HOME ਯੋਗਾ ਦਿਵਸ

ਯੋਗਾ ਦਿਵਸ

ਮੰਜੂ ਰਾਇਕਾ
     (ਸਮਾਜ ਵੀਕਲੀ)   ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਇਨਸਾਨ ਤੰਦਰੁਸਤੀ ਦੀ ਖੋਜ ਕਰ ਰਿਹਾ ਹੈ। ਇਹ ਖੋਜ ਸਿਰਫ਼ ਸਰੀਰਕ ਸਿਹਤ ਦੀ ਨਹੀਂ, ਸਗੋਂ ਮਾਨਸਿਕ ਸ਼ਾਂਤੀ ਅਤੇ ਆਤਮਿਕ ਸੰਤੁਲਨ ਦੀ ਵੀ ਹੈ। ਐਸੇ ਵਿੱਚ ਯੋਗਾ ਸਾਡੀ ਜ਼ਿੰਦਗੀ ਦਾ ਉਹ ਰਸਤਾ ਹੈ ਜੋ ਸਾਨੂੰ ਆਪਣੇ ਅੰਦਰਲੀ ਦੁਨੀਆਂ ਨਾਲ ਜੋੜਦਾ ਹੈ। ਯੋਗਾ ਸਾਨੂੰ ਸਿਖਾਉਂਦਾ ਹੈ ਕਿ ਅਸਲ ਖੁਸ਼ੀ ਬਾਹਰ ਨਹੀਂ, ਸਗੋਂ ਅੰਦਰ ਹੈ।ਯੋਗਾ ਦੀ ਸ਼ੁਰੂਆਤ ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿੱਚ ਹੋਈ। ਇਹ ਸਿਰਫ਼ ਕਸਰਤ ਨਹੀਂ, ਸਗੋਂ ਇੱਕ ਆਤਮਕ ਵਿਗਿਆਨ ਹੈ ਜੋ ਮਨ, ਸਰੀਰ ਅਤੇ ਆਤਮਾ ਤਿੰਨਾਂ ਨੂੰ ਇਕੱਠਾ ਕਰਦਾ ਹੈ। ਮਹਾਨ ਰਿਸ਼ੀਆਂ ਨੇ ਇਸ ਰਾਹੀਂ ਅੰਦਰੂਨੀ ਅਨੰਦ ਦੀ ਪ੍ਰਾਪਤੀ ਕੀਤੀ ਅਤੇ ਲੋਕਾਂ ਨੂੰ ਵੀ ਇਹ ਰਸਤਾ ਦੱਸਿਆ। ਇਹ ਸਾਡੀ ਸੰਸਕ੍ਰਿਤਕ ਧਰੋਹਰ ਹੈ ਜਿਸ ਉੱਤੇ ਅਸੀਂ ਮਾਣ ਕਰ ਸਕਦੇ ਹਾਂ। 2014 ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ‘ਚ ਯੋਗਾ ਦਿਵਸ ਦੀ ਪੇਸ਼ਕਸ਼ ਕੀਤੀ। 177 ਦੇਸ਼ਾਂ ਨੇ ਇਸ ਨੂੰ ਸਹਿਮਤੀ ਦਿੱਤੀ ਅਤੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਵਜੋਂ ਮਨਾਉਣ ਦੀ ਘੋਸ਼ਣਾ ਹੋਈ। 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਹੈ ਜੋ ਰੋਸ਼ਨੀ ਅਤੇ ਉਤਸ਼ਾਹ ਦਾ ਪ੍ਰਤੀਕ ਹੈ। 2015 ਤੋਂ ਲੈ ਕੇ ਇਹ ਦਿਨ ਹਰ ਸਾਲ ਵਿਸ਼ਵ ਪੱਧਰ ‘ਤੇ ਮਨਾਇਆ ਜਾਂਦਾ ਹੈ। ਯੋਗਾ ਦੇ ਅਨੇਕ ਲਾਭ ਹਨ। ਇਹ ਸਰੀਰ ਨੂੰ ਲਚਕਦਾਰ ਬਣਾਉਂਦਾ ਹੈ, ਮਨ ਨੂੰ ਸ਼ਾਂਤ ਕਰਦਾ ਹੈ, ਸਰੀਰ ਨੂੰ ਆਰਾਮ ਦਿੰਦਾ ਹੈ, ਤਣਾਅ ਘਟਾਉਂਦਾ ਹੈ ਅਤੇ ਨੀਂਦ ਵਿੱਚ ਸੁਧਾਰ ਲਿਆਉਂਦਾ ਹੈ। ਯੋਗਾ ਸਾਡੇ ਦਿਲ, ਫੇਫੜੇ, ਮਾਸਪੇਸ਼ੀਆਂ ਅਤੇ ਮਨ ਨੂੰ ਤੰਦਰੁਸਤ ਰੱਖਦਾ ਹੈ। ਇਹ ਨਿਰਭਰਤਾ, ਆਤਮ-ਵਿਸ਼ਵਾਸ ਅਤੇ ਆਤਮ-ਅਨੁਭੂਤੀ ਪੈਦਾ ਕਰਦਾ ਹੈ। ਅੱਜ ਦੇ ਸਮੇਂ ਵਿੱਚ ਜਿੱਥੇ ਬਚੇ ਤੋਂ ਲੈ ਕੇ ਵੱਡੇ ਤੱਕ ਤਣਾਅ, ਡਿਪ੍ਰੈਸ਼ਨ ਅਤੇ ਬਿਮਾਰੀਆਂ ਨਾਲ ਜੂਝ ਰਹੇ ਹਨ, ਉੱਥੇ ਯੋਗਾ ਇੱਕ ਚਮਤਕਾਰੀ ਇਲਾਜ ਸਾਬਤ ਹੋ ਰਿਹਾ ਹੈ। ਵਿਦਿਆਰਥੀ ਹੋਣ ਜਾਂ ਕਰਮਚਾਰੀ, ਮਹਿਲਾ ਹੋਣ ਜਾ ਹੋਰ ਕੋਈ ਵੀ ਰੋਜ਼ਾਨਾ ਥੋੜਾ ਸਮਾਂ ਕੱਢ ਕੇ ਯੋਗਾ ਕਰਕੇ ਆਪਣੀ ਜ਼ਿੰਦਗੀ ਵਿੱਚ ਵਧੇਰੇ ਉਤਸ਼ਾਹ ਅਤੇ ਊਰਜਾ ਲਿਆ ਸਕਦਾ ਹੈ। ਯੋਗਾ ਸਾਨੂੰ ਆਪਣੇ ਅਸਲੀ ਰੂਪ ਦੀ ਪਹਿਚਾਨ ਕਰਵਾਉਂਦਾ ਹੈ। ਇਹ ਸਾਨੂੰ ਦੱਸਦਾ ਹੈ ਕਿ ਅਸੀਂ ਸਿਰਫ਼ ਹੱਡੀਆਂ ਅਤੇ ਮਾਸ ਦਾ ਗਠਜੋੜ ਨਹੀਂ, ਸਗੋਂ ਚੇਤਨਾ, ਸਾਂਸ ਅਤੇ ਆਤਮਾ ਦਾ ਜੀਵੰਤ ਰੂਪ ਹਾਂ। ਜਦ ਅਸੀਂ ਰੋਜ਼ਾਨਾ ਯੋਗਾ ਕਰਦੇ ਹਾਂ, ਤਾਂ ਇਹ ਸਾਡੀ ਆਤਮਿਕ ਉੱਚਾਈ ਵਧਾਉਂਦਾ ਹੈ।ਅੰਤਰਰਾਸ਼ਟਰੀ ਯੋਗਾ ਦਿਵਸ ਸਿਰਫ਼ ਇੱਕ ਦਿਨ ਮਨਾਉਣ ਦੀ ਘੜੀ ਨਹੀਂ, ਸਗੋਂ ਇੱਕ ਵਚਨ ਲੈਣ ਦਾ ਮੌਕਾ ਹੈ ਕਿ ਅਸੀਂ ਯੋਗਾ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰਾਂਗੇ। ਇਸ ਰਾਹੀਂ ਅਸੀਂ ਨਾ ਸਿਰਫ਼ ਆਪਣੇ ਆਪ ਨੂੰ, ਸਗੋਂ ਸਾਰੀ ਮਨੁੱਖਤਾ ਨੂੰ ਸ਼ਾਂਤੀ ਅਤੇ ਤੰਦਰੁਸਤੀ ਵੱਲ ਲੈ ਜਾ ਸਕਦੇ ਹਾਂ।
ਮੰਜੂ ਰਾਇਕਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੈਨੂੰ ਅਜ਼ਮਾਇਆ ਬਹੁਤ ….
Next article*ਅੰਤਰਰਾਸ਼ਟਰੀ ਯੋਗ ਦਿਵਸ*