(ਸਮਾਜ ਵੀਕਲੀ)
ਵਾਹ ਨੀ ਸਰਕਾਰੇ! ਵਾਹ ਨੀ ਸਰਕਾਰੇ!
ਜੋ ਢਿੱਡ ਭਰਦਾ ਸਭ ਦੇ, ਓਸੇ ਨੂੰ ਮਾਰੇਂ।
ਇਹਨਾਂ ਨੇ ਜਤਾਇਆ ਤੈਨੂੰ,
ਕੁਰਸੀ ਉੱਤੇ ਬਿਠਾਇਆ ਤੈਨੂੰ।
ਪਾ – ਪਾ ਵੋਟਾਂ, ਲਾ – ਲਾ ਨਾਹਰੇ।
ਬਣ ਕੇ ਹਾਕਮ ਨੀ ਤੂੰ,
ਹੱਕ ਸਾਡੇ ਹੀ ਖੋਹ ਲਏ ਸਾਰੇ।
ਵਾਹ ਨੀ ਸਰਕਾਰੇ! ਵਾਹ ਨੀ ਸਰਕਾਰੇ!
ਕੁਰਸੀ ਚਾਹੀਦੀ ਸੀ ਜਦ ਤੈਨੂੰ,
ਹਰ ਵਰਗ ਨਾਲ ਮੋਢਾ ਜੋੜ ਖੜ ਗਿਆ।
ਜਿੱਤ ਮੜ੍ਹ ਕੇ ਆਪਣੇ ਮੱਥੇ ਤੇ,
ਸਭ ਵਰਗਾਂ ਨਾਲ ਭੇਦਭਾਵ ਕਰ ਗਿਆ।
ਖੁਦ ਨੂੰ ਲੋਕਾਂ ਦਾ ਦੱਸ ਮਸੀਹਾ,
ਲੋਕ ਹੀ ਸੜਕਾਂ ਤੇ ਰੋਲਤੇ ਵਿਚਾਰੇ।
ਵਾਹ ਨੀ ਸਰਕਾਰੇ! ਵਾਹ ਨੀ ਸਰਕਾਰੇ!
ਨਿਰਮੋਹੀ ਹੈਂ ਤੂੰ ਪੱਲੇ ਤੇਰੇ ਕੋਈ ਨਾਤਾ ਨਾ,
ਨਾ ਜਜ਼ਬਾਤ ਕਿਸੇ ਦੇ ਜਾਣੇ।
ਸਾਡੇ ਮਾਪੇ, ਭੈਣ ਭਾਈ ਸਭ,
ਆ ਬੈਠੇ ਤੇਰੇ ਦੁਆਰੇ।
ਸੁਣ ਲੈ ਸਰਕਾਰੇ, ਨਾ ਲਾ ਲਾਰੇ,
ਕਾਲੇ ਕਾਨੂੰਨ ਤੈਨੂੰ ਪੈਣਗੇ ਭਾਰੇ।
ਵਾਹ ਨੀ ਸਰਕਾਰੇ! ਵਾਹ ਨੀ ਸਰਕਾਰੇ!
ਜੋ ਢਿੱਡ ਭਰਦਾ ਸਭ ਦੇ,
ਓਸੇ ਨੂੰ ਮਾਰੇਂ, ਓਸੇ ਨੂੰ ਦੁਰਕਾਰੇਂ।
ਵਾਹ ਨੀ ਸਰਕਾਰੇ, ਵਾਹ ਨੀ ਸਰਕਾਰੇ!
ਖੁਸ਼ਪ੍ਰੀਤ ਚਹਿਲ
ਕੋਟ ਲੱਲੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly