ਚੰਡੀਗੜ੍ਹ, (ਰਮੇਸ਼ਵਰ ਸਿੰਘ)- ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕਰਕੇ ਪੰਜਾਬੀਆਂ, ਖ਼ਾਸ ਕਰਕੇ ਸਿੱਖ ਸੰਗਤਾਂ ਵਿੱਚ ਸਤਿਕਾਰਿਤ ਹਸਤੀ ਬਣੇ ਪੰਡਿਤ ਰਾਓ ਧਰੇਨਵਰ ਲੱਚਰ ਗਾਇਕੀ, ਨੰਗੇਜ਼ ਫਿਲਮਾਂਕਣ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਵਿਰੁੱਧ ‘ਡੰਕੇ ਦੀ ਚੋਟ’ ‘ਤੇ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ।
ਪਿਛਲੇ ਕੁਝ ਦਿਨਾਂ ਤੋਂ ਇੱਕ ਬੀਬੀ ਪੁਲਿਸ ਮੁਲਾਜ਼ਮ ਵੱਲੋਂ ਕਿਸੇ ਲੱਚਰ ਗੀਤ ਵਿੱਚ ਅਦਾਕਾਰੀ ਕਰਨ ਦੇ ਮੁੱਦੇ ‘ਤੇ ਗੱਲਬਾਤ ਦੌਰਾਨ ਉਨ੍ਹਾਂ ਉਦਾਹਰਣ ਵਜੋਂ ਗੱਲ ਕਰਦਿਆਂ ਕਿਹਾ ਕਿ ਗਾਇਕੀ ਜਾਂ ਹੋਰ ਕਲਾਵਾਂ ਦੇ ਕਲਾਕਾਰਾਂ ਲਈ ਮਸ਼ਹੂਰ ਹੋਣ ਦੇ ਹੋਰ ਵੀ ਬਹੁਤ ਸਾਰਥਕ ਰਾਹ ਹਨ। ਜਿਵੇਂ ਕਿ ਨੋਜਵਾਨ ਗਾਇਕ ਤੇ ਗੀਤਕਾਰ ਰੋਮੀ ਘੜਾਮੇਂ ਵਾਲ਼ਾ ਅਤੇ ਪ੍ਰਸਿੱਧ ਕਮੇਡੀਅਨ ਗੁਰਚੇਤ ਚਿੱਤਰਕਾਰ ਭਖਵੇਂ ਮੁੱਦਿਆਂ ਨੂੰ ਛੋਹ ਕੇ ਸਰਕਾਰਾਂ ਨਾਲ਼ ਆਹਢਾ ਲਾਉਣ ਦੀ ਹੱਦ ਤੱਕ ਵੀ ਪਹੁੰਚ ਜਾਂਦੇ ਹਨ। ਸਮਾਜਿਕ ਜਾਗਰੂਕਤਾ ਤੋਂ ਇਲਾਵਾ ਆਪਣੀ ਮਾਂ-ਬੋਲੀ, ਜੰਮਣ-ਭੋਇੰ ਤੇ ਖੇਤਰੀ ਸਭਿਆਚਾਰ ਨੂੰ ਸਮਰਪਿਤ ਗੀਤ, ਫਿਲਮਾਂ, ਨਾਟਕ ਤੇ ਹੋਰ ਵੰਨਗੀਆਂ ਪੇਸ਼ ਕਰਨਾ ਆਪਣਾ ਇਖ਼ਲਾਕੀ ਫਰਜ਼ ਸਮਝਦੇ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਕਿੰਨੀਆਂ ਹੀ ਸ਼ਖਸੀਅਤਾਂ ਹਨ ਜੋ ਆਪੋ-ਆਪਣੀਆਂ ਕਲਾਵਾਂ ਰਾਹੀਂ ਮਨੁੱਖਤਾ ਨੂੰ ਸਮਰਪਿਤ ਹਨ। ਸੋ ਨਵੇਂ ਕਲਾਕਾਰਾਂ ਨੂੰ ਲੋੜ ਹੈ ਕਿ ਆਪਣੇ ਅਜਿਹੇ ਸੀਨੀਅਰ ਸਾਥੀਆਂ ਨੂੰ ਮਾਰਗਦਰਸ਼ਕ ਬਣਾਉਣ ਨਾ ਕਿ ਫੁਕਰੇ ਗਵੱਈਆਂ ਦੇ ਭਗਤ ਬਣਨ।