ਔਰਤ ਦਿਵਸ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)

ਕਿਸੇ ਤਬਕੇ ਨਾਲ ਸੰਬੰਧਿਤ ਦਿਵਸ ਮਨਾਉਣ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਉਹ ਦੂਜਿਆਂ ਤੋਂ ਘੱਟ ਹੋਵੇ ਜਾਂ ਪੱਖਪਾਤ ਦਾ ਸ਼ਿਕਾਰ ਹੋਵੇ।ਔਰਤ ਦਿਵਸ ਜੇਕਰ ਅੱਜ ਇੱਕੀਵੀਂ ਸਦੀ ਵਿੱਚ ਵੀ ਮਨਾਉਣਾ ਪੈ ਰਿਹਾ ਤਾਂ ਇਸਦਾ ਮਤਲਬ ਔਰਤ ਅੱਜ ਵੀ ਪੁਰਸ਼ ਦੇ ਮੁਕਾਬਲੇ ਸਮਾਜਿਕ ਤੌਰ ਤੇ ਪਿੱਛੇ ਹੈ।ਦੇਖਿਆ ਜਾਵੇ ਤਾਂ ਅੱਜ ਦੀ ਔਰਤ ਪੜੀ ਲਿਖੀ ਹੈ, ਨੌਕਰੀ ਕਰਦੀ ਹੈ।ਆਪਣੇ ਅਧਿਕਾਰਾਂ ਤੋਂ ਜਾਣੂ ਹੈ।ਸਾਹਿਤ ਰਚਦੀ ਹੈ।ਵੋਟ ਪਾਉਣ ਦਾ ਅਧਿਕਾਰ ਰੱਖਦੀ ਹੈ। ਫਿਰ ਕਿਉਂ ਸਾਨੂੰ ਔਰਤ ਲਈ ਕੰਮ ਕਰਨ ਦੀ ਜ਼ਰੂਰਤ ਹੈ। ਦਰਅਸਲ ਔਰਤ ਨੂੰ ਆਜਾਦੀ ਉਨ੍ਹੀਂ ਹੀ ਮਿਲੀ ਹੈ ਜਿੰਨੀ ਪੁਰਸ਼ ਦੇਣਾ ਚਾਹੁੰਦਾ ਹੈ। ਔਰਤ ਪੁਰਸ਼ ਦੇ ਮੋਢੇ ਨਾਲ ਮੋਢਾ ਜੋੜ ਕੇ ਚਲੇ ਪਰ ਉਸਦੀ ਮਰਜ਼ੀ ਮੁਤਾਬਿਕ। ਔਰਤ ਦੀ ਆਜਾਦੀ ਕੁਝ ਤਬਕਿਆਂ ਤੱਕ ਹੀ ਸੀਮਿਤ ਹੈ।

ਨਿਮਨ ਵਰਗ ਤੇ ਗਰੀਬੀ ਵਿੱਚ ਔਰਤ ਦੀ ਹਾਲਤ ਵਿੱਚ ਜ਼ਿਆਦਾ ਬਦਲਾਅ ਨਹੀਂ ਆਇਆ।ਔਰਤ ਕੰਮ ਕਰਕੇ ਪੈਸਾ ਵੀ ਕਮਾਉਂਦੀ ਹੀ ਤੇ ਪੁਰਸ਼ ਦੀ ਕੁੱਟ ਵੀ ਸਹਿੰਦੀ ਹੈ। ਘਰ ਦੀ ਜ਼ਿੰਮੇਵਾਰੀ, ਪਤੀ ਦਾ ਬੁਰਾ ਵਿਹਾਰ, ਸਮਾਜ ਦਾ ਹਿਕਾਰਤ ਭਰੀ ਨਜ਼ਰ,ਵਾਸਨਾ ਭਰੀਆ ਨਜ਼ਰਾਂ ਦਾ ਸਾਮ੍ਹਣਾ ਕਰਦੀ ਉਹ ਤਿਲ ਤਿਲ ਮਰਦੀ ਹੈ।ਸਾਡੀ ਗਲਤੀ ਇਹ ਹੈ ਕਿ ਅਸੀਂ ਕੁਝ ਖਾਸ ਵਰਗ ਦੀਆਂ ਔਰਤਾਂ ਦੀ ਖਾਣ ਪਹਿਨਣ ਦੀ ਆਜ਼ਾਦੀ ਨੂੰ ਹੀ ਔਰਤ ਦੀ ਆਜ਼ਾਦੀ ਮੰਨ ਲੈਂਦੇ ਹਾਂ। ਅਜਿਹਾ ਨਹੀਂ ਹੈ। ਕੁਝ ਕਿ ਔਰਤਾਂ ਦੇ ਹਿੱਸੇ ਆਉਂਦਾ ਹੈ ਆਜ਼ਾਦ ਜ਼ਿੰਦਗੀ ਜੀਣਾ।ਮੱਧਵਰਗੀ ਪਰਿਵਾਰਾਂ ਦੀਆਂ ਔਰਤਾਂ ਦੀ ਜ਼ਿੰਦਗੀ ਵੀ ਸੁਖਾਲੀ ਨਹੀਂ ਹੈ। ਅੱਜ ਬਦਲਦੇ ਪਰਿਵੇਸ਼ ਵਿੱਚ ਉਹਨਾਂ ਨੂੰ ਮੁੰਡਿਆਂ ਵਰਗਾ ਕਹਿ ਦੇ ਵਡਿਆ ਲਿਆ ਜਾਂਦਾ ਹੈ ਤੇ ਸਾਰੇ ਕੰਮ ਕਰਵਾਏ ਜਾਂਦੇ ਹਨ।ਅੱਜ ਆਮ ਘਰਾਂ ਵਿੱਚ ਲੜਕੀ ਦੇ ਸਿਰ ਮਾਂ ਬਾਪ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਹੈ ਕਿਉਂਕਿ ਪੁੱਤਰ ਇਸ ਤੋਂ ਮੁਨਕਰ ਹੋ ਚੁੱਕਾ ਹੈ।

ਔਰਤ ਨੂੰ ਆਜ਼ਾਦੀ ਮਹਿੰਗੀ ਪੈਂਦੀ ਹੈ ਕਿਉਂਕਿ ਉਸ ਦੇ ਚਰਿੱਤਰ ਤੇ ਉਂਗਲੀ ਉਠਾਈ ਜਾਂਦੀ ਹੈ। ਔਰਤ ਦਿਵਸ ਮਨਾਉਣਾ ਵੀ ਅਜੀਬ ਲਗਦਾ ਹੈ ਜਦੋਂ ਇਸ ਦਿਨ ਨੂੰ ਉਤਸਵ ਦੀ ਤਰ੍ਹਾਂ ਮਨਾਇਆ ਜਾਂਦਾ ਹੈ। ਇੱਕ ਦਿਨ ਔਰਤ ਦਾ ਗੁਣਗਾਨ ਕਰਕੇ ਗੱਡੀ ਫਿਰ ਉਸੇ ਰਾਹ ਤੁਰ ਪੈਂਦੀ ਹੈ।ਦੁਕਾਨਾਂ ਵਾਲੇ ਕੁਝ ਪ੍ਰਤੀਸ਼ਤ ਦੀ ਛੋਟ ਦਿੰਦੇ ਹਨ ਤੇ ਔਰਤ ਦਿਵਸ ਦਾ ਬਾਜ਼ਾਰੀਕਰਨ ਕਰਦੇ ਹਨ। ਅੱਜ ਸਭ ਕੁਝ ਬਾਜ਼ਾਰ ਦੇ ਹਿਸਾਬ ਨਾਲ ਚਲ ਰਿਹਾ ਹੈ। ਔਰਤਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਉਹਨਾਂ ਨੂੰ ਆਜ਼ਾਦੀ ਕਪੜਿਆਂ ਤੋਂ ਨਹੀਂ ਪਿੱਤਰਸੱਤਾ ਤੋਂ ਚਾਹੀਦੀ ਹੈ ਜੋਕਿ ਉਹਨਾਂ ਦੀ ਮਾਨਸਿਕਤਾ ਵਿੱਚ ਗਹਿਰੀ ਬੈਠੀ ਹੈ।ਔਰਤ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਹੋਣ ਦੀ ਲੋੜ ਹੈ।ਸ਼ਿਕਾਰੀ ਤਾਂ ਹਨ ਮੋੜ ਦੇ ਮਿਲਣਗੇ ਜ਼ਰੂਰਤ ਹੈ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ।

ਭਾਵਨਾਤਮਕ ਮਜ਼ਬੂਤੀ ਸ਼ੋਸ਼ਣ ਤੋਂ ਬਚਾਉਂਦੀ ਹੈ।ਔਰਤ ਜਦੋਂ ਵੀ ਕਮਜ਼ੋਰ ਪੈਂਦੀ ਹੈ ਭਾਵਨਾਤਮਕ ਪੱਖ ਤੋਂ ਹੀ ਪੈਂਦੀ ਹੈ।ਪੈਸਾ ਮਾਨਸਿਕ ਤੌਰ ਤੇ ਮਜ਼ਬੂਤ ਨਹੀਂ ਕਰਦਾ। ਔਰਤਾਂ ਵਿਚ ਸਵੈ ਵਿਸ਼ਵਾਸ਼ ਤੇ ਆਤਮ ਨਿਰਭਰ ਹੋਣ ਦੀ ਜ਼ਰੂਰਤ ਹੈ। ਅਸੀ ਸਿਰਫ ਇਕ ਦਿਨ ਮਨਾ ਕੇ ਇਹ ਨਹੀਂ ਸਮਝ ਸਕਦੇ ਕਿ ਸਾਡਾ ਫ਼ਰਜ਼ ਪੂਰਾ ਹੋ ਗਿਆ।ਸਾਨੂੰ ਨਿਰੰਤਰ ਯਤਨ ਕਰਨ ਦੀ ਲੋੜ ਹੈ।ਔਰਤ ਨੂੰ ਬਰਾਬਰੀ ਚਾਹੀਦੀ ਹੈ ਕਿਉਂਕਿ ਉਹ ਹਰ ਪੱਖ ਤੋਂ ਬਰਾਬਰ ਹੈ। ਔਰਤ ਨੂੰ ਮਰਦ ਤੇ ਸਮਾਜ ਵਲੋਂ ਵਸਤ ਸਮਝਣਾ ਵੀ ਗਲਤ ਹੈ ਤੇ ਔਰਤ ਦਾ ਵਸਤ ਬਣ ਜਾਣਾ ਵੀ ਗਲਤ ਹੈ।ਸਾਨੂੰ ਜ਼ਰੂਰਤ ਹੈ ਆਪਣੀਆ ਧੀਆਂ ਨੂੰ ਮਾਨਸਿਕ ਤੌਰ ਤੇ ਮਜਬੂਤ ਕਰਨ ਦੀ ਤਾਂ ਕਿ ਕੋਈ ਉਹਨਾਂ ਨੂੰ ਵਸਤ ਸਮਝ ਇਸਤੇਮਾਲ ਨਾ ਕਰੇ।

ਕੁਝ ਔਰਤਾਂ ਵਲੋਂ ਆਪਣੇ ਅਧਿਕਾਰਾਂ ਦਾ ਗਲਤ ਇਸਤੇਮਾਲ ਸਭ ਔਰਤਾਂ ਦਾ ਅਕਸ ਖਰਾਬ ਕਰਦਾ ਹੈ।ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਸਿੱਖਿਆ ਹੀ ਹੈ ਜੋ ਔਰਤ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੇਗੀ। ਕਾਨੂੰਨ ਦੀ ਸਹੀ ਵਰਤੋਂ ਲਈ ਵੀ ਸਿੱਖਿਅਤ ਹੋਣਾ ਜ਼ਰੂਰੀ ਹੈ।ਸਿੱਖਿਆ ਇੱਕੋ ਇੱਕ ਹਥਿਆਰ ਹੈ ਜੋ ਔਰਤ ਨੂੰ ਬਰਾਬਰੀ ਦਵਾ ਸਕਦਾ ਹੈ।ਸਿੱਖਿਆ, ਸੋਚ ਅਤੇ ਸਮਾਜ ਮਿਲ ਕੇ ਔਰਤ ਨੂੰ ਬਰਾਬਰੀ ਦਾ ਦਰਜਾ ਦੇ ਸਕਦੇ ਹਨ।

ਹਰਪ੍ਰੀਤ ਕੌਰ ਸੰਧੂ

 

Previous articleਇਸਤਰੀ ਦਿਵਸ
Next article“ਹੋਲਾ”