(ਸਮਾਜ ਵੀਕਲੀ)
ਸਾਹਸ ਅਤੇ ਸੰਵੇਦਨਾ ਦਾ ਪ੍ਰਤੀਕ ਸਾਇਰ–ਸੁਰਿੰਦਰਪ੍ਰੀਤ ਘਣੀਆਂ
ਘਣੀਆਂ ਜਿਸ ਦਾ ਪਿੰਡ ਹੈ,ਨਾਂ ਹੈ ਸੁਰਿੰਦਰ ਪ੍ਰੀਤ।
ਉਹ ਲੋਕਾਂ ਦਾ ਸ਼ਾਇਰ ਹੈ,ਲਿਖਦਾ ਗ਼ਜ਼ਲਾਂ ਗੀਤ।
ਮਾਤਾ ਪ੍ਰੀਤਮ ਕੌਰ ਦੇ,ਘਰ ਵਿਚ ਜਗੇ ਚਿਰਾਗ।
ਸੂਰਜ ਚੜਿਆ ਸਿਦਕ ਦਾ,ਚੇਤਨ ਦਿਲੋਂ ਦਿਮਾਗ।
ਜਿਸ ਦੀ ਗੋਦ ‘ਚ ਖੇਡਿਆ,ਘਣੀਆਂ ਬਰਖ਼ੁਰਦਾਰ।
ਚੰਦਨ ਦਾ ਉਹ ਰੁੱਖ ਹੈ,ਜੀਤ ਸਿੰਘ ਸਰਦਾਰ।
ਖਿੱਤਾ ਜਿਸ ਦਾ ਮਾਲਵਾ,ਮੁਸ਼ਕੀ ਜਿਸ ਦਾ ਰੰਗ।
ਦਰਮਿਆਨਾ ਜਿਹਾ ਕੱਦ ਹੈ,ਤੇ ਗੁੱਠੀਲੇ ਅੰਗ।
ਘਣੀਆਂ ਪਿੰਡ ਦਾ ਮਾਣ ਹੈ,ਮਾਤ ਪਿਤਾ ਦੀ ਸ਼ਾਨ।
ਵਿੱਦਿਆ ਪੜ੍ਹ ਕੇ ਦੋਸਤੋ,ਬਣਿਆ ਜੋ ਵਿਦਵਾਨ।
ਬੀ ਐਡ ਤੇ ਐਮ ਏ,ਚਹੁੰ ਸਬਜੈਕਟਾਂ ਨਾਲ।
ਵਿੱਦਿਆ ਕੀਤੀ ਦਾਨ ਜਿਸ,ਪੂਰੇ ਠੱਤੀ ਸਾਲ।
ਜੁਆਨੀ ਪਹਿਰੇ ਖੇਡਿਆ,ਖੋ-ਖੋ ਹਿੰਮਤ ਨਾਲ।
ਕੈਪਟਨ ਬਣਕੇ ਟੀਮ ਦਾ,ਜਿੱਤਦੇ ਰਹੇ ਹਰ ਸਾਲ।
ਜਸਵਿੰਦਰ ਕੌਰ ਦੇ ਪਿਆਰ ਦੀ, ਸਮਝੀ ਜਿਸ ਨੇ ਲੋੜ।
ਤੁਰਿਆ ਹਰ ਇਕ ਮੋੜ ਤੇ,ਜਿਸ ਸੰਗ ਮੋਢਾ ਜੋੜ।
ਪੈਨੀ ਪੁੱਤਰ ਗਾਇਕ ਹੈ,ਖ਼ੁਸ਼ ਵਸਦਾ ਪਰਵਾਰ।
ਰੌਸ਼ਨ ਜਿਸ ਦੇ ਨਾਲ ਹੈ,ਸਾਰਾ ਹੀ ਘਰ ਵਾਰ।
ਚੇਤੇ ਚੋਂ ਨਹੀਂ ਭੁੱਲਿਆ,ਪਿੰਡ ਜੋ ਅੱਠੋ ਪਹਿਰ।
ਅੱਜ ਕਲ੍ਹ ਜਿੱਥੇ ਵਾਸ ਹੈ,ਕਹਿਣ ਬਠਿੰਡਾ ਸ਼ਹਿਰ।
ਗੱਲ ਕਰੀਏ ਜੇ ਸਾਹਿਤ ਦੀ,ਸਾਹਿਤ ਦਾ ਵਿਦਵਾਨ।
ਜਿਸ ਦੀ ਹਰ ਇਕ ਲਿਖਤ ਨੂੰ,ਮਿਲਿਆ ਹੈ ਸਨਮਾਨ।
ਸਾਹਿਤ ਸਭਾਵਾਂ ਨਾਲ ਹੈ,ਜੁੜਿਆ ਰੂਹ ਦੇ ਨਾਲ।
ਲੋਕਾਂ ਦਾ ਪੱਖ ਪੂਰਦੇ,ਜਿਸ ਦੇ ਉੱਤਮ ਖਿਆਲ।
ਨੀਵਾਂ ਹੈ ਮਨ ਓਸ ਦਾ,ਉੱਚੀ ਸੋਚ ਵਿਚਾਰ।
ਤੇਜ਼ ਕਲਮ ਤਲਵਾਰ ਜਿਉਂ,ਕਰੇ ਜ਼ੁਲਮ ਤੇ ਵਾਰ।
ਗ਼ਜ਼ਲਾਂ ਵਿਚ ਲਬਰੇਜ਼ ਨੇ,ਸ਼ਿਅਰ ਸੰਵੇਦਨਸ਼ੀਲ।
ਟੂੰਮਾਂ ਪੜ੍ਹਕੇ ਦੇਖਿਓ,ਲੈਣ ਜੋ ਰੂਹ ਨੂੰ ਕੀਲ।
ਪਿੰਗਲ ਅਤੇ ਅਰੂਜ਼ ਦਾ,ਜਿਸ ਨੂੰ ਪੂਰਾ ਗਿਆਨ।
ਤਿੰਨ ਕਿਤਾਬਾਂ ਵਿੱਚ ਹੈ,ਜਿਸ ਨੇ ਕੀਤਾ ਬਿਆਨ।
ਪਾਠਕ ਨੂੰ ਹੈ ਸਮਝਦਾ,ਆਪਣੀ ਜਿੰਦ ਤੇ ਜਾਨ।
ਜਿੱਥੇ ਖੜਿਆ ਬੈਠਿਆ,ਮਿਲਦੇ ਰਹੇ ਸਨਮਾਨ।
ਮੇਜਰ ਸਿੰਘ ਰਾਜਗੜ੍ਹ