ਲਖਨਊ (ਸਮਾਜ ਵੀਕਲੀ): ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਰਨਾਟਕ ’ਚ ਹਿਜਾਬ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਬੁੱਧਵਾਰ ਨੂੰ ਕਿਹਾ ਕਿ ਇਹ ਫ਼ੈਸਲਾ ਕਰਨਾ ਔਰਤਾਂ ਦਾ ਹੱਕ ਹੈ ਕਿ ਉਨ੍ਹਾਂ ਨੇ ਕੀ ਪਹਿਨਣਾ ਹੈ ਅਤੇ ਪਹਿਨਾਵੇ ਨੂੰ ਲੈ ਕੇ ਔਰਤਾਂਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਔਰਤਾਂ ਬਿਕਨੀ ਪਾਉਣ ਜਾਂ ਘੁੰਡ ਕੱਢਣ, ਜੀਨ ਪਹਿਨਣ ਜਾਂ ਹਿਜਾਬ, ਇਹ ਤੈਅ ਕਰਨਾ ਮਹਿਲਾਵਾਂ ਦਾ ਹੱਕ ਹੈ। ‘ਲੜਕੀ ਹੂੰ, ਲੜ ਸਕਤੀ ਹੂੰ’ ਹੈਸ਼ਟੈਗ ਦੀ ਵਰਤੋਂ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਹੱਕ ਦੀ ਗਾਰੰਟੀ ਭਾਰਤੀ ਸੰਵਿਧਾਨ ਨੇ ਦਿੱਤੀ ਹੈ। ਲਖਨਊ ’ਚ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਹੈ। ‘ਕਿਸੇ ਨੂੰ ਵੀ ਇਹ ਦੱਸਣ ਦਾ ਹੱਕ ਨਹੀਂ ਹੈ ਕਿ ਔਰਤਾਂ ਨੂੰ ਕੀ ਪਹਿਨਣਾ ਚਾਹੀਦਾ ਹੈ।’ ਪ੍ਰਿਯੰਕਾ ਨੇ ਪੱਤਰਕਾਰ ਨੂੰ ਕਿਹਾ,‘‘ਕੀ ਮੈਂ ਤੁਹਾਨੂੰ ਸਕਾਰਫ ਉਤਾਰਨ
ਲਈ ਆਖ ਸਕਦੀ ਹਾਂ?’’ ਇਸ ਦੇ ਜਵਾਬ ’ਚ ਪੱਤਰਕਾਰ ਨੇ ਕਿਹਾ ਕਿ ਉਹ ਪ੍ਰੈੱਸ ਕਾਨਫਰੰਸ ’ਚ ਹੈ ਨਾ ਕਿ ਕਿਸੇ ਸਕੂਲ ’ਚ ਬੈਠਾ ਹੈ। ਪ੍ਰਿਯੰਕਾ ਨੇ ਕਿਹਾ ਕਿ ਉਸ ਨੂੰ ਪੱਤਰਕਾਰ ਦਾ ਸਕਾਰਫ ਹਟਾਉਣ ਦਾ ਜਿਵੇਂ ਕੋਈ ਹੱਕ ਨਹੀਂ ਹੈ, ਉਸੇ ਤਰ੍ਹਾਂ ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਉਹ ਮਹਿਲਾਵਾਂ ਦੇ ਪਹਿਨਾਵੇ ਬਾਰੇ ਫ਼ੈਸਲਾ ਲੈਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly