ਇਜ਼ਰਾਈਲ ਤੇ ਫਲਸਤੀਨ ਵਿਚਾਲੇ ਸਾਲਾਂ ਬਾਅਦ ਉੱਚ ਪੱਧਰੀ ਵਾਰਤਾ

ਯੇਰੂਸ਼ਲੱਮ (ਸਮਾਜ ਵੀਕਲੀ):  ਇਜ਼ਰਾਈਲ ਦੇ ਰੱਖਿਆ ਮੰਤਰੀ ਬੈਨੀ ਗੈਂਟਜ਼ ਨੇ ਲੰਘੀ ਰਾਤ ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨਾਲ ਮੁਲਾਕਾਤ ਕੀਤੀ। ਦੋਵਾਂ ਧਿਰਾਂ ਵਿਚਾਲੇ ਸਾਲਾਂ ਬਾਅਦ ਇਹ ਪਹਿਲੀ ਉੱਚ ਪੱਧਰੀ ਮੁਲਾਕਾਤ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਅਨੁਸਾਰ ਮੀਟਿੰਗ ’ਚ ਇਜ਼ਰਾਈਲ ਦੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਰਾਮੱਲ੍ਹਾ ’ਚ ਹੋਈ ਜਿੱਥੇ ਅੱਬਾਸ ਪ੍ਰਸ਼ਾਸਨ ਦਾ ਮੁੱਖ ਦਫ਼ਤਰ ਹੈ। ਗੈਂਟਜ਼ ਦੇ ਦਫ਼ਤਰ ਨੇ ਇੱਕ ਬਿਆਨ ’ਚ ਕਿਹਾ ਕਿ ਗੈਂਟਜ਼ ਨੇ ਅੱਬਾਸ ਨੂੰ ਕਿਹਾ ਕਿ ਇਜ਼ਰਾਈਲ ਫਲਸਤੀਨ ਦੇ ਅਰਥਚਾਰੇ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕੇਗਾ। ਅੱਬਾਸ ਦੇ ਕਰੀਬੀ ਸਹਿਯੋਗੀ ਹੁਸੈਨ ਸ਼ੇਖ ਨੇ ਟਵਿੱਟਰ ਰਾਹੀਂ ਮੀਟਿੰਗ ਦੀ ਪੁਸ਼ਟੀ ਕੀਤੀ ਹੈ।

ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਰਾਜ ’ਚ ਕੁਝ ਸਾਲਾਂ ਦੌਰਾਨ ਅੱਬਾਸ ਤੇ ਇਜ਼ਰਾਇਲੀ ਆਗੂਆਂ ਵਿਚਾਲੇ ਵਾਰਤਾ ਤਕਰੀਬਨ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ। ਅਜਿਹੇ ’ਚ ਗੈਂਟਜ਼ ਤੇ ਅੱਬਾਸ ਵਿਚਾਲੇ ਹੋਈ ਗੱਲਬਾਤ ਨੂੰ ਰੁਖ਼ ’ਚ ਤਬਦੀਲੀ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਨੇਤਨਯਾਹੂ ਨੂੰ ਫਲਸਤੀਨ ਪ੍ਰਤੀ ਕੱਟੜ ਨੀਤੀ ’ਤੇ ਚੱਲਣ ਵਾਲੇ ਨੇਤਾ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਹਮਾਇਤ ਹਾਸਲ ਸੀ। ਟਰੰਪ ਨੇ ਇਜ਼ਰਾਈਲ ’ਚ ਅਮਰੀਕੀ ਦੂਤਾਵਾਸ ਨੂੰ ਤਲ ਅਵੀਲ ਤੋਂ ਯੇਰੂਸ਼ਲੇਮ ਤਬਦੀਲ ਕਰਨ ਵਰਗੀਆਂ ਇਜ਼ਰਾਈਲ ਹਮਾਇਤੀ ਨੀਤੀਆਂ ਨੂੰ ਮਨਜ਼ੂਰੀ ਦਿੱਤੀ ਸੀ। ਉਨ੍ਹਾਂ ਸਾਲਾਂ ਦੌਰਾਨ ਅੱਬਾਸ ਨੇ ਅਮਰੀਕਾ ਤੇ ਇਜ਼ਰਾਈਲ ਨਾਲ ਗੱਲਬਾਤ ਬੰਦ ਕਰ ਦਿੱਤੀ ਸੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਈਪੀਐੱਲ ’ਚ ਦੋ ਹੋਰ ਨਵੀਆਂ ਟੀਮਾਂ ਆਉਣ ਨੋਟਾਂ ’ਚ ਖੇਡੇਗਾ ਬੀਸੀਸੀਆਈ
Next articleSteyn was my go-to bowler: Ex-SA skipper Smith