ਹਵਾਈ ਅੱਡਿਆਂ ‘ਤੇ ਕੰਮ ਕਰਦੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ‘ਤੇ ਰੋਕ

ਅੰਮ੍ਰਿਤਸਰ ਵਿਕਾਸ ਮੰਚਫਲਾਈਅੰਮ੍ਰਿਤਸਰ ਇਨੀਸ਼ੀਏਟਿਵ ਵੱਲੋਂ ਇਹਨਾਂ ਪਾਬੰਦੀਆਂ ਦੇ ਹੱਲ ਲਈ ਤੁਰੰਤ ਕਾਰਵਾਈ ਦੀ ਮੰਗ

ਸਮੀਪ ਸਿੰਘ ਗੁਮਟਾਲਾ
ਕੁਲਵੰਤ ਸਿੰਘ ਅਣਖੀ

ਅੰਮ੍ਰਿਤਸਰ, ਪੰਜਾਬ(ਸਮਾਜ ਵੀਕਲੀ): ਅੰਮ੍ਰਿਤਸਰ ਦੇ ਸਰਵਪੱਖੀ ਵਿਕਾਸ ਨੂੰ ਸਮਰਪਿਤ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਵਿਕਾਸ ਅਤੇ ਵਧੇਰੇ ਉਡਾਣਾਂ ਲਈ ਯਤਨਸ਼ੀਲ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸ. ਇਕਬਾਲ ਸਿੰਘ ਲਾਲਪੁਰਾ, ਅਤੇ ਭਾਰਤ ਸਰਕਾਰ ਦੇ ਸਿਵਲ ਏਵੀਏਸ਼ਨ ਮੰਤਰੀ ਸ਼੍ਰੀ ਰਾਮਮੋਹਨ ਨਾਇਡੂ ਨੂੰ ਪੱਤਰ ਭੇਜ ਕੇ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਉੱਤੇ ਕਿਰਪਾਨ ਪਹਿਨਣ ‘ਤੇ ਲਾਈ ਪਾਬੰਦੀ ਦੀ ਸਮੱਸਿਆ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਹੈ। ਇਹ ਸੰਗਠਨ ਸਿਵਲ ਏਵੀਏਸ਼ਨ ਸੁਰੱਖਿਆ ਬਿਊਰੋ (ਬੀ.ਸੀ.ਏ.ਐਸ) ਦੇ ਹਾਲ ਹੀ ਵਿੱਚ ਜਾਰੀ ਕੀਤੇ ਗਏ ਦਿਸ਼ਾਂ ਨਿਰਦੇਸ਼ ਵਿਚ ਸੁਧਾਰ ਦੀ ਮੰਗ ਕਰ ਰਹੇ ਹਨ, ਜਿਸ ਵਿੱਚ ਹਵਾਈ ਅੱਡਿਆਂ ‘ਤੇ ਕੰਮ ਕਰ ਰਹੇ ਸਿੱਖ ਕਰਮਚਾਰੀਆਂ ਨੂੰ ਡਿਉਟੀ ‘ਤੇ ਕਿਰਪਾਨ ਪਹਿਨਣ ਤੋਂ ਰੋਕਿਆ ਗਿਆ ਹੈ।

ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਓਵਰਸੀਜ਼ ਸਕੱਤਰ ਤੇ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਬਿਊਰੋ ਵਲੋਂ ਜਾਰੀ 30 ਅਕਤੂਬਰ, 2024 ਦੇ ਆਦੇਸ਼ ਅਨੁਸਾਰ, ਸਿੱਖ ਯਾਤਰੀਆਂ ਨੂੰ ਛੇ ਇੰਚ ਤੱਕ ਦੇ ਬਲੇਡ ਵਾਲੀਆਂ ਕਿਰਪਾਨਾਂ ਨਾਲ ਘਰੇਲੂ ਉਡਾਨਾਂ ‘ਤੇ ਜਾਣ ਦੀ ਆਗਿਆ ਹੈ, ਪਰ ਇਸ ਨੋਟੀਫੀਕੇਸ਼ਨ ‘ਚ ਇਹ ਵੀ ਲਿਖ ਦਿੱਤਾ ਗਿਆ ਹੈ ਕਿ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਿਰਪਾਨ ਪਹਿਨਣ ਤੋਂ ਸਪੱਸ਼ਟ ਤੌਰ ‘ਤੇ ਰੋਕ ਹੈ। ਇਸ ਪਾਬੰਦੀ ਨਾਲ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ‘ਤੇ ਅੰਮ੍ਰਿਤਧਾਰੀ ਸਿੱਖ ਕਰਮਚਾਰੀਆਂ ਨੂੰ ਸੁਰੱਖਿਆ ਜਾਂਚ ਤੋਂ ਬਾਅਦ ਟਰਮੀਨਲ ਖੇਤਰ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਨਾਲ ਉਹਨਾਂ ਵੱਲੋਂ ਡਿਉਟੀ ਦੌਰਾਨ ਜਿੰਮੇਵਾਰੀਆਂ ਪੂਰੀਆਂ ਕਰਨ ਵਿੱਚ ਰੁਕਾਵਟ ਆ ਰਹੀ ਹੈ। ਮੰਚ ਨੇ ਇਸ ਪਾਬੰਦੀ ਵਾਲੀ ਲਾਈਨ ਨੂੰ ਹਟਾਉਣ ਅਤੇ ਸਿੱਖ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕਿਰਪਾਨ ਪਹਿਨਣ ਦੀ ਸਪੱਸ਼ਟ ਤੌਰ ‘ਤੇ ਆਗਿਆ ਦੇਣ ਲਈ ਜ਼ੋਰ ਦਿੱਤਾ ਹੈ।

ਗੁਮਟਾਲਾ ਨੇ ਕਿਹਾ ਕਿ “ਯੂਕੇ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਹਵਾਈ ਅੱਡੇ ਤੇ ਡਿਉਟੀ ਕਰਦੇ ਸਿੱਖ ਕਰਮਚਾਰੀਆਂ ਨੂੰ ਸੁਰੱਖਿਅਤ ਖੇਤਰਾਂ ਵਿੱਚ ਕਿਰਪਾਨ ਪਹਿਨਣ ਦੀ ਆਗਿਆ ਹੈ। ਸਿੱਖਾਂ ਦੀ ਸਭ ਤੋਂ ਵੱਧ ਵਸੋਂ ਵਾਲੇ ਮੁਲਕ ਭਾਰਤ ‘ਚ ਵੀ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਲਈ ਮੌਜੂਦਾ ਨੀਤੀਆਂ ‘ਚ ਸੋਧ ਕਰਨ ਤੇ ਵਿਚਾਰ ਕਰਨ ਦੀ ਲੋੜ ਹੈ।”

ਆਪਣੇ ਪੱਤਰ ਵਿੱਚ, ਗੁਮਟਾਲਾ ਅਤੇ ਅਣਖੀ ਨੇ ਇਹ ਵੀ ਉਲੇਖ ਕੀਤਾ ਕਿ ਅੰਤਰਰਾਸ਼ਟਰੀ ਉਡਾਨਾਂ ਲਈ ਸੁਰੱਖਿਆ ਜਾਂਚ ਦੌਰਾਨ ਸਿੱਖ ਯਾਤਰੀਆਂ ਨੂੰ ਗਲ ਵਿਚ ਪਾਈਆਂ ਸਿਰਫ ਇੱਕ ਇੰਚ ਵਾਲੀ ਛੋਟੀ ਕਿਰਪਾਨ, ਖੰਡਾ ਅਤੇ ਕੰਗੇ ਵਰਗੀਆਂ ਧਾਰਮਿਕ ਵਸਤਾਂ ਉਤਾਰਣ ਲਈ ਕਿਹਾ ਜਾ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਨੀਦਰਲੈਂਡ ਵਰਗੇ ਵਿਦੇਸ਼ੀ ਹਵਾਈ ਅੱਡਿਆਂ ਤੋਂ ਭਾਰਤ ਆ ਰਹੇ ਸਿੱਖ ਯਾਤਰੀਆਂ ਨੂੰ ਇਹ ਚਿੰਨ੍ਹ ਪਹਿਨਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ, ਪਰ ਵਾਪਸੀ ਵੇਲੇ ਭਾਰਤੀ ਹਵਾਈ ਅੱਡਿਆਂ, ਜਿਵੇਂ ਕਿ ਅੰਮ੍ਰਿਤਸਰ ਅਤੇ ਦਿੱਲੀ ‘ਤੇ, ਉਹਨਾਂ ਨੂੰ ਇਹ ਚਿੰਨ੍ਹ ਉਤਾਰਣ ਲਈ ਮਜ਼ਬੂਰ ਕੀਤਾ ਜਾਂਦਾ ਹੈ।

ਇਹਨਾਂ ਆਗੂਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਧਾਰਮਿਕ ਅਧਿਕਾਰਾਂ ਦੀ ਰੱਖਿਆ ਕਰਨ ਲਈ ਸਹਿਯੋਗ ਦਿੰਦਿਆਂ ਭਾਰਤ ਸਰਕਾਰ ਅੱਗੇ ਇਹ ਮੁੱਦਾ ਉਠਾਉਣ ਵਿਚ ਅਪਣਾ ਯੋਗਦਾਨ ਪਾਉਣ।

ਇਸ ਤੋਂ ਇਲਾਵਾ, ਮੰਚ ਨੇ ਹਵਾਬਾਜ਼ੀ ਮੰਤਰੀ ਨਾਇਡੂ ਨੂੰ ਇਸ ਵਿਚ ਦਖਲ ਦੇਣ ਦੀ ਅਪੀਲ ਕੀਤੀ ਹੈ, ਕਿਉਂਕਿ ਬੀਸੀਏਐਸ ਦਾ ਮਹਿਕਮਾ ਸਿਵਲ ਏਵੀਏਸ਼ਨ ਮੰਤਰਾਲੇ ਅਧੀਨ ਕੰਮ ਕਰਦਾ ਹੈ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਸਿੱਖ ਧਾਰਮਿਕ ਚਿੰਨ੍ਹਾਂ ਨੂੰ ਸੰਭਾਲਣ ਵਿੱਚ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਇਹਨਾਂ ਨੀਤੀਆਂ ਦੀ ਸਮੀਖਿਆ ਕਰਨ। ਮੰਚ ਨੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਸ. ਲਾਲਪੁਰਾ ਜੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਕਿਰਪਾਨ ਦੀ ਮਹੱਤਤਾ ਬਾਰੇ ਮਹਿਕਮੇ ਨਾਲ ਗੱਲਬਾਤ ਕਰਕੇ ਇਸ ਸੰਬੰਧੀ ਦਿਸ਼ਾ ਨਿਰਦੇਸ਼ਾਂ ਵਿੱਚ ਸੋਧ ਕਰਾਉਣ।

ਪ੍ਰਿ. ਅਣਖੀ ਨੇ ਭਰੋਸਾ ਜਾਹਰ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵੱਲੋਂ ਤੁਰੰਤ ਦਖਲਅੰਦਾਜ਼ੀ, ਹਵਾਈ ਅੱਡਿਆਂ ‘ਤੇ ਸਿੱਖ ਯਾਤਰੀਆਂ ਅਤੇ ਕਰਮਚਾਰੀਆਂ ਦੇ ਮਾਣ ਅਤੇ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਮਦਦ ਕਰੇਗੀ।

ਜਾਰੀ ਕਰਤਾ:

ਸਮੀਪ ਸਿੰਘ ਗੁਮਟਾਲਾ

ਓਵਰਸੀਜ਼ ਸਕੱਤਰ, ਅੰਮ੍ਰਿਤਸਰ ਵਿਕਾਸ ਮੰਚ

ਗਲੋਬਲ ਕਨਵੀਨਰ, ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ

ਡੇਟਨ, ਓਹਾਇਓ, ਅਮਰੀਕਾ

ਈਮੇਲ[email protected]

Pon: +1 (937) 654-8873

 ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ

ਸਰਪ੍ਰਸਤ, ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, ਪੰਜਾਬ

ਈਮੇਲ: [email protected]

ਫੋਨ: +91-98158-40755

Previous articleIntegrative Medicine Summit London 2024
Next articleSikh Employees Barred from Wearing a ‘Kirpan’ on Duty at Airports in India