ਮਿਲਟਰੀ ਲਿਟਰੇਚਰ ਫੈਸਟੀਵਲ-2021 ਸਮਾਪਤ

ਚੰਡੀਗੜ੍ਹ (ਸਮਾਜ ਵੀਕਲੀ):  ਸੈਨਾ ਸਿਖ਼ਲਾਈ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਂਟ ਜਨਰਲ ਰਾਜ ਸ਼ੁਕਲਾ ਨੇ ਅੱਜ ਕਿਹਾ ਕਿ ਫੀਲਡ ਮਾਰਸ਼ਲ ਐੱਸਐੱਚਐੱਫਜੇ ਮਾਨਕਸ਼ਾਅ ਨੇ ਅਗਵਾਈ ਦੇ ਆਪਣੇ ਵਿਲੱਖਣ ਅੰਦਾਜ਼ ਵਿਚ ਹਮੇਸ਼ਾ ਮੁੱਦਿਆਂ ਦੇ ਤੱਤ ਨੂੰ ਅੰਦਾਜ਼ ਨਾਲੋਂ ਉਤੇ ਰੱਖਿਆ। ਉਨ੍ਹਾਂ ਫ਼ੌਜੀ ਲੀਡਰਸ਼ਿਪ ਦੇ ਸੰਦਰਭ ਵਿਚ ਵੱਖਰੀ ਪਿਰਤ ਪਾਈ। ਉਨ੍ਹਾਂ ਦੀ ਅਗਵਾਈ ਪੂਰੀ ਤਰ੍ਹਾਂ ਦਿਮਾਗ ਲਾਉਣ ਉਤੇ ਕੇਂਦਰਿਤ ਸੀ ਅਤੇ ਉਹ ਸਵੈ-ਵਿਸ਼ਵਾਸ ਨਾਲ ਭਰੇ ਰਹਿੰਦੇ ਸਨ। ਉਨ੍ਹਾਂ ਦੀ ਪਹੁੰਚ ਹਮੇਸ਼ਾ ਵਿਹਾਰਕ ਰਹੀ। ਮਿਲਟਰੀ ਲਿਟਰੇਚਰ ਫੈਸਟੀਵਲ ਦੇ ਆਖਰੀ ਦਿਨ ਸੰਬੋਧਨ ਕਰਦਿਆਂ ਲੈਫਟੀਨੈਂਟ ਜਨਰਲ ਸ਼ੁਕਲਾ ਨੇ ਕਿਹਾ ਕਿ 1971 ਦੀ ਜੰਗ ਵਿੱਚ ਭਾਰਤ ਨੂੰ ਜਿੱਤ ਤੱਕ ਲਿਜਾਣ ਵਾਲੇ ਮਾਨਕਸ਼ਾਹ ਮਹਾਨ ਆਗੂ ਸਨ।

ਲੈਫ਼ਟੀਨੈਂਟ ਜਨਰਲ ਸ਼ੁਕਲਾ ਨੇ ਕਿਹਾ ਕਿ 1971 ਦੀ ਜੰਗ ਵੇਲੇ ਡੀ ਫੈਕਟੋ ਸੀਡੀਐੱਸ ਸਨ ਕਿਉਂਕਿ ਉਨ੍ਹਾਂ ਵਿੱਚ ਤਿੰਨਾਂ ਸੈਨਾਵਾਂ ਨੂੰ ਬਰਾਬਰ ਅਗਵਾਈ ਦੇਣ ਦੀ ਸਮਰੱਥਾ ਸੀ। ਏਕੀਕ੍ਰਿਤ ਰੱਖਿਆ ਨੀਤੀ ’ਤੇ ਵੀ ਉਨ੍ਹਾਂ ਦੀ ਚੰਗੀ ਪਕੜ ਸੀ। ਉਨ੍ਹਾਂ ਕਿਹਾ ਕਿ ਸੈਮ ਦਾ ਜੀਵਨ ਮੁੱਢਲੇ ਦੌਰ ਵਿੱਚ ਬਹਾਦਰੀ ਤੇ ਡੂੰਘੀ ਪੇਸ਼ੇਵਰ ਸਮਰੱਥਾ ਦੀ ਗਵਾਹੀ ਭਰਦਾ ਹੈ। ਉਨ੍ਹਾਂ ਸਫ਼ਲਤਾ ਨੂੰ ਕਦੇ ਹਾਵੀ ਨਹੀਂ ਹੋਣ ਦਿੱਤਾ ਤੇ ਆਪਣੀਆਂ ਪ੍ਰਾਪਤੀਆਂ ਦਾ ਗੁਣਗਾਣ ਨਹੀਂ ਕੀਤਾ। ਮਿਲਟਰੀ ਲਿਟਰੇਚਰ ਫੈਸਟੀਵਲ-2021 ਦੇ ਚੌਥੇ ਦਿਨ ਸੇਵਾਮੁਕਤ ਆਈਏਐੱਸ ਐੱਸਐੱਸ ਬੋਪਾਰਾਏ, ਮੇਜਰ (ਸੇਵਾਮੁਕਤ) ਜਨਰਲ ਪੁਸ਼ਪੇਂਦਰ ਸਿੰਘ ਅਤੇ ਕਰਨਲ ਅਰੁਣ ਠਾਕੁਰ ਨੇ 1971 ਦੀ ਜੰਗ ਵਿੱਚ ਭਾਰਤ ਦੀ ਜਿੱਤ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਔਖੇ ਸਮੇਂ ਵਿੱਚ ਵੀ ਦਲੇਰੀ ਨਾਲ ਦੁਸ਼ਮਣ ਦਾ ਸਾਹਮਣਾ ਕੀਤਾ।

ਇਸੇ ਸਦਕਾ 1971 ਦੀ ਜੰਗ ਵਿੱਚ ਭਾਰਤ ਵੱਡੀ ਜਿੱਤ ਹਾਸਲ ਕਰ ਸਕਿਆ। ਇਸ ਮੌਕੇ ‘ਦਿ ਰੇਸ ਟੂ ਢਾਕਾ’ ਬਾਰੇ ਬ੍ਰਿਗੇਡੀਅਰ ਓਐੱਸ ਗੁਰਾਇਆ, ਬ੍ਰਿਗੇਡੀਅਰ ਪੀਕੇ ਘੋਸ਼ ਅਤੇ ਮੇਜਰ ਚੰਦਰਕਾਂਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸੀਏਸ਼ਨ ਦੇ ਚੇਅਰਮੈਨ ਟੀਐੱਸ ਸ਼ੇਰਗਿੱਲ ਨੇ ਦੱਸਿਆ ਕਿ 1971 ਦੀ ਭਾਰਤ-ਪਾਕਿ ਜੰਗ ਦੀ ਗੋਲਡਨ ਜੁਬਲੀ ’ਤੇ ਆਧਾਰਿਤ ਪੰਜਵੇਂ ਮਿਲਟਰੀ ਲਿਟਰੇਚਰ ਫੈਸਟੀਵਲ-2021 ਵਿੱਚ ਵੱਖ-ਵੱਖ ਮੁੱਦਿਆਂ ’ਤੇ ਵਿਚਾਰ ਸਾਂਝੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫੈਸਟੀਵਲ ਦਾ ਮੁੱਖ ਮੰਤਵ ਦੇਸ਼ ਦੇ ਨੌਜਵਾਨਾਂ ਨੂੰ ਹੋ ਚੁੱਕੀਆਂ ਜੰਗਾਂ ਬਾਰੇ ਜਾਣੂ ਕਰਵਾਉਣਾ ਸੀ। ਉਨ੍ਹਾਂ ਕਿਹਾ ਕਿ ਅਗਲੇ ਸਾਲ ਮੁੜ ਮਿਲਟਰੀ ਲਿਟਰੇਚਰ ਫੈਸਟੀਵਲ ਕਰਾਇਆ ਜਾਵੇਗਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗੀ ਆਦਿੱਤਿਆਨਾਥ ਮੇਰੇ ਫੋਨ ਸੁਣ ਰਹੇ ਨੇ: ਅਖਿਲੇਸ਼
Next articleਓਮੀਕਰੋਨ ਦੇ ਕੇਸਾਂ ਦੀ ਗਿਣਤੀ 153 ਹੋਈ