
(ਸਮਾਜ ਵੀਕਲੀ) ਅੱਜ ਅੰਤਰਰਾਸ਼ਟਰੀ ਪੱਧਰ ਤੇ ਮਨਾਏ ਜਾਂਦੇ ਇਸ ਮਹਿਲਾਦਿਵਸ ਨੂੰ ਮਨਾਏ ਜਾਣ ਵਾਲੇ ਕਿਸੇ ਵੀ ਸਮਾਰੋਹ ਵਿੱਚ ਮੈਂ ਸ਼ਿਰਕਤ ਨਹੀਂ ਕੀਤੀ। ਜਰੂਰਤ ਸਮਾਰੋਹ ਮਨਾਉਣ ਦੀ ਨਹੀਂ ਸਗੋਂ ਔਰਤ ਮਹਾਨਤਾ ਨੂੰ ਮੰਨਣ ਦੀ ਹੈ। ਕਿਉਂਕਿ ਮੇਰੇ ਘਰ ਦੀ ਪ੍ਰਮੁੱਖ ਮਹਿਲਾ ਅਜੇ ਵੀ ਬਿਮਾਰ ਵਾਲੀ ਫੀਲਿੰਗ ਲੈ ਰਹੀ ਹੈ। ਚੇਹਰੇ ਤੇ ਉਹ ਚਮਕ ਨਹੀਂ ਜੋ ਆਉਣੀ ਚਾਹੀਦੀ ਹੈ। #ਮਹਿਲਾਦਿਵਸ ਬਾਰੇ ਸਾਡੀ ਕੁੱਕ ਰਾਜ ਨੂੰ ਵੀ ਭੋਰਾ ਗਿਆਨ ਨਹੀਂ। ਉਹ ਪਰਿਵਾਰ ਛੱਡਕੇ ਸਾਡੇ ਕੋਲ੍ਹ ਹੀ ਰਹਿੰਦੀ ਹੈ। ਉਹ ਸਵੇਰ ਦੀ ਹੀ ਰਸੋਈ ਵਿੱਚ ਉਲਝੀ ਪਈ ਹੈ। ਉਸਨੂੰ ਨਹੀਂ ਪਤਾ ਕਿ ਕਦੋਂ ਅੱਠ ਮਾਰਚ ਆਈ ਤੇ ਕਦੋਂ ਉਹ ਨੌ ਮਾਰਚ ਵਿੱਚ ਤਬਦੀਲ ਹੋ ਜਾਵੇਗੀ। ਮਹਿਲਾਦਿਵਸ ਦਾ ਅਕਸ ਵੇਖਣ ਲਈ ਮੈਂ ਸ਼ੀਸ਼ਮਹਿਲ ਦੇ ਮੂਹਰੇ ਫਲਾਈਓਵਰ ਹੇਠਾਂ ਬਣੀ ਮਾਰਕਿਟ ਵੇਖਣ ਚਲਾ ਜਾਂਦਾ ਹਾਂ। ਇਸ ਜਗ੍ਹਾ ਤੇ ਸਭ ਪ੍ਰਵਾਸੀ ਹੀ ਕੰਮ ਕਰਦੇ ਹਨ। ਜਿਨ੍ਹਾਂ ਵਿੱਚ ਬਹੁਤੀਆਂ ਔਰਤਾਂ ਹੀ ਆਪਣੇ ਕਾਰੋਬਾਰ ਸੰਭਾਲਦੀਆਂ ਹਨ। ਕਾਰਨਰ ਤੇ ਰੇਲਵੇ ਦਾ ਸੇਵਾਮੁਕਤ ਮੁਲਾਜਿਮ ਸੜਕ ਕਿਨਾਰੇ ਖੋਖੇ ਵਿੱਚ ਸਬਜ਼ੀ ਫਰੂਟ ਦਾ ਕੰਮ ਕਰਦਾ ਹੈ। ਉਹ ਸਾਰਾ ਦਿਨ ਕੁੜ ਕੁੜ ਕਰਦਾ ਰਹਿੰਦਾ ਹੈ ਕਿਉਂਕਿ ਉਸ ਤੋਂ ਕੋਈਂ ਕੰਮ ਨਹੀਂ ਹੁੰਦਾ। ਸਾਰੀ ਦੁਕਾਨਦਾਰੀ ਉਸਦੀ ਜਵਾਨ ਬੇਟੀ ਵੰਦਨਾ ਦੇਖਦੀ ਹੈ। ਉਹ ਪਲੱਸ ਟੂ ਪਾਸ ਹੈ। ਉਹ ਬਹੁਤ ਅਦਬ ਨਾਲ ਬੋਲਦੀ ਹੈ ਜਦੋਂ ਕਿ ਉਸਦਾ ਬਾਪ ਹਮੇਸ਼ਾ ਗੁੱਸੇ ਚ ਬੋਲਦਾ ਹੈ। ਉਹ ਬਜ਼ੁਰਗ ਹੈ। ਪ੍ਰੰਤੂ ਚੋਧਰ ਛੱਡ ਨਹੀਂ ਹੁੰਦੀ। ਵੰਦਨਾ ਨੂੰ ਹਮੇਸ਼ਾ ਆਪਣੇ ਬਾਪ ਦੀ ਬੋਲ਼ੀ ਦਾ ਖਮਿਆਜਾ ਭੁਗਤਣਾ ਪੈਂਦਾ ਹੈ। ਵੰਦਨਾ ਦੀ ਮਾਂ ਜੋ ਜਵਾਨ ਹੈ ਸਾਹਮਣੇ ਕਿਰਾਏ ਤੇ ਦੁਕਾਨ ਲੈਕੇ ਮਿਨੀਆਰੀ ਦਾ ਕੰਮ ਕਰਦੀ ਹੈ। ਕੁੱਲ ਮਿਲਾਕੇ ਖੂਬ ਕਮਾਈ ਕਰਦੇ ਹਨ। ਮੈਨੂੰ ਲੱਗਦਾ ਹੈ ਉਹ ਔਰਤਾਂ ਹੀ ਘਰ ਚਲਾਉਂਦੀਆਂ ਹਨ। ਧਾਗਾ ਮਿੱਲ ਵਿੱਚ ਕੰਮ ਕਰਨ ਵਾਲੀ ਸਰਿਤਾ ਪੁੱਲ ਦੇ ਥੱਲ੍ਹੇ ਸਬਜ਼ੀ ਦਾ ਕੰਮ ਕਰਦੀ ਹੈ। ਉਸਦੇ ਘਰ ਵਾਲਾ ਨਿਕੰਮਾਂ ਹੈ ਤੇ ਉਸਦਾ ਜਵਾਨ ਮੁੰਡਾ ਵੀ ਬਹੁਤਾ ਬਾਪ ਤੇ ਹੀ ਗਿਆ ਹੈ। ਸਰਿਤਾ ਬਹੁਤ ਅਦਬ ਨਾਲ ਬੋਲਦੀ ਹੈ। ਗ੍ਰਾਹਕ ਨੂੰ ਹੱਥ ਜੋੜਕੇ ਨਮਸਕਾਰ ਕਰਦੀ ਹੈ। ਗ੍ਰਾਹਕਾਂ ਨੂੰ ਆਪਣੇ ਨਾਲ ਜੋੜਦੀ ਹੈ। ਚੰਗੇ ਬੰਦੇ ਦੀ ਕਦਰ ਕਰਦੀ ਹੈ। ਸ਼ਹੀ ਰੇਟ ਲਾਉਂਦੀ ਹੈ। ਉਸਨੇ ਦਿਨਾਂ ਵਿੱਚ ਆਪਣਾ ਕੰਮ ਵਧਾ ਲਿਆ ਹੈ। ਹੁਣ ਉਸ ਕੋਲ੍ਹ ਹਰ ਸਬਜ਼ੀ ਹੁੰਦੀ ਹੈ। ਸਰਿਤਾ ਦੇ ਨੇੜੇ ਮੋਨੂੰ ਫਰੂਟ ਦਾ ਕੰਮ ਕਰਦਾ ਹੈ। ਉਹ ਆਪ ਵਿਆਹ ਸ਼ਾਦੀਆਂ ਚ ਫਰੂਟ ਦੇ ਠੇਕੇ ਲੈਂਦਾ ਹੈ। ਰੇਹੜੀ ਤੇ ਉਸਦੀ ਬੇਗਮ ਹੁੰਦੀ ਹੈ। ਉਹ ਦੁਕਾਨਦਾਰੀ ਵੱਲ ਧਿਆਨ ਘੱਟ ਹੀ ਦਿੰਦੀ ਹੈ। ਬੱਸ ਸਵੇਰੇ ਤਿਆਰ ਹੋਕੇ ਅੱਡੇ ਤੇ ਆਉਂਦੀ ਹੈ। ਗੂੜੇ ਸੰਤਰੇ ਰੰਗ ਦੀ ਸਾੜੀ ਅਤੇ ਉਸੇ ਗੂੜੇ ਰੰਗ ਦੀ ਲਿਪਸਟਿਕ ਲਗਾਕੇ ਉਹ ਹਰ ਟਾਇਮ ਮੋਬਾਇਲ ਚਲਾਉਂਦੀ ਦੇਖੀ ਜਾ ਸਕਦੀ ਹੈ। ਇੰਜ ਲੱਗਦਾ ਹੈ ਕਿ ਜਿਵੇਂ ਉਸ ਨੂੰ ਟਾਇਮ ਪਾਸ ਲਈ ਬਿਠਾਉਂਦੇ ਹੋਣ। ਉਸਦੇ ਸਾਹਮਣੇ ਵਾਲੀ ਔਰਤ ਆਪਣੇ ਪਤੀ ਨਾਲ ਮਿਲਕੇ ਪਾਨ ਬੀੜੀ ਦਾ ਖੋਖਾ ਚਲਾਉਂਦੀ ਹੈ ਅਤੇ ਸ਼ਾਮ ਨੂੰ ਅੰਡੇ ਉਬਾਲਕੇ ਵੀ ਵੇਚਦੀ ਹੈ। ਉਸਦੇ ਨੇੜੇ ਹੀ ਇੱਕ ਪੰਜਾਬੀ ਬਣੀਆਂ ਪਰਿਵਾਰ ਮਨਿਆਰੀ ਦਾ ਕੰਮ ਕਰਦਾ ਹੈ। ਔਰਤ ਅਤੇ ਮਰਦ ਦੋਨੋ ਤੇਜ਼ ਹਨ। ਉਹ ਨਾਲ ਟਿਫ਼ਨ ਸਰਵਿਸ ਦਾ ਕੰਮ ਵੀ ਕਰਦੇ ਹਨ। ਕੰਮ ਕਰਨ ਦੀ ਸ਼ਰਮ ਨਹੀਂ ਮੰਨਦੇ। ਇਹ ਪਰਿਵਾਰ ਪ੍ਰਵਾਸੀਆਂ ਵਾੰਗੂ ਮੇਹਨਤ ਕਰਦਾ ਹੈ। ਇਹ੍ਹਨਾਂ ਦਾ ਇੱਥੇ ਹੀ ਕੈਨੇਡਾ ਹੈ। ਫੁੱਟਪਾਥ ਤੇ ਛੋਲੀਆ ਕੱਢਕੇ ਵੇਚਣ ਵਾਲੇ ਬਾਪ ਬੇਟਾ ਵੀ ਖੂਬ ਮੇਹਨਤ ਕਰਦੇ ਹਨ। ਸ਼ਾਇਦ ਇਹ੍ਹਨਾਂ ਦੀਆਂ ਔਰਤਾਂ ਵੀ ਘਰੇ ਕੰਮ ਕਰਦੀਆਂ ਹੋਣਗੀਆਂ। ਇਹ੍ਹਨਾਂ ਕਿਰਤੀ ਲੋਕਾਂ ਦਾ ਸਦਾ ਹੀ ਮਹਿਲਾਦਿਵਸ ਹੁੰਦਾ ਹੈ।
ਰਮੇਸ਼ ਸੇਠੀ ਬਾਦਲ