(ਸਮਾਜ ਵੀਕਲੀ)
ਵਰਖਾ ਰੁੱਤ ਦੇ ਸ਼ੁਰੂ ਹੋਣ ਦੇ ਨਾਲ ਹੀ ਰੁੱਖ ਲਗਾਉਣ ਦਾ ਮਹਾਨ ਪਰਉਪਕਾਰੀ ਕਾਰਜ ਸਾਡੇ ਆਲੇ – ਦੁਆਲੇ ਸ਼ੁਰੂ ਹੋ ਜਾਂਦਾ ਹੈ ; ਜੋ ਕਿ ਸਾਡੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹਰਾ – ਭਰਾ , ਸਾਫ ਤੇ ਸ਼ੁੱਧ ਵਾਤਾਵਰਣ ਮੁਹੱਈਆ ਕਰਵਾਉਣ ਹਿੱਤ ਬਹੁਤ ਜ਼ਰੂਰੀ ਅਤੇ ਮਹੱਤਵਪੂਰਨ ਹੈ । ਰੁੱਖ ਲਗਾਉਣ ਦੇ ਨਾਲ – ਨਾਲ ਉਨ੍ਹਾਂ ਦੀ ਸੰਭਾਲ ਹੋਣਾ ਕਰਨਾ ਵੀ ਅਤਿ ਜ਼ਰੂਰੀ ਬਣਦਾ ਹੈ । ਹਰ ਪਾਸਿਓਂ ਦੇਖਣ, ਸੁਣਨ ਤੇ ਅਨੁਭਵ ਕਰਨ ਵਿੱਚ ਆਉਂਦਾ ਹੈ ਕਿ ਅਸੀਂ ਸਭ ਵਾਤਾਵਰਨ ਪ੍ਰਤੀ ਕਾਫੀ ਸੁਚੇਤ ਹੋ ਗਏ ਹਾਂ ਤੇ ਵੱਧ – ਚੜ੍ਹ ਕੇ ਰੁੱਖ ਲਗਾਉਣ ਵਿੱਚ ਯੋਗਦਾਨ ਵੀ ਪਾ ਰਹੇ ਹਾਂ ।
ਇਸ ਦੇ ਨਾਲ – ਨਾਲ ਇੱਕ ਮਹੱਤਵਪੂਰਨ ਪਹਿਲੂ ਇਹ ਵੀ ਸਾਹਮਣੇ ਆਉਂਦਾ ਹੈ ਕਿ ਜੇਕਰ ਰੁੱਤ ਵਿੱਚ ਅਸੀਂ ਜੰਗਲਾਂ ਜਾਂ ਆਪਣੇ ਦੂਰ ਨੇੜੇ ਦੀਆਂ ਗੈਰ – ਆਬਾਦ , ਬੰਜਰ ਜਾਂ ਹੋਰ ਥਾਵਾਂ ‘ਤੇ ਦੂਸਰੇ ਰੁੱਖ ਲਗਾਉਣ ਦੇ ਨਾਲ – ਨਾਲ ਕੁਝ ਹਿੱਸਾ ਫਲਦਾਰ ਰੁੱਖ ਲਗਾਉਣ ਦੀ ਨਵੀਂ ਪ੍ਰਵਿਰਤੀ ਦਾ ਆਰੰਭ ਕਰ ਦਈਏ ਤਾਂ ਇਸ ਨਾਲ ਵਾਤਾਵਰਨ ਤਾਂ ਸ਼ੁੱਧ ਰਹੇਗਾ ਹੀ , ਨਾਲ ਹੀ ਪੰਛੀ – ਪਰਿੰਦਿਆਂ ਅਤੇ ਜੀਵ – ਜੰਤੂਆਂ ਨੂੰ ਕੁਦਰਤੀ ਤੌਰ ‘ਤੇ ਕੁਦਰਤੀ ਮਾਹੌਲ ਵਿੱਚ ਆਪਣੇ ਭੋਜਨ ਦੀ ਸਹੀ , ਸੁਚਾਰੂ ਤੇ ਸੁਚੱਜੇ ਢੰਗ ਨਾਲ ਪ੍ਰਾਪਤੀ ਵੀ ਹੋ ਜਾਵੇਗੀ।
ਇਸ ਨਾਲ ਜਿੱਥੇ ਜੀਵ – ਜੰਤੂਆਂ ਤੇ ਪੰਛੀ – ਪਰਿੰਦਿਆਂ ਦੀ ਭਲਾਈ ਹੋਵੇਗੀ ਅਤੇ ਉਨ੍ਹਾਂ ਨੂੰ ਕੁਦਰਤੀ ਪ੍ਰਸਥਿਤਿਕ ਪ੍ਰਬੰਧ ਵਿੱਚ ਆਪਣਾ ਕੁਦਰਤੀ ਭੋਜਨ ਸੁਲਭ ਹੋ ਸਕੇਗਾ , ਉੱਥੇ ਹੀ ਇਸ ਦੇ ਨਾਲ ਹੀ ਇਹ ਪੰਛੀ – ਪਰਿੰਦੇ ਖਾਸ ਤੌਰ ‘ਤੇ ਜੰਗਲੀ ਜਾਨਵਰ ਆਦਿ ਸਾਡੇ ਖੇਤਾਂ , ਫ਼ਸਲਾਂ ਆਦਿ ਵੱਲ ਆਉਣ ਦੇ ਰੁਝਾਨ ਤੋਂ ਪਿੱਛੇ ਹੱਟ ਜਾਣਗੇ ਅਤੇ ਇਸ ਨਾਲ ਮਿਹਨਤੀ ਕਿਸਾਨਾਂ ਦੀਆਂ ਫ਼ਸਲਾਂ ਦਾ ਇਨ੍ਹਾਂ ਜੰਗਲੀ ਜਾਨਵਰਾਂ ਵੱਲੋਂ ਕੀਤਾ ਜਾਂਦਾ ਬੇਲੋੜਾ ਉਜਾੜਾ ਤੇ ਨੁਕਸਾਨ ਆਦਿ ਹੋਣ ਤੋਂ ਬਚ ਜਾਵੇਗਾ ।
ਇਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਣੋ ਬਚ ਸਕਦਾ ਹੈ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਹੋਰ ਵਧੀਆ ਹੋ ਸਕਦੀ ਹੈ । ਸਾਡੇ ਵੱਲੋਂ ਕੀਤਾ ਗਿਆ ਇਹ ਛੋਟਾ ਜਿਹਾ ਉਪਰਾਲਾ ਜਿੱਥੇ ਕਈ ਪ੍ਰਕਾਰ ਦੀਆਂ ਪੰਛੀਆਂ – ਪਰਿੰਦਿਆਂ ਤੇ ਜੀਵ – ਜੰਤੂਆਂ ਦੀਆਂ ਅਲੋਪ ਹੋ ਰਹੀਆਂ ਨਸਲਾਂ ਨੂੰ ਬਚਾਉਣ ਵਿੱਚ ਸਹਾਈ ਹੋ ਸਕਦਾ ਹੈ , ਉੱਥੇ ਹੀ ਕਿਸਾਨਾਂ ਦੀਆਂ ਫ਼ਸਲਾਂ ਦਾ ਬਚਾਅ ਹੋਣ ਨਾਲ ਗਰੀਬ ਕਿਸਾਨਾਂ ਦੀ ਸਥਿਤੀ/ ਪੱਧਰ ਉੱਚਾ ਉੱਠ ਸਕਦਾ ਹੈ ਅਤੇ ਇਨ੍ਹਾਂ ਲਾਚਾਰ ਜੀਵ – ਜੰਤੂਆਂ ਨੂੰ ਆਪਣੇ ਰੇੈਣ – ਬਸੇਰਿਆਂ ਦੇ ਨਜ਼ਦੀਕ ਹੀ ਆਸਾਨੀ ਨਾਲ ਭੋਜਨ ਪ੍ਰਾਪਤ ਹੋ ਜਾਣਾ ਬਹੁਤ ਹੀ ਵੱਡਾ ਪਰਉਪਕਾਰ , ਪੁੰਨ ਅਤੇ ਮਹਾਨਤਾ ਵਾਲਾ ਕੰਮ ਹੋ ਨਿਬੜੇਗਾ ।
ਸੋ ਜੇਕਰ ਇਸ ਰੁੱਤ ਵਿੱਚ ਪੌਦੇ ਲਗਾਉਣ ਦੀ ਪਹਿਲ ਕਰਨ ਦੇ ਨਾਲ – ਨਾਲ ਨਜ਼ਦੀਕ ਦੇ ਜੰਗਲਾਂ ਬੇਲਿਆਂ , ਬੰਜਰ ਥਾਵਾਂ , ਵਿਰਾਨ ਥਾਵਾਂ ‘ਤੇ ਕੁਝ ਫ਼ਲਦਾਰ ਪੌਦੇ ਲਗਾ ਦਿੱਤੇ ਜਾਣ ਤਾਂ ਵਾਤਾਵਰਨ ਅਤੇ ਕੁਦਰਤੀ ਤੰਤਰ ਵਿੱਚ ਇੱਕ ਨਵੀਂ ਰੂਹ ਅਤੇ ਦਿੱਖ ਪੈਦਾ ਹੋ ਜਾਵੇਗੀ ਅਤੇ ਸਾਡਾ ਤੇ ਸਾਡੇ ਕਿਸਾਨ ਭਰਾਵਾਂ ਦਾ ਵੀ ਕਾਫੀ ਫਾਇਦਾ ਹੋ ਸਕਦਾ ਹੈ ਅਤੇ ਇਨ੍ਹਾਂ ਜੰਗਲੀ ਜਾਨਵਰਾਂ ਦੇ ਮਨੁੱਖੀ ਬਸਤੀਆਂ ਵੱਲ ਆਉਣ ਅਤੇ ਇੱਥੇ ਕੀਤੇ ਜਾਣ ਵਾਲੇ ਨੁਕਸਾਨ ਜਾਂ ਦੁਰਘਟਨਾਵਾਂ ਤੋਂ ਬਚਾਓ ਹੋ ਕੇ ਸਾਡਾ ਸਭ ਦਾ ਭਲਾ ਹੋ ਸਕਦਾ ਹੈ ।
ਸੋ ਆਓ ! ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਜੰਗਲ ਵੇਲਿਆਂ ਵਿੱਚ ਫਲਦਾਰ ਰੁੱਖ ਲਗਾਉਣ ਨੂੰ ਪਹਿਲ ਦੇਈਏ , ਇਸ ਨਵੀਂ ਸੋਚ ਤੇ ਪਰਉਪਕਾਰ ਨੂੰ ਅਪਣਾਈਏ ਅਤੇ ਸਭ ਦਾ ਭਲਾ ਕਰੀਏ ।
ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
ਸਾਹਿਤ ਵਿੱਚ ਕੀਤੇ ਵਿਸ਼ੇਸ਼ ਕਾਰਜਾਂ ਲਈ ਲੇਖਕ ਦਾ ਨਾਂ ” ਇੰਡੀਆ ਬੁੱਕ ਆੱਫ਼ ਰਿਕਾਰਡਜ਼ ” ਵਿੱਚ ਦਰਜ਼ ਹੈ ।
9478561356
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly