HOME ਕਿਰਤੀ ਪਰਿੰਦੇ 

ਕਿਰਤੀ ਪਰਿੰਦੇ 

3

 (ਸਮਾਜ ਵੀਕਲੀ) 

ਚਿੜੀਆਂ ਪੁੱਛਣ ਮਕਾਨਾਂ ਤਾਈਂ,
ਕਿੱਥੇ ਗਏ ਥੋਡੇ ਫਰ੍ਹੇ ‘ਤੇ ਬਾਲੇ।
ਸਣ,ਬਾਂਸ ਦੀ ਕੋਈ ਛੱਤ ਨਹੀਂ ਦੀਂਹਦੀ,
ਬੂਹਿਆਂ ਕੋਲ਼ੇ ਹੈਨੀ ਆਲ਼ੇ।
ਸਾਡੇ ਹਿੱਸੇ ਰੁੱਖ ਨਾ ਕੋਈ,
ਖੜ੍ਹੇ-ਖੜ੍ਹੇ ਜੋ ਖੇਤੀਂ ਜਾਲੇ਼।
ਪਿਛਲੇ ਵਰ੍ਹੇ ਦੀ ਗੱਲ ਹੈ ਚੇਤੇ,
ਕਿੰਝ ਅਸਾਂ ਸਨ ਬੋਟ ਸੰਭਾਲੇ।
ਖੇਤਾਂ ਵਿੱਚ ਕੋਈ ਰੁੱਖ ਨਾ ਛੱਡਿਆ,
ਘਰਾਂ ਵਿੱਚ ਵੀ ਸਾਨੂੰ ਤਾਲੇ।
ਆਲ੍ਹਣਾ ਇੱਕ ਬਣਾਵਣ ਖਾਤਰ,
ਡੱਕੇ ਮਸਾਂ ਸੀ ਘਾਹ ਦੇ ਭਾਲ਼ੇ।
ਦਰਵਾਜ਼ੇ ਬੰਦ ਏ.ਸੀ ਆਂ ਕੀਤੇ,
ਕਮਰੇ ਬੰਦ ਆਲ਼ੇ -ਦੁਆਲ਼ੇ।
ਸਾਡੇ ਹਿੱਸੇ ਦਾ ਘਰ ਨਹੀਂ ਛੱਡਿਆ,
ਲੋਕ ਬਣੇਂ ਸਿਆਣੇ ਬਾਹਲ਼ੇ।
ਘਰ ਕਹਿੰਦਾ ਆਹ ਦੇਖੋ ਚਿੜੀਓ,
ਬਣੇਂ ਬਣਾਏ ਆਲ੍ਹਣੇ ਟੰਗੇ।
ਇਸ ਵਿੱਚ ਰਹਿ ਕੇ ਐਸ਼ ਕਰੋ,
ਤੇ ਵਿਹਲੇ ਰਹਿ ਕੇ ਮਾਣੋਂ ਰੰਗੇ।
ਘਰ ਦੇ ਮੈਂਬਰ ਬੜੇ ਨੇ ਚੰਗੇ,
ਤੁਹਾਨੂੰ ਸਾਰੇ ਪਿਆਰ ਨੇ ਕਰਦੇ।
ਖਿਆਲ ਤੁਹਾਡਾ ਪੂਰਾ ਰਖਦੇ,
ਚੋਗਾ ਪਾਣੀ ਛੱਤ ‘ਤੇ ਧਰਦੇ।
ਸਾਰੀਆਂ ਛੱਤਾਂ ਪੱਕੀਆਂ ਹੋਈਆਂ,
ਅੰਦਰ ਰੰਗਲੇ ਲੱਗੇ ਪਰਦੇ।
ਅੱਜ ਕੱਲ੍ਹ ਯੁੱਗ ਵਿਹਲੜਾਂ ਦਾ ਹੈ,
ਵਿਹਲਾ ਰਹਿਣ ਤੋਂ ਕੋਈ ਨਾ ਸੰਗੇ।
ਝਾਕ ‘ਚ ਰਖਦੇ ਕਿਰਤ ਬਿਗਾਨੀ,
ਪਾੜ ਪਾੜ ਮੂੰਹ ਵਿਹਲੜ ਮੰਗੇ।
ਆਖਣ ਚਿੜੀਆਂ ਐ ਘਰ ਪੱਕੇ,
ਸਾਡੇ ਨਹੀਂ ਇਰਾਦੇ ਕੱਚੇ।
ਖੁੱਸੀ ਕਲਾ ਤੇ ਖਤਮ ਨਸਲ ਹੈ,
ਲਾਹਣਤ ਸਾਨੂੰ ਦੇਣਗੇ ਬੱਚੇ।
ਆਪਣੇ ਦਮ ‘ਤੇ ਅਸੀਂ ਹੈ ਜੀਣਾ,
ਬੇਸ਼ੱਕ ਪਏ ਨੇ ਜੰਗਲ ਮੱਚੇ।
ਆਸ ਬਿਗਾਨੀ ਕਾਹਤੋਂ ਰੱਖੀਏ?
ਸਿਦਕਾਂ ਦੇ ਅਸੀਂ ਰਹਿਣਾ ਸੱਚੇ।
ਅਸੀਂ ਹਾਂ ਕਿਰਤੀ, ਕਿਰਤ ਦੇ ਸੱਚੇ।
ਨਿਰਮਲ ਸਿੰਘ ਰਣਸੀਂਹ ਕਲਾਂ 
8196062659
Previous articleਇਹ ਅਪਣਾਓ ਤੇ ਜਿੰਦਗੀ ਖੂਬਸੂਰਤ ਬਣਾਓ।
Next articleSUNDAY SAMAJ WEEKLY = 18/05/2025