HOME ਵਿਸ਼ਵ ਭਰ ਵਿਚ ਮਹਾਂਮਾਰੀ ਦਾ ਰੂਪ ਲੈ ਰਹੀ ਹੈ :ਸਿਗਰਟਨੋਸ਼ੀ

ਵਿਸ਼ਵ ਭਰ ਵਿਚ ਮਹਾਂਮਾਰੀ ਦਾ ਰੂਪ ਲੈ ਰਹੀ ਹੈ :ਸਿਗਰਟਨੋਸ਼ੀ

1
ਸੁਖਮੰਦਰ ਸਿੰਘ ਤੂਰ
ਸੁਖਮੰਦਰ ਸਿੰਘ ਤੂਰ  (ਸਮਾਜ ਵੀਕਲੀ)  ਵਿਸ਼ਵ ਸਿਹਤ ਸੰਸਥਾ ਦੇ ਏਜੰਡੇ ‘ਤੇ ਅੱਜ ਸਿਗਰਟਨੋਸ਼ੀ ਦਾ ਮਸਲਾ ਪਹਿਲੇ ਨੰਬਰ.’ਤੇ ਆ ਗਿਆ ਹੈ। ਇਕ ਰਿਪੋਰਟ ਦੇ ਅਨੁਸਾਰ ਵਿਸ਼ਵ ਭਰ ਵਿਚ ਹਰ ਸਾਲ ਘੱਟੋ-ਘੱਟ 12 ਤੋਂ 15 ਲੱਖ ਲੋਕ ਤੰਬਾਕੂ ਅਤੇ ਸਿਗਰਟ ਦੇ ਇਸਤੇਮਾਲ ਕਾਰਨ ਆਪਣੀ ਪੂਰੀ ਉਮਰ ਭੋਗਣ ਤੋਂ ਪਹਿਲਾਂ ਮਰ ਜਾਂਦੇ ਹਨ। ਸੰਸਥਾ ਦੁਆਰਾ ਕੀਤੇ ਗਏ ਇਕ ਸਰਵੇਖਣ ਅਨੁਸਾਰ ਦੁਨੀਆਂ ਭਰ ਵਿਚ ਸਿਗਰਟ ਪੀਣ ਦੇ ਸ਼ੌਕੀਨਾਂ ਦੀ ਸੰਖਿਆ 2:1 ਦੇ ਅਨੁਪਾਤ ਮੁਤਾਬਿਕ ਵਧ ਰਹੀ ਹੈ। ਇਸ ਸਮੇਂ ਸੰਸਾਰ ਭਰ ਵਿਚ ਡੇਢ ਅਰਬ ਤੋਂ ਵੀ ਵੱਧ ਲੋਕ ਸਿਗਰਟ ਪੀਂਦੇ ਹਨ। ਸੰਸਥਾ ਨੇ ਜੋ ਰਿਪੋਰਟ ਤਿਆਰ ਕੀਤੀ ਹੈ, ਉਹ ਦੱਸਦੀ ਹੈ ਕਿ ਵਿਸ਼ਵ ਭਰ ਵਿਚ ਹਰ ਸਾਲ ਫੇਫੜਿਆਂ ਦੇ ਕੈਂਸਰ ਦੇ 15 ਲੱਖ ਤੋਂ ਵੱਧ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ ਕੇਸਾਂ ‘ਚੋਂ ਜ਼ਿਆਦਾਤਰ ਕੇਸ ਸਿਗਰਟਨੋਸ਼ੀ ਨਾਲ ਸਬੰਧਤ ਹਨ। ਸਿਗਰਟ ਪੀਣ ਨਾਲ 90 ਫੀਸਦੀ ਫੇਫੜਿਆਂ ਦਾ ਕੈਂਸਰ, 10 ਫੀਸਦੀ ਹੋਰ ਕਈ ਪ੍ਰਕਾਰ ਦੇ ਕੈਂਸਰ ਜਿਵੇਂ – ਅੰਤੜੀਆਂ, ਮਿਹਦੇ ਅਤੇ ਜਿਗਰ ਦੇ ਕੈਂਸਰ ਸ਼ਾਮਿਲ ਹਨ। 75 ਫੀਸਦੀ ਕੇਸ ਸਾਹ – ਦਮੇ ਦੀ ਮਾਰੂ ਤਕਲੀਫ ਦੇ ਸਾਹਮਣੇ ਆਏ ਹਨ। 25 ਤੋਂ 30 ਫੀਸਦੀ ਕੇਸ ਸਿਧੇ ਦਿਲ ਦੇ ਰੋਗਾਂ ਨਾਲ ਸਬੰਧਤ ਹਨ। ਅੱਜ ਤੋਂ 30/35 ਸਾਲ ਪਹਿਲਾਂ ਦੀ ਤੁਲਨਾ ਅਨੁਸਾਰ ਇਸ ਸਮੇਂ ਤੰਬਾਕੂ ਦੀ 65 ਤੋਂ 70 ਫੀਸਦੀ ਜ਼ਿਆਦਾ ਖਪਤ ਹੋਣ ਲੱਗੀ ਹੈ। ਸੰਸਥਾ ਅਨੁਸਾਰ ਦੁਨੀਆਂ ਭਰ ਦੇ ਸਿਗਰਟ ਪੀਣ ਦੇ ਸ਼ੌਕੀਨ ਜੇਕਰ ਇਸ ਸ਼ੌਂਕ ਵਿਚ ਕਮੀ ਨਹੀਂ ਕਰਦੇ ਤਾਂ ਯਕੀਨਨ 2025 ਤੱਕ ਫੇਫੜਿਆਂ ਦੇ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 70 ਫੀਸਦੀ ਨੂੰ ਪਾਰ ਕਰ ਜਾਵੇਗੀ। ਸੰਸਥਾ ਦਾ ਇਹ ਵੀ ਕਹਿਣਾ ਹੈ ਕਿ ਵਾਤਾਵਰਣ ਨੂੰ ਦੂਸ਼ਿਤ ਕਰਨ ਵਾਲੇ ਬਾਕੀ ਘਾਤਕ ਤੱਤਾਂ ਦੀ ਤੁਲਨਾ ਮੁਤਾਬਕ ਤੰਬਾਕੂ ਨਾਲ ਕਿਤੇ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਵਰਣਨਯੋਗ ਪਹਿਲੂ ਇਹ ਹੈ ਕਿ ਸਿਗਰਟ ਪੀਣ ਵਾਲੀਆਂ ਔਰਤਾਂ ਵਿਚ ਫੇਫੜਿਆਂ ਅਤੇ ਛਾਤੀ ਦੇ ਕੈਂਸਰ ਨੇ ਆਪਣਾ ਪ੍ਰਭਾਵ ਵਧਾਇਆ ਹੈ। ਇਸ ਨਾਲ ਮਰਨ ਵਾਲੀਆਂ ਔਰਤਾਂ ਦੀ ਗਿਣਤੀ ਸਾਲਾਨਾ ਦੋ ਲੱਖ ਤੋਂ ਵੱਧ ਕੇ ਢਾਈ ਲੱਖ ਹੋ ਗਈ ਹੈ। ਇਸ ਖੋਜ ਤੋਂ ਸਪੱਸ਼ਟ ਹੋ ਗਿਆ ਹੱਦ ਤੋਂ ਵੱਧ ਸਿਗਰਟ ਪੀਣ ਵਾਲੀਆਂ ਔਰਤਾਂ ਦੀ ਬੱਚੇ ਜੰਮਣ ਦੀ ਪ੍ਰਕਿਰਿਆ ‘ਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਅਮਰੀਕੀ ਨੈਸ਼ਨਲ ਖੋਜ ਸੰਸਥਾਨ ਅਤੇ ਬੱਚਿਆਂ ਦੀ ਸਿਹਤ ਸੰਭਾਲ ਸੰਸਥਾ ਦੇ ਮੁਖੀ ਡਾ. ਪੇਟਰੀ ਧਿਆਨੋ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਸਿਗਰਟਨੋਸ਼ੀ ਕਰਨ ਵਾਲੀਆਂ ਔਰਤਾਂ ਦੇ ਬੱਚੇ ਕਮਜ਼ੋਰ ਅਤੇ ਦਿਮਾਗੀ ਤੌਰ.’ਤੇ ਬਹੁਤ ਹੀ ਰੋਗੀ ਹੁੰਦੇ ਹਨ ਜੋ ਅਕਸਰ ਜਨਮ ਲੈਣ ਤੋਂ ਬਾਅਦ ਜਾਂ ਬਾਲਪਨ ਦੀ ਉਮਰ ਵਿਚ ਹੀ ਦਮ ਤੋੜ ਦਿੰਦੇ ਹਨ। ਇੰਗਲੈਂਡ ਦੇ ਰਾਇਲ ਫਿਜੀਸ਼ੀਅਰ ਕਾਲਜ ਨੇ ਆਪਣੀ ਇਕ ਰਿਪੋਰਟ ਵਿਚ ਆਖਿਆ ਹੈ ਕਿ ਸਿਗਰਟ ਅੱਜ ਦੇ ਯੁੱਗ.’ਚ ਮੌਤਾਂ ਅਤੇ ਬਿਮਾਰੀਆਂ ਦਾ ਉਨਾ ਵੱਡਾ ਕਾਰਨ ਹੈ ਜਿੰਨਾ ਕਿ ਪਹਿਲਾਂ ਮਹਾਂਮਾਰੀਆਂ ਹੋਇਆ ਕਰਦੀਆਂ ਸਨ। ਖੋਜਕਾਰਾਂ ਦੀ ਰਾਇ ਮੁਤਾਬਕ ਸਿਗਰਟ ਅਤੇ ਤੰਬਾਕੂ ਦਾ ਪ੍ਰਯੋਗ ਮੁੱਖ ਮਹਾਂਮਾਰੀ ਹੈ ਜੋ ਕਿ ਬਾਕੀ ਬਿਮਾਰੀਆਂ ਦੀ ਤੁਲਨਾ ਵਿਚ ਸਭ ਤੋਂ ਵੱਧ ਘਾਤਕ ਹੈ। ਵਿਕਾਸਸ਼ੀਲ ਅਤੇ ਅਰਧ ਵਿਕਾਸਸ਼ੀਲ ਦੇਸ਼ ਅੱਜ ਸਾਰੇ ਇਸ ਨਾ – ਮੁਰਾਦ ਆਦਤ ਦੀ ਲਪੇਟ ਵਿਚ ਆ ਗਏ ਹਨ। ਵਿਸਵ ਸਿਹਤ ਸੰਸਥਾ ਦੀ ਪੱਤ੍ਰਕਾ “ਵਰਲਡ ਹੈਲਥ” ਦੇ ਇਕ ਅੰਕ ‘ਚ ਸਿਗਰਟ ਛੱਡਣ ਦੀ ਰੂਪ ਰੇਖਾ ਦੇ ਬਾਰੇ ਵਿਚ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ ਹੈ ਕਿ ਸਿਗਰਟ ਹਮੇਸ਼ਾ ਲਈ ਭਾਵੇਂ ਨਾ ਛੱਡੋ। “ਪੀ ਇਕ” ਜੀਵਨ ਦਾ ਖਾਸ ਨਿਯਮ ਜ਼ਰੂਰ ਅਪਣਾਓ, ਜੋ ਕਿ ਬਹੁਤ ਜ਼ਰੂਰੀ ਹੈ। ਇਸ ਨੂੰ ਪਹਿਲਾਂ ਇਕ ਦਿਨ ਲਈ ਛੱਡੋ। ਅਪਣੇ ਸਾਰੇ ਦੋਸਤਾਂ /ਮਿੱਤਰਾਂ, ਸਕੇ – ਸਬੰਧੀਆਂ ਅਤੇ ਨਾਲ ਦੇ ਜਾਣ-ਪਛਾਣ ਵਾਲਿਆਂ ਨੂੰ ਜ਼ਰੂਰ ਦੱਸੋ ਕਿ ਮੈਂ ਸਿਗਰਟ ਛੱਡ ਦਿੱਤੀ ਹੈ। ਜੇਕਰ ਫਿਰ ਵੀ ਵਾਰ-ਵਾਰ ਸਿਗਰਟ ਪੀਣ ਦੀ ਤਲਬ ਜਾਗਦੀ ਹੈ ਤਾਂ ਥੋੜ੍ਹੀ ਦੇਰ ਲਈ ਰੁਕੋ, ਜ਼ਰਾ ਸੋਚੋ ਕਿ ਕੀ ਸਿਗਰਟ ਪੀਣਾ ਜ਼ਰੁਰੀ ਹੈ?, ਸਿਗਰਟਨੋਸ਼ੀ ਜਾਂ ਚੰਗੀ ਸਿਹਤ ਦੀ ਚੋਣ ਤੁਸੀਂ ਆਪ ਕਰਨੀ ਹੈ । ਬਾਕੀ ਇਸ ਨਾ ਮੁਰਾਦ ਆਦਤ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ਾਂ ਤਾਂ ਕਰਨੀਆਂ ਹੀ ਹੋਣਗੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਐਡੀਲੇਡ ਚ ਰਮੇਸ਼ ਪੁਰੀ ਨੇ ਆਸਟਰੇਲੀਆ ਦੇ ਕਲੱਬ ਕ੍ਰਿਕਟ ਵਿੱਚ 10,000 ਦੌੜਾਂ ਪੂਰੀਆਂ ਕਰਕੇ ਇਤਿਹਾਸ ਰਚਿਆ
Next articleDr. Ambedkar’s views about Education and Employment of Dalits