HOME ਵਿਸ਼ਵ ਸ਼ਾਂਤੀ ਲਈ ਨਿੱਜੀ ਜਾਇਦਾਦ ’ਤੇ ਪਾਬੰਦੀ ਲੱਗੇ-ਬੁੱਧ ਧੱਮ

ਵਿਸ਼ਵ ਸ਼ਾਂਤੀ ਲਈ ਨਿੱਜੀ ਜਾਇਦਾਦ ’ਤੇ ਪਾਬੰਦੀ ਲੱਗੇ-ਬੁੱਧ ਧੱਮ

ਐਸ ਐਲ ਵਿਰਦੀ ਐਡਵੋਕੇਟ
ਐਸ ਐਲ ਵਿਰਦੀ ਐਡਵੋਕੇਟ 
   (ਸਮਾਜ ਵੀਕਲੀ)   ਇੱਕ ਵਾਰ ਰਾਜਾ ਪ੍ਰਸ਼ੇਨਜਿੱਤ ਦੇ ਕੌਸ਼ਲ ਰਾਜ ਵਿੱਚ ਵਿਦਰੋਹ ਉਠ ਖੜ੍ਹਾ ਹੋਇਆ। ਭੁੱਖੇ ਮਰਦੇ ਲੋਕ ਲੁੱਟਾਂ ਖੋਹਾਂ ਕਰਨ ਲੱਗ ਪਏ। ਰਾਜ ਵਿੱਚ ਚਾਰੇ ਪਾਸੇ ਬਦਅਮਨੀ ਫੈਲ ਗਈ।  ਲੋਕ ਸੜਕਾਂ ਉਤੇ ਜਥੇ ਬਣਾਕੇ ਨਾਹਰੇ ਲਾਉਂਦੇ ਹੋਏ ਆਉਣ-ਰਾਜਨ! ਰੋਟੀ ਦਾ ਪ੍ਰਬੰਧ ਕਰੋ, ਨਹੀ ਤਾਂ ਰਾਜ ਗੱਦੀ ਖਾਲੀ ਕਰੋ! ਲੋਕਾਂ ਦੀਆਂ ਲੋੜਾਂ ਦਾ ਪ੍ਰਬੰਧ ਕਰੋ, ਨਹੀਂ ਤਾਂ ਰਾਜਧਾਨੀ ਘੇਰਾਂਗੇ। (ਜਲੂਸ-ਮੁਜ਼ਾਹਰੇ ਕੱਢ, ਲੋਕ ਰਾਹਾਂ ’ਤੇ ਆ ਬੈਠ ਜਾਂਦੇ।
ਰਾਜਾ ਪ੍ਰਸ਼ੇਨਜਿੱਤ ਨੇ ਆਪਣੇ ਸੈਨਾਪਤੀ ਨੂੰ ਹੁਕਮ ਦਿੱਤਾ ਕਿ ਸੰਘਰਸ਼ ਕਰਦੇ ਲੋਕਾਂ ਉਪਰ ਲਾਠੀ ਚਾਰਜ ਕਰਕੇ ਸੜਕਾਂ ਖਾਲੀ ਕਰਾਈਆਂ ਜਾਣ। ਸੈਨਾਪਤੀ ਨੇ ਸਿਪਾਹੀਓ ਅੱਗੇ ਹੁਕਮ ਦਿੱਤਾ ਕਿ ਲਾਠੀ ਚਾਰਜ ਕਰਕੇ ੀਤਾ ਜਾਵੇ। ਸੜਕਾਂ ਖਾਲੀ ਕਰਾਈਆਂ ਜਾਣ। ਪਲਿਸ ਨੇ ਸ਼ੰਘਰਸ਼ ਕਰਦੇ ਲੋਕਾਂ ਉਤੇ ਸਖ਼ਤ ਲਾਠੀ ਚਾਰਜ ਕੀਤਾ ਤਾਂ ਸਭ ਪਾਸੇ ਲੋਕਾਂ ਦਾ ਚੀਖ ਚਿਹਾੜਾ, ਮਾਰ-ਕੁੱਟ, ਹਫਰਾ-ਤਫਰੀ, ਭੱਜ-ਨੱਠ…ਪੁਲਸ ਦੇ ਸਿਪਾਹੀ ਆਗੂਆਂ ਨੂੂੰ ਫੜ ਫੜ ਜੇਲ੍ਹਾਂ ਵਿੱਚ ਬੰਦ ਕਰ ਦਿੱਤਾ।
ਸੈਨਾਪਤੀ ਨੇ ਰਾਜਾ ਨੂੰ ਦੱਸਿਆ ਕਿ ਮਹਾਂਰਾਜ, ਸੜਕਾਂ ਖਾਲੀ ਹੋ ਗਈਆ ਹਨ। ਮੁਖ ਆਗੂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਹਨ। ਪਰ, ਮਹਾਂਰਾਜ, ਵਿਦਰੋਹ ਤਾਂ ਹੋਰ ਤੋਂ ਹੋਰ ਤੇਜ ਹੁੰਦਾ ਜਾ ਰਿਹਾ ਹੈ। ਮਹਾਂਰਾਜ, ਸੂਹੀਆਂ ਨੇ ਰਿਪੋਰਟ ਦਿੱਤੀ ਹੈ ਕਿ ਵਿਦਰੋਹੀ 10 ਦਿਨ ਬਾਅਦ ਰਾਜਧਾਨੀ ਨੂੰ ਘੇਰਨ ਲਈ ਲੋਕਾਂ ਨੂੰ ਲਾਮਬੰਦ ਕਰ ਕਰ ਰਹੇ ਹਨ। ਵਿਦਰੋਹ ਸ਼ਾਂਤ ਹੁੰਦਾ ਨਹੀਂ ਦਿਸਦਾ।
ਰਾਜਾ ਪ੍ਰਸ਼ੇਨਜਿੱਤ ਨੇ ਸੈਨਾਪਤੀ ਨੂੰ ਕਿਹਾ ਮੈਂ ਤਥਾਗਤ ਬੁੱਧ ਪਾਸ ਜਾਂਦਾ ਹਾਂ, ਉਹ ਵਿਦਰੋਹ ਨੂੰ ਸ਼ਾਤ ਕਰਨ ਲਈ ਜਰੂਰ ਕੋਈ ਰਸਤਾ ਦੱਸਣਗੇ। ਰਾਜਾ ਪ੍ਰਸ਼ੇਨਜਿੱਤ, ਤਥਾਗਤ ਬੁੱਧ ਪਾਸ ਗਿਆ, ਪਹੁੰਚ, ਨਿਮਸਕਾਰ ਕਰ ਬੈਠ ਗਏ।
ਤਥਾਗਤ ਬੁੱਧ ਨੇ ਪੁੱਛਿਆ-ਰਾਜਨ, ਬੜੇ ਪ੍ਰੇਸ਼ਾਨ ਲੱਗਦੇ ਹੋ?
ਪ੍ਰਸੰਨਜਿਤ- ਤਥਾਗਤ! ਮੇਰੇ ਰਾਜ ਵਿੱਚ ਵਿਦਰੋਹ ਉਠ ਖੜ੍ਹਾ ਹੋਇਆ ਹੈ। ਲੋਕ ਜਲੂਸ-ਮੁਜ਼ਾਹਰੇ ਕੱਢ ਰਹੇ ਹਨ। ਕਈ ਆਗੂ ਜੇਲ੍ਹਾਂ ਵਿੱਚ ਵੀ ਡੱਕੇ ਹਨ, ਪਰ ਲੋਕ ਸ਼ਾਂਤ ਨਹੀਂ ਹੋ ਰਹੇ। ਵਿਦਰੋਹ ਨੂੰ ਸ਼ਾਂਤ ਕਰਨ ਲਈ, ਤਥਾਗਤ ਜੀ ਕੋਈ ਉਪਾਅ ਦੱਸੋ ਕਿ ਕੀ ਕੀਤਾ ਜਾਵੇ ਕਿ ਯੁੱਧ ਸ਼ਾਂਤ ਹੋ ਜਾਵੇ।
ਬੁੱਧ- ‘ਜਦ ਤੱਕ ਭੁੱਖਾ ਇਨਸਾਨ ਰਹੇਗਾ-ਧਰਤੀ ’ਤੇ ਘਮਸਾਨ ਰਹੇਗਾ’
ਰਾਜਨ, ਰਾਜ ਦੀ ਅਰਥ ਵਿਵਸਥਾ ਦਾ ਸੁਧਾਰ ਕਰੋ। ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣ ਨਾਲ, ਲਾਠੀਆਂ ਮਾਰ ਮਾਰ ਕੁੱਟਣ ਨਾਲ, ਸਰੀਰਕ ਦੰਡ ਦੇਣ ਨਾਲ, ਲੋਕਾਂ ਨੂੰ ਸਜ਼ਾਵਾਂ ਦੇਣ ਨਾਲ, ਅਪਰਾਧਾਂ ਉੁਤੇ ਕਾਬੂ ਨਹੀਂ ਪਾਇਆ ਜਾ ਸਕਦਾ। ਰਾਜਨ, ਰਾਜ ਵਿੱਚ ਵਿਦਰੋਹ, ਅਪਰਾਧ ਤੇ ਹਿੰਸਾ ਦਾ ਕਾਰਨ ਭੁੱਖ ਅਤੇ ਗਰੀਬੀ ਹੈ।
ਪ੍ਰਸੰਨਜਿਤ- ਤਥਾਗਤ ਜੀ, ਫਿਰ ਕੀ ਕੀਤਾ ਜਾਵੇ?
ਬੁੱਧ- ਰਾਜਨ, ਭੁੱਖ ਤੋਂ ਵੱਧ ਕੇ ਤਾਂ ਕੋਈ ਦੁੱਖ ਨਹੀਂ ਹੈ। ਭੁੱਖ ਮਨੁੱਖ ਦੇ ਸਰੀਰ ਦੀ ਤਾਕਤ ਨੂੰ ਖਤਮ ਕਰ ਦਿੰਦੀ ਹੈ, ਜਿਸ ਨਾਲ ਮਨੁੱਖ ਦੀ ਖੁਸ਼ੀ, ਸ਼ਾਂਤੀ, ਸਿਹਤ ਵਿਗੜ ਜਾਂਦੀ ਹੈ। ਜਦ ਪੇਟ ਵਿੱਚ ਅੰਨ ਨਹੀਂ ਜਾਂਦਾ ਤਾਂ ਭੁੱਖ ਗਰਮੀ ਬਣ ਜਾਂਦੀ ਹੈ, ਪੇਟ ਦੀ ਗਰਮੀ ਜਦ ਭਾਂਬੜ ਬਣ ਜਾਂਦੀ ਹੈ ਤਾਂ ਭੁੱਖਾ ਆਦਮੀ, ਵਿਦਰੋਹ ਕਰ ਦਿੰਦਾ ਹੈ।
ਰਾਜਨ, ਜੇ ਸਾਨੂੰ ਇੱਕ ਵਕਤ ਖਾਣਾ ਨਾ ਮਿਲੇ ਤਾਂ ਅਸੀਂ ਕਿੰਨੇ ਪ੍ਰੇਸ਼ਾਨ ਹੋ ਜਾਂਦੇ ਹਾਂ। ਸਾਨੂੰ ਭੁੱਖੇ ਲੋਕਾਂ ਨੂੰ ਭੁੱਲਣਾ ਨਹੀਂ ਚਾਹੀਦਾ। ਰਾਜਨ, ਰਾਜ ਵਿਵਸਥਾ ਵਿੱਚ ਅਜਿਹੇ ਢੰਗ ਤਰੀਕੇ ਸਾਧਨ ਅਪਣਾਏ ਜਾਣੇ ਕਿ ਕੋਈ ਵੀ ਭੁੱਖਾ ਨਾ ਰਹੇ। ਸ਼ਾਂਤੀ ਲਈ ਨਿੱਜੀਜਾਇਦਾਦ ’ਤੇ ਪਾਬੰਦੀ ਲਾਓ। ਸਮਾਜਿਕ ਸਮਾਨਤਾ ਬਗੈਰ ਗਰੀਬੀ ਖਤਮ ਨਹੀ ਹੋਣੀ।
ਪ੍ਰਸੰਨਜਿਤ-  ਤਥਾਗਤ, ਗਰੀਬੀ ਦੇ ਖਾਤਮੇ ਉਪਰੰਤ ਮਨੁੱਖ ਨੂੰ ਕੀ ਲਾਭ ਹੋਵੇਗਾ?
ਬੁੱਧ- ਰਾਜਨ, ਗਰੀਬੀ ਖਤਮ ਹੋਣ ਉਪਰੰਤ ਮਨੁੱਖ ਨੂੰ ਚਾਰ ਪ੍ਰਕਾਰ ਦੇ ਸੁੱਖ ਮਿਲਦੇ ਹਨ।
1.ਪਹਿਲਾ, ਮਨੁੱਖ ਨੂੰ ਸਵੈਮਾਣ ਦੀ ਪ੍ਰਾਪਤੀ ਹੁੰਦੀ ਹੈ ਕਿ ਮੇਰੇ ਪਾਸ ਮਸੀਬਤਾਂ ਮੌਕੇ ਜ਼ਰੂਰਤਾਂ ਲਈ ਧੰਨ ਹੈ।
2.ਦੂਜਾ, ਉਹ ਆਪਣੇ ਧੰਨ ਨਾਲ ਜੀਵਕਾ ਚਲਾਕੇ ਸੁੱਖ ਭੋਗਦਾ ਹੈ।
3.ਤੀਜਾ, ਇਹ ਕਿ ਉਹ ਬੇਫ਼ਿਕਰ ਰਹਿੰਦਾ ਕਿ ਉਹ ਕਿਸੇ ਦਾ ਕਰਜਾਈ ਨਹੀਂ ਹੈ।
4.ਚੌਥਾ, ਉਹ ਗਲਤ ਕੰਮ ਨਹੀਂ ਕਰਦਾ, ਅਜਿਹਾ ਮਨੁੱਖ ਹੀ ਸਦਾਚਾਰੀ ਕਹਾਉਂਦਾ ਹੈ।
ਰਾਜਨ, ਇਸ ਲਈ ਜਨਤਾ ਦੀੇ ਸੁਖ ਲਈ, ਕਲਿਆਣਕਾਰੀ ਅਰਥ-ਵਿਵਸਥਾ ਦਾ ਨਿਰਮਾਣ ਕੀਤਾ ਜਾਵੇ।
ਪ੍ਰਸੰਨਜਿਤ- ਤਥਾਗਤ, ਕਲਿਆਣਕਾਰੀ ਰਾਜ ਕਿਵੇਂ ਸਥਾਪਤ ਹੋ ਸਕਦਾ ਹੈ?
ਬੁੱਧ- ਰਾਜਨ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿਓ, ਕੰਮ-ਧੰਦੇ ਲਈ ਪੈਸੇ ਦਿਓ, ਬੇਜ਼ਮੀਨੇ ਲੋਕਾਂ ਕੋਲੋਂ ਵਗਾਰ ਲੈਣੀ ਬੰਦ ਕੀਤੀ ਜਾਵੇ। ਇਹਨਾਂ ਨੂੰ ਆਪਣਾ ਕਿੱਤਾ ਆਪ ਚੁਣਨ ਦੀ ਅਜ਼ਾਦੀ ਦਿਓੇ, ਜੇ ਇਹ ਕਾਰੀਗਰੀ ਸਿੱਖਣੀ ਚਾਹੁੰਣ ਤਾਂ, ਇਹਨਾਂ ਨੂੰ ਸਿੱਖਿੱਅਤ ਕਰਨ ਲਈ ਲਈ ਤਕਨੀਕੀ ਸੰਸਥਾਵਾਂ ਦਾ ਪ੍ਰਬੰਧ ਕੀਤਾ ਜਾਵੇ।
ਪ੍ਰਸੰਨਜਿਤ- ਤਥਾਗਤ ਜੀ, ਖੇਤੀ ਬਾੜੀ ਕਿਵੇਂ ਉੱਨਤ ਹੋ ਸਕਦੀ ਹੈ?
ਬੁੱਧ- ਗਰੀਬ ਕਿਸਾਨਾਂ ਨੂੰ ਬੀਜ ਅਤੇ ਖਾਦ ਆਦਿ ਦਿਓ, ਅਤੇ ਫਸਲਾਂ ਦੀ ਪ੍ਰਫੁੱਲਤਾ ਲਈ ਪਾਣੀ ਦੇ ਯੋਗ ਪ੍ਰਬੰਧ  ਕੀਤੇ ਜਾਣ। ਰਾਜਨ, ਲੋਕਾਂ ਲਈ ਇਹ ਮਦਦ, ਉਦੋਂ ਤੱਕ ਜਾਰੀ ਰਹੇ, ਜਦੋਂ ਤੱਕ ਉਹ ਪੈਰਾਂ ਉਤੇ ਖੜੇ੍ਹ ਨਾ ਹੋ ਜਾਣ।
ਪ੍ਰਸੰਨਜਿਤ- ਤਥਾਗਤ, ਵਿਉਪਾਰ ਕਿਵੇਂ ਵੱਧ ਸਕਦਾ?
ਬੁੱਧ-     ਛੋਟੇ ਵਪਾਰੀਆਂ ਨੂੰ ਧੰਦਾ ਵਧਾਉਣ ਲਈ ਪੈਸਾ ਉਧਾਰ ਦਿਓ।
ਪ੍ਰਸੰਨਜਿਤ- ਤਥਾਗਤ, ਸਰਕਾਰੀ ਅਮਲਾ ਕਿਵੇਂ ਸਰਗਰਮ ਹੋ ਸਕਦਾ?
ਬੁੱਧ-     ਸਰਕਾਰੀ ਕਰਮਚਾਰੀਆਂ ਨੂੰ ਸਮੇਂ ਸਿਰ ਯੋਗ ਤਨਖਾਹ ਦਿਓ।
ਪ੍ਰਸੰਨਜਿਤ- ਤਥਾਗਤ, ਫਿਰ ਰਾਜ ਵਿੱਚ ਸ਼ਾਂਤੀ ਆ ਜਾਵੇਗੀ?
ਬੁੱਧ-ਰਾਜਨ, ਕਿਉਂ ਨਹੀਂ?ਜਦੋਂ ਲੋਕ ਆਪਣੇ-ਆਪਣੇ ਕੰਮ-ਕਾਰ ਵਿੱਚ ਲੱਗੇ ਰਹਿਣਗੇ, ਤਾਂ ਕੋਈ ਵੀ ਇੱਕ ਦੂਜੇ ਦਾ ਸ਼ੋਸ਼ਣ ਕਰਕੇ ਪਰੇਸ਼ਾਨ ਨਹੀਂ ਕਰੇਗਾ। ਅਰਥ-ਵਿਵਸਥਾ ’ਚ ਸੁਧਾਰ ਨਾਲ ਰਾਜ ਦੀ ਆਮਦਨ ਵਧੇਗੀ। ਆਮਦਨ ਵਧੇਗੀ ਤਾਂ ਜਨਤਾ ’ਤੇ ਟੈਕਸ ਲਾਉਣ ਦੀ ਲੋੜ ਨਹੀ। ਟੈਕਸ ਨਹੀ, ਜਨਤਾ ਵਿੱਚ ਅਮਨ ਚੈਨ ਤੇ ਖੁਸ਼ਹਾਲੀ ਆਵੇਗੀ। ਲੋਕ ਬੱਚਿਆਂ ਨੂੰ ਆਪਣੀ ਗੋਦ ’ਚ ਲੈ, ਖੁਸ਼ੀ ਵਿੱਚ ਨੱਚਣ ਗਾਉਂੁਣਗ,ਲੋਕ ਰਾਤਾਂ ਨੂੰ ਦਰਵਾਜ਼ੇ ਖੁੱਲ੍ਹੇ ਛੱਡਕੇ ਸੌਣਗੇ।
ਪ੍ਰਸੰਨਜਿਤ- ਤਥਾਗਤ ਜੀ, ਪਰਜਾ ਦਾ ਮਨ ਜਿੱਤਣ ਲਈ ਕੀ ਕੀ ਕਰਨਾ ਚਾਹੀਦਾ?
ਬੁੱਧ- ਰਾਜਨ, ਰਾਜੇ ਨੂੰ ਕੋਈ ਵੀ ਫੈਸਲਾ ਜਲਦਬਾਜੀ ਵਿੱਚ ਨਹੀਂ ਕਰਨਾ ਚਾਹੀਦਾ, ਹਰ ਫੈਸਲਾ ਖੂਬ ਸੋਚ-ਵਿਚਾਰ ਕੇ ਕਰਨਾ ਚਾਹੀਦਾ ਹੈ। ਰਾਜੇ ਨੂੰ ਫੈਸਲਾ ਧੰਮ ਦੇ ਨਿਆਂ ਅਨੁਸਾਰ ਕਰਨਾ ਚਾਹੀਦਾ ਹੈ। ਲਾਗ-ਡਾਟ, ਦਵੇਸ਼ ਨਾਲ ਕੋਈ ਫੈਸਲਾਂ ਨਹੀਂ ਕਰਨਾ ਚਾਹੀਦਾ। ਰਾਜਨ, ਰਾਜ ਨੂੰ ਧੰਮ ਸਿਧਾਂਤਾਂ ਨਾਲ ਸੁਧਾਰਿਆ ਜਾ ਸਕਦਾ ਹੈ। ਰਾਜੇ ਨੂੰ ਰਾਜ ਵਿਵਸਥਾ ’ਚ ਇਸ ਤਰ੍ਹਾਂ ਸੁਧਾਰ ਕਰਨਾ ਚਾਹੀਦਾ ਹੈ, ਜਿਸ ਨਾਲ ਅਮੀਰੀ-ਗਰੀਬੀ ਦਾ ਪਾੜਾ ਘਟਦਾ ਜਾਵੇ। ਹਰ ਪਾਸੇ ਸਮਾਜਿਕ ਸਮਾਨਤਾ ਸਥਾਪਤ ਕਰਨੀ ਚਾਹੀਦੀ ਹੈ, ਤਾਂ ਜੋ ਕਿ ਸਾਰਿਆਂ ਨੂੰ ਸਮਾਨ ਨਿਆਂ ਦਿੱਤਾ ਜਾ ਸਕੇ।
ਜਦੋਂ ਰਾਜ ਭਾਗ ਬੁੱਧੀ ਤੇ ਪ੍ਰੇਮ ਭਾਵਨਾ ਨਾਲ ਹੋਵੇਗਾ ਤਾਂ ਹੀ ਗਰੀਬ, ਦੁਖੀ ਲੋਕ ਸੁਖ ਸ਼ਾਤੀ ਦਾ ਜੀਵਨ ਜਿਉਂ ਸਕਣਗੇ। ਰਾਜਨ, ਫਿਰ ਰਾਜ ਵਿੱਚ ਵਿਦਰੋਹ ਦੀ ਨੌਬਤ ਹੀ ਨਹੀਂ ਆਵੇਗੀ।
ਪ੍ਰਸੰਨਜਿਤ- ਤਥਾਗਤ, ਰਾਜਾ ਹਰਮਨ ਪਿਆਰਾ ਕਿਵੇਂ ਬਣ ਸਕਦਾ ਹੈ?
ਬੁੱਧ- ਰਾਜਨ, ਸ਼ਾਸ਼ਕ ਸਾਦਗੀ ਵਾਲਾ ਜੀਵਨ ਜਿਉਣਗੇ ਤਾਂ ਜਨਤਾ ਲਈ ਮਿਸਾਲ ਬਣਦੇ ਹਨ। ਸ਼ਾਸ਼ਕ ਐਸ਼ੋ-ਆਰਾਮ ਤੇ ਮੌਜ਼ ਮਸਤੀ ਦਾ ਜੀਵਨ ਜਿਉਣਗੇ ਤਾਂ ਜਨਤਾ ਵਿੱਚ ਸਾੜਾ ਵੱਧੇਗਾ ਹੀ, ਆਗੂਆਂ ਨੂੰ ਆਪਣਾ ਸਮਾਂ ਲੋਕ ਸੇਵਾ ਵਿੱਚ ਲਾਉਣਾ ਚਾਹੀਦਾ ਹੈ। ਤਾਂ ਹੀ ਉਹ ਜਨਤਾ ਦਾ ਭਰੋਸਾ ਤੇ ਸਨਮਾਨ ਪ੍ਰਾਪਤ ਕਰ ਸਕਦੇ ਹਨ। ਜੇ ਸ਼ਾਸ਼ਕ ਲੋਕਾਂ ਦਾ ਮਾਨ-ਸਨਮਾਨ ਰੱਖਦਾ ਹੈ, ਤਾਂ ਲੋਕ ਕਾਨੂੰਨ ਦੀ ਪਾਲਣਾ ਕਰਨਗੇ। ਜੇ ਆਗੂ ਖੁਦ ਨਿਯਮਾਂ ਦਾ ਪਾਲਣ ਕਰਨਗੇ, ਤਾਂ ਹੀ ਲੋਕ ਉਹਨਾਂ ਤੇ ਭਰੋਸਾ ਕਰਨਗੇ।
ਰਾਜਨ, ਨੇਕ-ਨੀਤੀ ਵਾਲਾ ਸ਼ਾਸਕ ਹੀ ਹਰਮਨ ਪਿਆਰਾ ਤੇ ਲੋਕਨਾਇਕ ਬਣ, ਜਨਤਾ ਉਤੇ ਰਾਜ ਕਰ ਸਕਦਾ ਹੈ। ਜਿੱਤ ਪਿਆਰ ਦੀ ਹੁੰਦੀ, ਤਾਕਤਵਰ ਤੇ ਜ਼ੋਰਾਵਰਾਂ ਦੀ ਨਹੀਂ।
ਪ੍ਰਸੰਨਜਿਤ-  ਤਥਾਗਤ, ਰਾਜ ਖੁਸ਼ਹਾਲ ਕਿਵੇਂ ਹੋੋ ਸਕਦਾ ਹੈ?
ਬੱਧ- ਰਾਜਨ, ਗਰੀਬੀ ਇੰਨੀ ਨਹੀਂ ਹੋਣੀ ਚਾਹੀਦੀ ਕਿ ਆਦਮੀ ਆਪਣੇ-ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਖੁਸ਼ ਹੀ ਨਾ ਰੱਖ ਸਕੇ। ਇਸ ਲਈ ਨਿੱਜੀ ਜਾਇਦਾਦ ਉਤੇ ਪਾਬੰਦੀ ਲੱਗਣੀ ਚਾਹੀਦੀ ਹੈ। ਵਰਤਮਾਨ ਪਲਾਂ ਨੂੰ ਖੁਸ਼ੀ ਵਿੱਚ ਗੁਜ਼ਾਰਨਾਂ ਸਭ ਤੋਂ ਵੱਡੀ ਖੁਸ਼ੀ ਹੈ। ਠਰੰ੍ਹਮੇਂ ਵਾਲੀ ਤੱਕਣੀ, ਛੋਟੀ ਜਿਹੀ ਮੁਸਕਰਾਹਟ, ਸਨੇਹ ਭਰੇ ਬੋਲ, ਰਲ ਮਿਲਕੇ ਖਾਧਾ ਭੋਜਨ ਤੇ ਭਾਈਚਾਰਾ, ਅਜਿਹੀਆਂ ਚੀਜ਼ਾਂ ਹਨ। ਜੋ ਵਰਤਮਾਨ ਦੇ ਪਲਾਂ ਨੂੰ ਖੁਸ਼ੀ ਨਾਲ ਭਰ ਦਿੰਦੀਆਂ ਹਨ।
ਵਰਤਮਾਨ ਪਲਾਂ ਵਿੱਚ ਜੀਣ ਵਾਲਾ ਆਦਮੀ ਨਾ ਆਪਣੇ-ਆਪ ਨੂੰ ਤੇ ਨਾ ਹੀ ਆਪਣੇ ਸਾਥੀਆਂ ਨੂੰ ਕਿਸੇ ਕਸ਼ਟ ਵਿੱਚ ਪਾਉਂਦਾ ਹੈ। ਹੋਰਨਾਂ ਦੇ ਸੁਖ ਦਾ ਧਿਆਨ ਰੱਖਣ ਨਾਲ ਖੁਸ਼ੀ ਫੈਲਦੀ ਹੈ। ਰਾਜਨ, ਅਸਲ ਖੁਸ਼ੀ ਪੈਸੇ ਜਾਂ ਪ੍ਰਸਿੱਧੀ ਨਾਲ ਨਹੀਂ ਮਿਲਦੀ, ਅਪਰਾਧ, ਹਿੰਸਾ, ਬੇਰੁਜ਼ਗਾਰੀ, ਗਰੀਬੀ, ਭੁੱਖ ਨੂੰ ਦੂਰ ਕਰਨ ਅਤੇ ਗਰੀਬਾਂ ਨੂੰ ਹਰ ਕਿਸਮ ਦੇ ਟੈਕਸ ਤੋਂ ਛੋਟ ਦੇਣ ਨਾਲ ਮਿਲੇਗੀ।
ਪ੍ਰਸੰਨਜਿਤ-  ਇਸ ਵਾਸਤੇ ਰਾਜ-ਵਿਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ?
ਬੁੱਧ- ਲੋਕ-ਰਾਜੀ ਕਦਰਾਂ-ਕੀਮਤਾਂ ਨੂੰ ਮਹੱਤਵ ਦਿੱਤਾ ਜਾਵੇ। ਹਰ ਕੰਮ ਕਨੂੰਨ ਤੇ ਨਿਯਮਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ। ਜੇ ਕੋਈ ਕਨੂੰਨ ਬਦਲਣਾ ਹੋਵੇ ਤਾਂ ਰਾਜ ਦੀ ਪ੍ਰਤੀਨਿਧੀ ਸਭਾ ਦੀ ਪ੍ਰਚਲਿਤ ਨੇਮਾਂ ਅਨੁਸਾਰ ਮਨਜ਼ੂਰੀ ਲਈ ਜਾਣੀ ਚਾਹੀਦੀ ਹੈ। ਸਰਕਾਰ ਦੇ ਵਿਭਾਗਾਂ ’ਚ ਤਾਲ-ਮੇਲ ਬਣਿਆ ਰਹਿਣਾ ਚਾਹੀਦਾ। ਹਰ ਕੰਮ ਸਹਿਯੋਗ ਤੇ ਦਿਆਨਤਦਾਰੀ ਨਾਲ ਕੀਤਾ ਜਾਣਾ ਚਾਹੀਦਾ। ਹਰ ਵਿਅਕਤੀ ਕਿਸੇ ਨਾਲੋ ਨੀਵਾਂ ਜਾਂ ਗ਼ਰੀਬ ਸਮਝਣ ਦੀ ਬਨਿਸਬਤ, ਜਿਉਣ ਵਿੱਚ ਸਵੈਮਾਣ ਮਹਿਸੂਸ ਕਰੇ।
ਪ੍ਰਸੰਨਜਿਤ- ਤਥਾਗਤ, ਕੋਈ ਹੋਰ ਸਿੱਖਿਆ ਦਿਓ?
ਬੁੱਧ- ਰਾਜਨ, ਮਨੁੱਖੀ ਮਨ ਨੂੰ ਸੁਧਾਰਨ ਤੋਂ ਬਗੈਰ ਇਸ ਦੁਨੀਆਂ ਨੂੰ ਸੁਧਾਰਿਆ ਨਹੀਂ ਜਾ ਸਕਦਾ। ਜੇ ਮਨੁੱਖੀ ਮਨ ਨੂੰ ਬਦਲਿਆ ਜਾਵੇ ਤਾਂ ਫੌਜ ਜਾਂ ਪੁਲਿਸ ਦੀ ਲੋੜ ਨਹੀਂ ਪਵੇਗੀ। ਸਮਾਜ ਵਿੱਚ ਸ਼ਾਂਤੀ, ਖੁਸ਼ੀ ਤੇ ਸਮਾਨਤਾ ਆਪਣੇ-ਆਪ ਆ ਜਾਵੇਗੀ। ਆਗੂਆਂ ਨੂੰ ਸਦਾਚਾਰੀ ਵਾਲਾ ਜੀਵਨ ਪੇਸ਼ ਕਰਨਾ ਚਾਹੀਦਾ ਹੈ। ਪੁਰਾਣੇ ਰੀਤੀ-ਰਿਵਾਜ਼, ਵਹਿਮ ਭਰਮ, ਅੰਧਵਿਸ਼ਵਾਸ ਲੋਕਾਂ ਦੀ ਤਰੱਕੀ ਵਿੱਚ ਰੋੜਾ ਬਣਦੇ ਹਨ। ਨਵਜਾਗਰਿਤੀ ਪੈਦਾ ਕਰਨ ਲਈ ਉਪਰਾਲੇ ਹੋਣੇ ਚਾਹੀਦੇ ਹਨ, ਨਵਾਂ ਗਿਆਨ, ਨਵਾਂ ਮਾਰਗ, ਨਵਾਂ ਪੱਖ ਅਤੇ ਨਵਾਂ ਵਿਸ਼ਵਾਸ, ਸ਼ਾਸ਼ਕਾਂ ਨੂੰ ਖੁਦ ਅੱਗੇ ਹੋ ਕੇ ਪੇਸ਼ ਕਰਨਾ ਚਾਹੀਦਾ ਹੈ।
ਪ੍ਰਸੰਨਜਿਤ-  ਤਥਾਗਤ, ਇਹ ਵਿਚਾਰ ਕਿੱਥੋਂ ਪ੍ਰਾਪਤ ਹੋ ਸਕਦੇ ਹਨ?
ਬੁੱਧ- ਰਾਜਨ, ਇਹ ਵਿਚਾਰ ਧੱਮ ਦੇ ਸਿਧਾਂਤ ਹਨ। ਧੱਮ ਸਮਾਜਿਕ ਸਦਾਚਾਰ ਹੈ। ਸਮਾਜਿਕ ਸਦਾਚਾਰ ਇਹੀ ਹੈ ਕਿ    ਜੋ ਮੈਨੂੰ ਚਾਹੀਦਾ ਹੈ, ਦੂਜੇ ਨੂੰ ਵੀ ਉਹੀ ਚਾਹੀਦਾ ਹੈ।
ਸਾਧੋ! ਸਾਧੋ!! ਸਾਧੋ!!! ‘ਸਭਿ ਭਬੰਤ ਮੰਗਲਮ ’
ਮੋ. 98145 17499
ਜੀ ਟੀ ਰੋਡ, ਸਿਵਲ ਕੋਰਟਸ, ਫਗਵਾੜਾ
Previous articleਲੋਕ ਗਾਇਕ ਰਾਜਵੀਰ ਜਵੰਦਾ ਦੀ ਤੰਦਰੁਸਤੀ ਲਈ ਵਿਸ਼ਵ ਭਰ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ
Next articleThe Dual-Faced Administrator: Mohsin Naqvi’s Transformation from Politician to Cricket Official