ਕੱਲ੍ਹ ਤੇ ਅੱਜ

(ਸਮਾਜ ਵੀਕਲੀ)

ਨਿੱਕੇ ਹੁੰਦਿਆਂ ਪਿੰਡੋਂ ਜਦੋਂ ਹੋਲੇ ਮਹੱਲੇ ਦੇ ਮੌਕੇ ਤੇ ਟਰਾਲੀਆਂ ਸ਼੍ਰੀ ਅਨੰਦਪੁਰ ਸਾਹਿਬ ਜਾਂਦੀਆਂ ਸੀ । ਬੜਾ ਮਨ ਕਰਦਾ ਹੁੰਦਾ ਸੀ ਕਿ ਮੈਂ ਜਾਵਾਂ । ਪਰ ਨਿੱਕਾ ਹੋਣ ਕਰਕੇ ਬੀਬੀ ਭੇਜਦੀ ਨਹੀਂ ਸੀ।

ਆਪ ਬੀਬੀ ਨਾਲ ਚਲੀ ਜਾਵੇ ਐਨਾ ਉਸ ਕੋਲ ਸਮਾਂ ਨਹੀਂ ਹੁੰਦਾ ਸੀ । ਕਿਉਂਕਿ ਭਾਪੇ ( ਪਿਤਾ ) ਦੀ ਮੌਤ ਤੋਂ ਬਾਅਦ ਸਾਰੀ ਕਬੀਲਦਾਰੀ ਉਸਦੇ ਸਿਰ ਸੀ। ਤਿੰਨ ਚਾਰ ਦਿਨ ਘਰੋਂ ਬਾਹਰ ਰਹਿਣਾ ਬੀਬੀ ਲਈ ਆਸਾਨ ਨਹੀਂ ਸੀ ।

ਇਕ ਵਾਰ ਹੋਲੇ ਮਹੱਲੇ ਮੌਕੇ ਮੈਂ ਅਨੰਦਪੁਰ ਸਾਹਿਬ ਜਾਣ ਦੀ ਜਿੱਦ ਵਿਚ ਕੁੱਟ ਖਾਕੇ ਰੋ ਰਿਹਾ ਸੀ। ਕਿ ਐਨੇ ਨੂੰ ਤਸਵੀਰ ਵਿਚ ਨਾਲ ਖੜੇ ਵੱਡੇ ਭਾਈ ( ਤਾਇਆ ਜੀ ਦੇ ਲੜਕੇ ) ਸਾਹਿਬ ਘਰ ਆਏ । ਜੋ ਕਿ ਦੁਬਈ ਤੋਂ ਤਿੰਨ ਸਾਲ ਬਾਅਦ ਛੁਟੀ ਤੇ ਪਿੰਡ ਆਏ ਹੋਏ ਸੀ।

ਉਨ੍ਹਾਂ ਨੇ ਜਦੋਂ ਮੇਰੇ ਰੋਣ ਦਾ ਕਾਰਨ ਪੁੱਛਿਆ ਤਾਂ ਮੈਂ ਦੱਸਿਆ ਕਿ ਮੈਂ ਅਨੰਦਪੁਰ ਸਾਹਿਬ ਜਾਣਾ ਬੀਬੀ ਜਾਣ ਨਹੀਂ ਦਿੰਦੇ ।

ਬੀਬੀ ਨੂੰ ਪੁੱਛਿਆ ਕੇ ਕਿਉਂ ਭੇਜਦੇ ਤਾਂ ਬੀਬੀ ਨੇ ਆਪਣੀ ਮਜਬੂਰੀ ਦੱਸੀ।

ਉਸੇ ਸਮੇਂ ਭਾਅਜੀ ਨੇ ਕਿਹਾ ਚੱਲ ਤਿਆਰ ਹੋ ਆਪਾਂ ਚੱਲਦੇ ਹਾਂ ।

ਉਦੋਂ ਪਹਿਲੀ ਵਾਰ ਪਿੰਡੋਂ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਗਏ ਸੀ।

ਇਸ ਗੱਲ ਨੂੰ 20 ਸਾਲ ਦੇ ਕਰੀਬ ਹੋ ਗਏ ਹਨ ਪਰ ਉਦੋਂ ਤੋਂ ਲੈਕੇ ਹੁਣ ਤੱਕ ਹਰ ਸਾਲ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਜਾਂਦਾ ਹਾਂ ।

20 ਸਾਲ ਪਹਿਲਾਂ ਜਿਸ ਵੱਡੇ ਭਾਈ ਦੀ ਉਂਗਲੀ ਫੜਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਪਰਿਕਰਮਾ ਵਿਚ ਮੱਥਾ ਟੇਕਿਆ ਸੀ ।
ਅਨੰਦਪੁਰ ਸਾਹਿਬ ਦੀਆਂ ਗਲੀਆਂ ਵਿੱਚ ਘੁੱਮੇ ਸੀ।

ਅੱਜ ਉਸੇ ਭਾਈ ਨੂੰ ਆਪਣੇ ਪਿੱਛੇ ਮੋਟਰਸਾਈਕਲ ਤੇ ਬਿਠਾ ਕੇ ਅਨੰਦਪੁਰ ਸਾਹਿਬ ਮੱਥਾ ਟੇਕ ਕੇ ਆਏ ਹਾਂ ।

ਸਮਾਂ ਆਪਣੀ ਚਾਲ ਚਲਦਾ ਜਾਂਦਾ ਹੈ। ਬਹੁਤ ਬਣਦਾ ,ਮਿਟਦਾ ਰਹਿੰਦਾ ਹੈ । ਪਰ ਜੇ ਕੁਝ ਨਹੀਂ ਮਿਟਦਾ ਤਾਂ ਉਹ ਹੈ ਆਪਣਿਆਂ ਨਾਲ ਬਿਤਾਏ ਪਲਾਂ ਦੀਆਂ ਯਾਦਾਂ । ਜੋ ਸਾਰੀ ਉਮਰ ਨਾਲ ਰਹਿੰਦੀਆਂ ਹਨ ।

ਸੋਨੂੰ ਮੰਗਲ਼ੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleMigrants easy targets to blame for economic woes: Ex-Consul General