ਸਾਹਿਤਕਾਰਾਂ ਨੇ ਕੀਤੀ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਰੂਪ ਦੇਣ ਦੀ ਮੰਗ

ਸੰਗਰੂਰ (ਰਮੇਸ਼ਵਰ ਸਿੰਘ)(ਸਮਾਜ ਵੀਕਲੀ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਚੋਣਾਂ ਸਬੰਧੀ ਕਰਵਾਈ ਗਈ ਮਾਸਿਕ ਇਕੱਤਰਤਾ ਵਿੱਚ ਸ਼ਾਮਲ ਹੋਏ ਸਮੂਹ ਸਾਹਿਤਕਾਰਾਂ ਨੇ ਸਰਬਸੰਮਤੀ ਨਾਲ ਇੱਕਸੁਰ ਹੋ ਕੇ ਚੋਣ ਕਮਿਸ਼ਨ ਤੋਂ ਇਹ ਮੰਗ ਕੀਤੀ ਕਿ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਜਾਰੀ ਕੀਤੇ ਜਾਂਦੇ ਚੋਣ ਮਨੋਰਥ ਪੱਤਰਾਂ ਨੂੰ ਕਾਨੂੰਨੀ ਰੂਪ ਦਿੱਤਾ ਜਾਵੇ, ਤਾਂ ਕਿ ਵੋਟਾਂ ਲੈਣ ਲਈ ਲੋਕਾਂ ਨੂੰ ਲਗਾਏ ਗਏ ਨਾ ਪੂਰੇ ਹੋਣ ਵਾਲੇ ਲਾਰਿਆਂ ਕਾਰਨ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੋਸ਼ਲ ਮੀਡੀਆ ਜਾਂ ਹੋਰ ਪ੍ਰਾਪਤ ਸਾਧਨਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਮਜ਼ਬੂਤ ਮੁਹਿੰਮ ਵਿੱਢੀ ਜਾਣੀ ਚਾਹੀਦੀ ਹੈ।

ਕਵਿਤਾ ਸਕੂਲ ਸ਼ੇਰਪੁਰ ਦੇ ਪ੍ਰਧਾਨ ਅਤੇ ਉੱਘੇ ਛੰਦ ਸ਼ਾਸਤਰੀ ਜੰਗ ਸਿੰਘ ਫੱਟੜ ਦੀ ਪ੍ਰਧਾਨਗੀ ਵਿੱਚ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਹਾਜ਼ਰ ਸਾਹਿਤਕਾਰਾਂ ਵੱਲੋਂ ਮੌਜੂਦਾ ਚੋਣ ਪ੍ਰਕਿਰਿਆ ਸਬੰਧੀ ਵਿਸਥਾਰ ਪੂਰਬਕ ਸੰਵਾਦ ਰਚਾਇਆ ਗਿਆ, ਜਿਸ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਪ੍ਰੋ. ਨਰਿੰਦਰ ਸਿੰਘ ਨੇ ਕਿਹਾ ਕਿ ਚੋਣ ਮਨੋਰਥ ਪੱਤਰ ਕਾਨੂੰਨੀ ਹੋਣ ਨਾਲ ਰਾਜਨੇਤਾ ਜਨਤਾ ਨੂੰ ਬੁੱਧੂ ਬਣਾ ਕੇ ਵੋਟ ਨਹੀਂ ਲੈ ਸਕਣਗੇ। ਦਲਬਾਰ ਸਿੰਘ ਚੱਠੇ ਸੇਖਵਾਂ ਨੇ ਕਿਹਾ ਦਿੱਲੀ ਦੀਆਂ ਕਠਪੁਤਲੀਆਂ ਬਣੀਆਂ ਰਾਜਨੀਤਕ ਪਾਰਟੀਆਂ ਵੱਲ ਝਾਕਣ ਦੀ ਬਜਾਇ ਪੰਜਾਬ ਦੇ ਦੁੱਖਾਂ-ਦਰਦਾਂ ਦੀ ਗੱਲ ਕਰਨ ਵਾਲੇ ਆਪਣੇ ਨੁਮਾਇੰਦੇ ਵਿਧਾਨ ਸਭਾ ਵਿੱਚ ਚੁਣ ਕੇ ਭੇਜਣੇ ਚਾਹੀਦੇ ਹਨ। ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਵੋਟ ਪਾਉਣਾ ਹਰ ਬੰਦੇ ਦਾ ਨਿੱਜੀ ਹੱਕ ਹੈ ਪਰ ਵੋਟ ਕਿਸੇ ਵੀ ਤਰ੍ਹਾਂ ਵੇਚੀ ਨਹੀਂ ਜਾਣੀ ਚਾਹੀਦੀ। ਸਾਹਿਤ ਸਭਾ ਸੁਨਾਮ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਕਿਹਾ ਕਿ ਹਰ ਵੋਟਰ ਨੂੰ ਆਪਣੀ ਅੰਦਰਲੀ ਆਵਾਜ਼ ਸੁਣ ਕੇ ਹੀ ਵੋਟ ਪਾਉਣੀ ਚਾਹੀਦੀ ਹੈ। ਕਰਮ ਸਿੰਘ ਜ਼ਖ਼ਮੀ ਨੇ ਕਿਹਾ ਕਿ ਵੋਟ ਪਾਉਣ ਸਮੇਂ ਸਾਲ ਭਰ ਦਿੱਲੀ ਦੀਆਂ ਬਰੂਹਾਂ ’ਤੇ ਰੁਲੀ ਮਨੁੱਖਤਾ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਇਸ ਮੌਕੇ ਦਿੱਤੇ ਗਏ ਤਰ੍ਹਾ ਮਿਸ਼ਰੇ ‘ਠੋਕ ਵਜਾ ਕੇ ਪਰਖ ਕੇ ਹੀ ਵੋਟਾਂ ਪਾਇਓ’ ’ਤੇ ਪੰਥਕ ਕਵੀ ਲਾਭ ਸਿੰਘ ਝੱਮਟ ਵੱਲੋਂ ਗਾਏ ਗੀਤ ਨਾਲ ਸ਼ੁਰੂ ਹੋਏ ਸ਼ਾਨਦਾਰ ਕਵੀ ਦਰਬਾਰ ਵਿੱਚ ਸੁਰਜੀਤ ਸਿੰਘ ਮੌਜੀ, ਜੱਗੀ ਮਾਨ, ਜਸਪਾਲ ਸਿੰਘ ਸੰਧੂ, ਪੂਜਾ ਪੁੰਡਰਕ, ਸੁਖਵਿੰਦਰ ਸਿੰਘ ਲੋਟੇ, ਮੂਲ ਚੰਦ ਸ਼ਰਮਾ, ਰਜਿੰਦਰ ਸਿੰਘ ਰਾਜਨ, ਸੁਰਿੰਦਰਪਾਲ ਸਿੰਘ ਸਿਦਕੀ, ਪ੍ਰੋ. ਨਰਿੰਦਰ ਸਿੰਘ, ਪਰਮਜੀਤ ਸਿੰਘ ਪੰਮੀ ਫੱਗੂਵਾਲੀਆ, ਜੰਗੀਰ ਸਿੰਘ ਰਤਨ, ਦਲਬਾਰ ਸਿੰਘ, ਭੋਲਾ ਸਿੰਘ ਸੰਗਰਾਮੀ ਅਤੇ ਸਰਬਜੀਤ ਸੰਗਰੂਰਵੀ ਆਦਿ ਕਵੀਆਂ ਨੇ ਹਿੱਸਾ ਲਿਆ। ਕਰਮ ਸਿੰਘ ਜ਼ਖ਼ਮੀ ਨੇ ਸਾਰੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਦੀ ਭੂਮਿਕਾ ਰਜਿੰਦਰ ਸਿੰਘ ਰਾਜਨ ਨੇ ਬੜੀ ਖ਼ੂਬਸੂਰਤੀ ਨਾਲ ਨਿਭਾਈ।

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਕੌਮੀ ਵੋਟਰ ਦਿਵਸ
Next articleਤਰਕਸ਼ੀਲਾਂ ਮੁਰਝਾਇਆ ਫੁੱਲ ਟਹਿਕਣ ਲਾਇਆ