HOME ਸਨ ਫਾਰਮਾ ਫੈਕਟਰੀ ‘ਚ ਕਿਰਤੀ ਦੀ ਮੌਤ ਮਾਮਲਾ: ਸੁਰੱਖਿਆ ਪ੍ਰਬੰਧਾਂ ਦੀ ਨਾਕਾਮੀ...

ਸਨ ਫਾਰਮਾ ਫੈਕਟਰੀ ‘ਚ ਕਿਰਤੀ ਦੀ ਮੌਤ ਮਾਮਲਾ: ਸੁਰੱਖਿਆ ਪ੍ਰਬੰਧਾਂ ਦੀ ਨਾਕਾਮੀ ਕਾਰਨ ਹੋਈ ਨੌਜਵਾਨ ਦੀ ਮੌਤ …..

7

ਸਮਾਜ ਵੀਕਲੀ ਯੂ ਕੇ

ਸਨ ਫਾਰਮਾ ਫੈਕਟਰੀ ‘ਚ ਕਿਰਤੀ ਦੀ ਮੌਤ ਮਾਮਲਾ: ਸੁਰੱਖਿਆ ਪ੍ਰਬੰਧਾਂ ਦੀ ਨਾਕਾਮੀ ਕਾਰਨ ਹੋਈ ਨੌਜਵਾਨ ਦੀ ਮੌਤ, ਉੱਚ ਪੱਧਰੀ ਜਾਂਚ ਕਰਕੇ ਪ੍ਰਬੰਧਕਾਂ ਖਿਲਾਫ਼ ਦਰਜ ਹੋਵੇ ਪਰਚਾ — ਕਰਨ ਸਿੰਘ ਰਾਣਾ

ਨਵਾਂਸ਼ਹਿਰ /ਕਾਠਗੜ੍ਹ, 2 ਜੂਨ (ਜਤਿੰਦਰ ਪਾਲ ਸਿੰਘ ਕਲੇਰ ): ਸਨ ਫਾਰਮਾ ਫੈਕਟਰੀ ਵਿੱਚ ਕੰਮ ਕਰਦੇ ਇੱਕ ਗਰੀਬ ਕਿਰਤੀ ਨੌਜਵਾਨ ਸ਼ਨੀ ਜੋਸ਼ੀ ਦੀ ਫੈਕਟਰੀ ਅੰਦਰ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਹੋਈ ਦਰਦਨਾਕ ਮੌਤ ‘ਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ, ‘ਸਾਂਝਾ ਕਿਸਾਨ ਮਜ਼ਦੂਰ ਮੋਰਚਾ’ (ਸਬੰਧਤ ਭਾਈ ਲਾਲੋ ਲੋਕ ਮੰਚ) ਦੇ ਜਨਰਲ ਸਕੱਤਰ ਸਾਥੀ ਕਰਨ ਸਿੰਘ ਰਾਣਾ ਨੇ ਫੈਕਟਰੀ ਪ੍ਰਬੰਧਕਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਅੱਜ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ ਸਾਥੀ ਕਰਨ ਸਿੰਘ ਰਾਣਾ ਨੇ ਕਿਹਾ ਕਿ ਇਹ ਕੋਈ ਆਮ ਮੌਤ ਨਹੀਂ, ਸਗੋਂ ਫੈਕਟਰੀ ਪ੍ਰਬੰਧਕਾਂ ਦੀ ਅਣਗਹਿਲੀ ਅਤੇ ਸੁਰੱਖਿਆ ਨਿਯਮਾਂ ਦੀਆਂ ਉਡਾਈਆਂ ਜਾ ਰਹੀਆਂ ਧੱਜੀਆਂ ਦਾ ਸਿੱਟਾ ਹੈ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸ਼ਨੀ ਜੋਸ਼ੀ ਜਦੋਂ 1 ਜੂਨ ਨੂੰ ਸਵੇਰੇ ਫੈਕਟਰੀ ਤੋਂ ਡਿਊਟੀ ਕਰਕੇ ਘਰ ਪਰਤਿਆ ਤਾਂ ਉਸ ਨੂੰ ਲਗਾਤਾਰ ਉਲਟੀਆਂ ਆ ਰਹੀਆਂ ਸਨ ਅਤੇ ਫੈਕਟਰੀ ਵਿੱਚ ਜ਼ਹਿਰੀਲੀ ਗੈਸ ਚੜ੍ਹਨ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਸਾਥੀ ਰਾਣਾ ਨੇ ਫੈਕਟਰੀ ਪ੍ਰਬੰਧਨ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਸ ਫੈਕਟਰੀ ਵਿੱਚ ਅਜਿਹੇ ਹਾਦਸੇ ਪਹਿਲਾਂ ਵੀ ਹੁੰਦੇ ਰਹੇ ਹਨ, ਪਰ ਪ੍ਰਬੰਧਕ ਆਪਣੇ ਰਸੂਖ਼ ਦੀ ਵਰਤੋਂ ਕਰਕੇ ਬੜੀ ਚਲਾਕੀ ਨਾਲ ਇਹਨਾਂ ਮਾਮਲਿਆਂ ‘ਤੇ ਪਰਦਾ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਫੈਕਟਰੀ ਅੰਦਰ ਸੁਰੱਖਿਆ ਦੇ ਕੋਈ ਪੁਖ਼ਤਾ ਇੰਤਜ਼ਾਮ ਨਹੀਂ ਹਨ ਅਤੇ ਅਕਸਰ ਕੱਚੇ ਕਾਮਿਆਂ ਨੂੰ ਬਿਨਾਂ ਕਿਸੇ ਸੁਰੱਖਿਆ ਕਿੱਟ ਜਾਂ ਬਚਾਅ ਸਾਧਨਾਂ ਦੇ ਖ਼ਤਰਨਾਕ ਥਾਵਾਂ ‘ਤੇ ਕੰਮ ‘ਤੇ ਲਗਾ ਦਿੱਤਾ ਜਾਂਦਾ ਹੈ, ਜੋ ਕਿ ਸਿੱਧਾ ਉਹਨਾਂ ਦੀਆਂ ਜਾਨਾਂ ਨਾਲ ਖਿਲਵਾੜ ਹੈ।

ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ (ਐੱਸ.ਐੱਸ.ਪੀ.) ਸ਼ਹੀਦ ਭਗਤ ਸਿੰਘ ਨਗਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਉੱਚ ਪੱਧਰੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਪਾਏ ਜਾਣ ‘ਤੇ ਸਨ ਫਾਰਮਾ ਫੈਕਟਰੀ ਦੇ ਮਾਲਕਾਂ ਅਤੇ ਪ੍ਰਬੰਧਕਾਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਫੈਕਟਰੀ ਪ੍ਰਸ਼ਾਸਨ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਜੇਕਰ ਕਿਰਤੀਆਂ ਦੀ ਸੁਰੱਖਿਆ ਲਈ ਠੋਸ ਬੰਦੋਬਸਤ ਨਾ ਕੀਤੇ ਗਏ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ, ਤਾਂ ਮੋਰਚਾ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗਾ। ਇਸ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿੱਚ ਕਰਨੈਲ ਸਿੰਘ ਭੱਲਾ, ਮਨੋਹਰ ਲਾਲ ਟੌਂਸਾ, ਸੁੱਚਾ ਸਿੰਘ (ਸਾਬਕਾ ਸਰਪੰਚ ਜੀਓਵਾਲ) ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਅਤੇ ਪਤਵੰਤੇ ਸੱਜਣ ਹਾਜ਼ਰ ਸਨ।

Previous articleਕਾਂਗਰਸੀ ਵਰਕਰਾਂ ਵੱਲੋਂ ਨੀਟ ਪੇਪਰ ਲੀਕ ਅਤੇ ਸੀਬੀਐਸਈ ਦੀ ਮਾੜੇ ਪ੍ਰਬੰਧਾਂ ਖ਼ਿਲਾਫ਼ ਰੋਸ ਪ੍ਰਦਰਸ਼ਨ
Next articleਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਦੀ ਕੋਹਿਨੂਰ ਨੇ ਕਰਾਟੇ ਵਿੱਚ ਜਿੱਤਿਆ ਸੋਨ ਤਮਗਾ