦੀ ਟਿੱਪਣੀ ’ਤੇ ਯੂਪੀ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਸਵਾਲ ਕੀਤਾ ਕਿ ਆਜ਼ਮ ਖਾਨ ਤੇ ਮੁਖਤਾਰ ਅੰਸਾਰੀ ਨੂੰ ਜੇਲ੍ਹ ਭੇਜਣਾ ਅਤੇ ਅਤੀਕ ਅਹਿਮਦ ਦੀ ਗੈਰਕਾਨੂੰਨੀ ਜਾਇਦਾਦ ਉਤੇ ਬੁਲਡੋਜ਼ਰ ਚਲਾਉਣਾ ‘ਅਣਉਪਯੋਗੀ’ ਕਿਵੇਂ ਹੋ ਸਕਦਾ ਹੈ। ਭਾਜਪਾ ਪ੍ਰਧਾਨ ਨੇ ਕਿਹਾ ਕਿ ਲੋਕ ਮੋਦੀ ਤੇ ਯੋਗੀ ਦੇ ਨਾਂ ਉਤੇ ਵੋਟ ਦੇਣ। ਜਾਤੀ, ਧਰਮ ਜਾਂ ਪੈਸੇ ਦੀ ਤਾਕਤ ਨੂੰ ਨਕਾਰ ਦੇਣ। ਅਖਿਲੇਸ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਯੂਪੀ ਵਿਚ ਆਪਣੀ ਹਾਰ ਦੇਖ ਹੁਣ ਕੇਂਦਰੀ ਏਜੰਸੀਆਂ ਦੀ ਵਿਰੋਧੀਆਂ ਖ਼ਿਲਾਫ਼ ਦੁਰਵਰਤੋਂ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਸਪਾ ਆਗੂਆਂ ਦੇ ਟਿਕਾਣਿਆਂ ’ਤੇ ਟੈਕਸ ਵਿਭਾਗ ਨੇ ਛਾਪੇ ਮਾਰੇ ਹਨ। ਅਖਿਲੇਸ਼ ਨੇ ਕਿਹਾ, ‘ਸਾਡੇ ਸਾਰੇ ਫੋਨ ਸੁਣੇ ਜਾ ਰਹੇ ਹਨ, ਯੋਗੀ ਰੋਜ਼ ਖ਼ੁਦ ਸੁਣਦੇ ਹਨ।’

ਸਪਾ ਪ੍ਰਧਾਨ ਨੇ ਪੱਤਰਕਾਰਾਂ ਨੂੰ ਕਿਹਾ ਕਿ ਜਦ ਉਹ ਉਨ੍ਹਾਂ ਨੂੰ ਫੋਨ ਕਰਨ ਤਾਂ ਸੁਚੇਤ ਰਹਿਣ। ਯਾਦਵ ਨੇ ਨਾਲ ਹੀ ਕਿਹਾ ਕਿ ਯੋਗੀ ਸਰਕਾਰ ਉੱਤਰ ਪ੍ਰਦੇਸ਼ ਵਿਚ ਵਟਸਐਪ ਯੂਨੀਵਰਸਿਟੀ ਚਲਾ ਰਹੀ ਹੈ। ਯਾਦਵ ਨੇ ਕਿਹਾ ਕਿ ਭਾਜਪਾ ਹੁਣ ਕਾਂਗਰਸ ਦੇ ਰਾਹ ਤੁਰ ਪਈ ਹੈ, ਜਦ ਵੀ ਹਾਰ ਨਜ਼ਰ ਆਉਂਦੀ ਹੈ ਇਹ ਏਜੰਸੀਆਂ ਵਰਤਦੀਆਂ ਹਨ। ਯਾਦਵ ਨੇ ਕਿਹਾ ਕਿ ਸੂਬੇ ਵਿਚ ਜਿਸ ਤਰ੍ਹਾਂ ਦਾ ਮਾਹੌਲ ਹੈ ਯੋਗੀ ਸਰਕਾਰ ਹੁਣ ਨਹੀਂ ਬਚੇਗੀ। ਲੋਕਾਂ ਨੇ ਮਨ ਬਣਾ ਲਿਆ ਹੈ ਤੇ ਉਹ ‘ਯੋਗ’ ਸਰਕਾਰ ਚਾਹੁੰਦੇ ਹਨ। ਸਮਾਜਵਾਦੀ ਪਾਰਟੀ ਸੁਪਰੀਮੋ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਯੋਗੀ ਜ਼ਿਲ੍ਹਿਆਂ ਵਿਚ ਮੈਜਿਸਟਰੇਟ ਤੇ ਐੱਸਪੀ ਆਪਣੀ ਜਾਤੀ ਦੇ ਲਾ ਰਹੇ ਹਨ ਤਾਂ ਕਿ ਭਾਜਪਾ ਉਮੀਦਵਾਰ ਜਿੱਤ ਸਕਣ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਨ ਸਭਾ ਚੋਣਾਂ: ਭਾਜਪਾ ਵੱਲੋਂ ਉਤਰਾਖੰਡ ਤੇ ਯੂਪੀ ਲਈ 150 ਆਗੂ ਤਾਇਨਾਤ
Next articleਮਿਲਟਰੀ ਲਿਟਰੇਚਰ ਫੈਸਟੀਵਲ-2021 ਸਮਾਪਤ