ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਹਰ ਜੂਨ ਵਿੱਚ ਹਰ ਰੂਪ ਵਿੱਚ ਪਹਿਲੀ ਅਧਿਆਪਕ ਮਾਂ ਹੀ ਹੁੰਦੀ। ਮਾਂ ਜੋ ਜਨਮ ਦਿੰਦੀ, ਜਨਮ ਲੈਣ ਤੋਂ ਪਹਿਲਾਂ ਤੋਂ ਭੋਜਨ ਦਿੰਦੀ, ਜਨਮ ਲੈਣ ਤੋਂ ਪਹਿਲਾਂ ਤੋਂ ਆਕਾਰ ਦਿੰਦੀ, ਜਨਮ ਲੈਣ ਤੋਂ ਪਹਿਲਾਂ ਤੋਂ ਸੰਸਕਾਰ ਦਿੰਦੀ। ਮਾਂ ਤੋਂ ਵੱਡਾ ਕੋਈ ਅਧਿਆਪਕ ਨਹੀਂ ਹੋ ਸਕਦਾ। ਮਾਂ ਜੋ ਬੋਲਣਾ ਸਿਖਾਉਂਦੀ। ਮਾਂ ਜੋ ਰੋਣ ਤੇ ਦੁੱਧ ਪਿਆਉਂਦੀ। ਮਾਂ ਜੋ ਜਦ ਤੱਕ ਜਿਉਂਦੀ ਮਾਂ ਹੀ ਰਹਿੰਦੀ। ਮਾਂ ਜਿਸ ਦੇ ਪਿਆਰ ਦੀ ਕੋਈ ਸ਼ਰਤ ਨਹੀਂ ਹੁੰਦੀ।
ਦੂਜਾ ਅਧਿਆਪਕ ਹੋਣ ਦਾ ਦਰਜਾ ਕੁਦਰਤ ਲੈਂਦੀ। ਕੁਦਰਤ ਜੋ ਦਿਨ ਰਾਤ ਨੂੰ ਚਲਾਉਂਦੀ। ਸੂਰਜ ਚੰਦ ਤਾਰੇ ਵਿਖਾਉਂਦੀ। ਜੋ ਵੱਖ-ਵੱਖ ਮੌਸਮ ਦਿਖਾਉਂਦੀ। ਜੋ ਹਰ ਵੇਲੇ ਸਾਡਾ ਸਾਥ ਨਿਭਾਉਂਦੀ। ਕੁਦਰਤ ਜਿਸ ਦਾ ਦਿੱਤਾ ਖਾਂਦੇ। ਜਿਸ ਦਾ ਦਿੱਤਾ ਪਾਉਂਦੇ। ਜੋ ਹਰ ਵੇਲੇ ਸਾਥ ਨਿਭਾਉਂਦੀ। ਚਲਦੀਆਂ ਹੋਣ ਜਦੋਂ ਸਖ਼ਤ ਹਵਾਵਾਂ ਹਵਾ ਦਾ ਠੰਡਾ ਬੁੱਲਾ ਕਿਤੋਂ ਲੈ ਆਉਂਦੀ। ਲੂ ਤੋਂ ਬਚਾਉਣ ਲਈ ਮੀਂਹ ਲਿਆਉਂਦੀ। ਦਰਖਤਾਂ ਤੇ ਸਾਡੇ ਖਾਣ ਲਈ ਮਿੱਠੇ ਮਿੱਠੇ ਫਲ ਲਾਉਂਦੀ। ਕੁਦਰਤ ਜੋ ਜੀਵ ਜੰਤੂ, ਪਸੂ ਪੰਛੀ, ਬਨਸਪਤੀ ਹਰ ਕਿਸੇ ਦੀ ਮਾਂ ਹੁੰਦੀ।
ਕੁਦਰਤ ਹੀ ਬੀਜ ਨੂੰ ਪੁੰਗਰਨ ਲਾਉਂਦੀ, ਬੂਟਾ ਬਣਾਉਂਦੀ, ਬੂਟੇ ਤੋਂ ਰੁੱਖ ਬਣਾਉਂਦੀ, ਰੁੱਖਾਂ ਤੇ ਫਲ ਲਾਉਂਦੀ, ਫਲਾਂ ਤੋਂ ਫਿਰ ਬੀਜ ਬਣਾਉਂਦੀ।
ਤੀਜੇ ਅਧਿਆਪਕ ਉਹ ਹੁੰਦੇ ਜੋ ਰਸਮੀ ਵਿਦਿਆ ਦਿੰਦੇ। ਲਿਖਣਾ ਸਿਖਾਉਂਦੇ। ਵਰਣ,ਸ਼ਬਦ, ਅੱਖਰ, ਵਾਕ, ਵਿਆਕਰਣ ਸਭ ਸਮਝਾਉਂਦੇ। ਜੋ ਜਮਾ ਘਟਾਓ ਸਿਖਾਉਂਦੇ। ਆਪਣੇ ਦਿਲ ਦੀ ਗੱਲ ਨੂੰ ਸ਼ਬਦਾਂ ਵਿੱਚ ਲਿਖਣਾ ਸਿਖਾਉਂਦੇ। ਜੋ ਕਦੇ ਗਣਿਤ, ਕਦੇ ਅੰਗਰੇਜ਼ੀ, ਕਦੇ ਪੰਜਾਬੀ, ਕਦੇ ਹਿੰਦੀ, ਕਦੇ ਵਿਗਿਆਨ ਤੇ ਕਦੇ ਸਮਾਜਿਕ ਸਿੱਖਿਆ ਪੜਾਉਂਦੇ। ਜੋ ਤੁਹਾਨੂੰ ਤੁਹਾਡੇ ਨਾਲ ਮਿਲਾਉਂਦੇ। ਤੁਹਾਨੂੰ ਤੁਹਾਡੇ ਹੁਨਰ ਤੋਂ ਜਾਣੂ ਕਰਵਾਉਂਦੇ। ਜੋ ਪੈਦਾ ਕਰਦੇ ਕਲਾਕਾਰ, ਗੀਤਕਾਰ, ਹਿਸਾਬਦਾਨ, ਸਾਇੰਸਦਾਨ ਤੇ ਕਰਦੇ ਵਿਦਿਆ ਦਾ ਮਹਾਂ ਦਾਨ। ਤੁਹਾਨੂੰ ਤੁਹਾਡੇ ਤੋਂ ਵਾਕਿਫ਼ ਕਰਵਾ ਆਪਣੀਆਂ ਕਮੀਆਂ ਤੋਂ ਉੱਪਰ ਉੱਠਣਾ ਸਿਖਾਉਂਦੇ। ਆਪਣੇ ਨਾਂ ਪਿੱਛੇ ਜੋ ਅਸੀਂ ਵੱਡੀਆਂ ਵੱਡੀਆਂ ਡਿਗਰੀਆਂ ਲਾਉਂਦੇ ਉਹਨਾਂ ਤੱਕ ਸਾਨੂੰ ਪਹੁੰਚਾਉਂਦੇ। ਦਰਅਸਲ ਰਸਮੀ ਅਧਿਆਪਕ ਉਹੀ ਅਖਵਾਉਂਦੇ। ਉਹ ਕੱਚੀ ਮਿੱਟੀ ਨੂੰ ਆਕਾਰ ਦੇ ਕੇ ਸੋਹਣਾ ਭਾਂਡਾ ਬਣਾਉਂਦੇ।
ਚੌਥੇ ਅਧਿਆਪਕ ਹੁੰਦੇ ਮਿੱਤਰ, ਦੋਸਤ, ਬੇਲੀ। ਜੋ ਹਰ ਸੁੱਖ ਦੁੱਖ ਵਿੱਚ ਸਾਡਾ ਸਾਥ ਨਿਭਾਉਂਦੇ। ਸਾਨੂੰ ਜ਼ਿੰਦਗੀ ਦੇ ਕਈ ਰੰਗ ਦਿਖਾਉਂਦੇ। ਕਦੇ ਭੈਣ ਕਦੇ ਭਰਾ ਬਣ ਜਾਂਦੇ। ਹਰ ਔਖ ਵਿੱਚ ਸਾਡੇ ਨਾਲ ਖੜੇ ਹੋ ਆਪਣਾ ਫਰਜ਼ ਨਿਭਾਉਂਦੇ। ਜਿਨਾਂ ਨਾਲ ਅਸੀਂ ਕਦੀ ਰੁਸਦੇ, ਕਦੀ ਉਨਾਂ ਨੂੰ ਮਨਾਉਂਦੇ। ਸਾਡੇ ਕੁਝ ਨਾ ਲੱਗਦੇ ਹੋਏ ਵੀ ਸਾਡਾ ਸਭ ਕੁਝ ਹੋ ਜਾਂਦੇ।
ਪੰਜਵਾਂ ਅਧਿਆਪਕ ਹੁੰਦਾ ਸਾਡਾ ਜੀਵਨ ਸਾਥੀ। ਜੋ ਜ਼ਿੰਦਗੀ ਦੇ ਇੱਕ ਪੜਾਅ ਵਿੱਚ ਸ਼ਾਮਿਲ ਹੋ ਸਾਡੀ ਜ਼ਿੰਦਗੀ ਬਣ ਜਾਂਦਾ। ਗ੍ਰਹਿਸਥੀ ਦੀ ਗੱਡੀ ਵਿੱਚ ਬਰਾਬਰ ਦਾ ਸਾਥ ਨਿਭਾਉਂਦਾ। ਜਿਸ ਦੇ ਨਾਲ ਅਸੀਂ ਭੋਗਦੇ ਜ਼ਿੰਦਗੀ ਦੇ ਸਾਰੇ ਸੁੱਖ। ਜੋ ਸਾਨੂੰ ਮਾਂ ਬਾਪ ਹੋਣ ਦਾ ਫ਼ਖ਼ਰ ਦਵਾਉਂਦਾ। ਜਿਸ ਨਾਲ ਇੱਕ ਪਰਿਵਾਰ ਦੀ ਸ਼ੁਰੂਆਤ ਹੁੰਦੀ। ਜੋ ਜ਼ਿੰਦਗੀ ਦੇ ਅਖੀਰਲੇ ਪਲਾਂ ਵਿੱਚ ਸਾਥ ਨਿਭਾਉਂਦਾ। ਕਦੀ ਮਾਂ ਕਦੀ, ਪਿਓ, ਕਦੀ ਭੈਣ, ਕਦੀ ਭਰਾ ਤੇ ਕਦੀ ਬੱਚਾ ਬਣ ਜਾਂਦਾ।
ਅਧਿਆਪਕ ਦਾ ਇੱਕ ਰੂਪ ਸਾਡੀ ਰੂਹ ਦੇ ਸਾਥੀ ਹੁੰਦੇ। ਉਹ ਬੇਸ਼ੱਕ ਕਿਸੇ ਰਿਸ਼ਤੇ ਵਿੱਚ ਸਾਡੇ ਕੁਝ ਵੀ ਨਾ ਲੱਗਦੇ ,ਬੇਸ਼ੱਕ ਅਸੀਂ ਉਹਨਾਂ ਨੂੰ ਕੋਈ ਨਾਮ ਨਹੀਂ ਦੇ ਪਾਉਂਦੇ। ਪਰ ਪਤਾ ਨਹੀਂ ਕਦੋਂ, ਕਿੱਥੇ, ਕਿਵੇਂ ਉਹ ਸਾਡੀ ਜ਼ਿੰਦਗੀ ਬਣ ਜਾਂਦੇ। ਸਾਡੇ ਰਾਹ ਦਸੇਰਾ ਵੀ ਅਖਵਾਉਂਦੇ। ਸਿਰਫ ਰਾਹ ਦਿਖਾਉਣ ਦੀ ਹੀ ਨਹੀਂ ਉਸ ਰਾਹ ਵਿੱਚ ਤੁਰਦਿਆਂ ਸਾਡਾ ਸਾਥ ਨਿਭਾਉਂਦੇ। ਉਹ ਕਿਸੇ ਵੀ ਰਿਸ਼ਤੇ ਦੀ ਸ਼ਕਲ ਵਿੱਚ ਹੁੰਦੇ ਜਾਂ ਬਿਨਾਂ ਰਿਸ਼ਤੇ ਤੋਂ ਪਰ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਂਦੇ। ਸਾਡਾ ਸਾਥ ਦਿੰਦੇ, ਸਾਨੂੰ ਪਿਆਰ ਦਿੰਦੇ, ਪਰ ਬਦਲੇ ਵਿੱਚ ਕੁਝ ਨਾ ਚਾਹੁੰਦੇ। ਅਜਿਹੇ ਰੂਹਦਾਰੀ ਦੇ ਸਾਥ ਵਾਲੇ ਵੀ ਅਧਿਆਪਕ ਅਖਵਾਉਂਦੇ।
ਜ਼ਿੰਦਗੀ ਵਿੱਚ ਆਉਣ ਵਾਲੇ ਸਾਰੇ ਅਧਿਆਪਕਾਂ ਨੂੰ ਅੱਜ ਅਧਿਆਪਕ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly