(ਸਮਾਜ ਵੀਕਲੀ)
ਇੱਕ ਤੋਰ ਇਹ ਵੀ ( ਜੇਲ੍ਹ ਜੀਵਨ ‘ਚੋਂ)
ਕਾਂਡ – ਪੰਦਰਵਾਂ।
ਔਰਤ ਦਾ ਨਾਮ ਲੈਂਦਿਆਂ ਹੀ, ਜ਼ਿਹਨ ਵਿਚ ਕਈ ਤਸਵੀਰਾਂ ਸਾਹਮਣੇ ਆ ਜਾਂਦੀਆਂ ਹਨ। ਕਦੇ ਮਾਂ ਦਾ ਮਮਤਾ ਭਰਿਆ ਰੂਪ, ਕਦੇ ਭੈਣ ਦੀ ਰੱਖਿਆ ਦਾ ਸੰਕਲਪ, ਕਦੇ ਬੀਵੀ ਦਾ ਪਿਆਰ ਭਰਿਆ ਸਪਰਸ਼, ਕਦੇ ਪੁਰਾਣ ਦੀ ਕਥਾ ਚੰਡੀ ਦਾ ਰੂਪ, ਕਦੇ ਝਾਂਸੀ ਦੀ ਵਿਰਾਂਗਨਾਂ ਲਕਸ਼ਮੀ ਦਾ ਜਲੌਅ ਭਰਿਆ ਚਿਹਰਾ,ਕਦੇ ਸਮਾਜ ਦੀ ਸਤਾਈ ਅਬਲਾ ਜਿਸ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਅ ਦਾ ਨਾਅਰਾ ਮਾਰਿਆ:-
“ਸੋ ਕਿਉ ਮੰਦਾ ਆਖੀਐ,
ਜਿਤ ਜੰਮੇ ਰਾਜਾਨ ।”
ਤ੍ਰੇਤਾ ਯੁੱਗ ਵਿਚ ਜਦੋਂ ਸ੍ਰੀ ਰਾਮ ਚੰਦਰ ਜੀ ਨੇ ਅਸ਼ਵ-ਮੇਧ ਯੱਗ ਕਰਨਾ ਸੀ ਤਾਂ ਉਸ ਸਮੇਂ ਸੀਤਾ ਮਾਤਾ ਦੀ ਲੋੜ ਮਹਿਸੂਸ ਹੋਈ, ਭਾਵੇਂ ਕੁਝ ਬੰਧਨਾਂ ਕਰ ਕੇ ਉਹ ਤਿਆਗੀ ਹੋਈ ਸੀਤਾ ਜੀ ਨੂੰ ਵਾਪਸ ਨਾ ਲਿਆ ਸਕੇ, ਪਰ ਸੀਤਾ ਜੀ ਦੀ ਸੋਨੇ ਦੀ ਮੂਰਤੀ ਬਣਾ ਕੇ ਆਪਣਾ ਯੱਗ ਸੰਪੂਰਨ ਕੀਤਾ ਤੇ ਇਉਂ ਔਰਤ ਦੇ ਮਹਤੱਵ ਨੂੰ ਸਵੀਕਾਰਿਆ।
ਗੁਰੂ ਨਾਨਕ ਸਾਹਿਬ ਜੀ ਨੇ ਤਾਂ ਔਰਤ ਨੂੰ ਸਭ ਤੋਂ ਵੱਧ ਅਹਿਮੀਅਤ ਦਿੱਤੀ। ਗੁਰੂ ਅਮਰਦਾਸ ਜੀ ਨੇ ਉਸ ਦੀ ਅਹਿਮੀਅਤ ਸਵੀਕਾਰਦੇ ਹੋਏ ਸਤੀ ਪ੍ਰਥਾ ਦੇ ਖ਼ਿਲਾਫ਼ ਬੀੜਾ ਚੁੱਕਿਆ। ਬੀਬੀ ਭਾਨੀ ਦੀ ਸ਼ਰਧਾ ਭਗਤੀ ਤੇ ਸੇਵਾ ਵੇਖ ਕੇ ਗੁਰੂ ਜੀ ਨੇ ਉਹਨਾਂ ਦੇ ਖ਼ਾਨਦਾਨ ਵਿਚ ਹੀ ਗੁਰ-ਗੱਦੀ ਦਿੱਤੇ ਜਾਣ ਦੀ,ਬਖਸ਼ਿਸ਼ ਕਰ ਦਿੱਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਖਾਲਸਾ ਸਾਜਨਾ ਸਮੇਂ ਮਾਤਾ ਜੀਤੋ ਜੀ ਤੋਂ, ਮਿਠਾਸ ਰੂਪੀ ਪਤਾਸੇ ਪਵਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨ ਵੇਲੇ ਕੁੱਲ ਔਰਤ ਜਾਤੀ ਦਾ ਸਤਿਕਾਰ ਵਧਾਇਆ। ਏਥੇ ਮੇਰਾ ਇਤਿਹਾਸ ਵਿਚੋਂ ਉਦਾਹਰਨਾਂ ਦੇਣ ਦਾ ਮਕਸਦ ਔਰਤ ਦੇ ਮਹੱਤਵ-ਪੂਰਨ ਸਥਾਨ ਨੂੰ ਸਵੀਕਾਰਨਾ ਹੈ। ਔਰਤ ਜੇ ਚਾਹੇ ਤਾਂ ਕੁਝ ਵੀ ਕਰ ਸਕਦੀ ਹੈ। ਅਜੋਕੇ ਸਮਾਜ ਵਿਚ ਔਰਤ ਦੀ ਸ਼ਾਖ ਕਾਫ਼ੀ ਉੱਤੇ ਪਹੁੰਚੀ ਹੈ। ਔਰਤ ਨੇ ਆਪਣੇ ਮੋਢਿਆਂ ‘ਤੇ ਭਾਰ,ਮਰਦ ਜਿੰਨਾਂ ਹੀ ਚੁੱਕਿਆ ਹੋਇਆ ਹੈ। ਕਿਤੇ ਕਿਤੇ ਤਾਂ ਮਰਦ ਤੋਂ ਵੀ ਅੱਗੇ ਨਿਕਲ ਗਈ ਹੈ। ਜਦੋਂ-ਜਦੋਂ ਵੀ ਮਰਦ ‘ਤੇ ਭਾਰ ਪਿਆ ਹੈ, ਇਸ ਜਨਨੀ ਨੇ ਵੰਡਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਜਦੋਂ ਆਪਣੇ ਆਪ ਨੂੰ ਮਰਦ ਕਹਾਉਣ ਵਾਲਾ ਲਾਚਾਰ ਤੇ ਬੇਵੱਸ ਹੋ ਜਾਂਦਾ ਹੈ, ਤਾਂ ਔਰਤ ਦਾ ਸਹਾਰਾ ਭਾਲਦਾ ਹੈ। ਬਿਮਾਰੀ ਦਾ ਤੋੜਿਆ ਪੁੱਤਰ, ਹਾਏ ਮਾਂ ! ਦਾ ਅਲਾਪ ਕਰਦੈ , ਕਦੇ ਹਾਏ ਪਿਓ ਦੀ ਦੁਹਾਈ ਨਹੀਂ ਪਾਉਂਦਾ। ਸਵੇਰ ਦਾ ਕੰਮ ਕਰ ਕੇ ਥੱਕਿਆ ਟੁੱਟਿਆ ਮਰਦ, ਸ਼ਾਮ ਨੂੰ ਔਰਤ ਦੀ ਬੁੱਕਲ ਵਿਚ ਬਹਿ ਕੇ,ਆਪਣੇ ਆਪ ਨੂੰ ਤਰੋ-ਤਾਜ਼ਾ ਮਹਿਸੂਸ ਕਰਦਾ ਹੈ। ਸੂਝਵਾਨ ਮਨੁੱਖ ਔਰਤ ਦੀ ਮਹੱਤਵਸ਼ਾਲੀ ਹੋਂਦ ਨੂੰ ਸਵੀਕਾਰਦੇ ਆਏ ਹਨ। ਜਿੱਥੇ ਇਸ ਨਾਲ ਸੁਰ ਦੀ ਥਾਂ ਬੇਸੁਰ ਹੋ ਜਾਵੇ ਤਾਂ ਸਵਰਗ ਦੀ ਥਾਂ ਨਰਕ ਵੀ ਬਣ ਜਾਂਦਾ ਹੈ।
ਅਧਿਆਪਨ ਦੇ ਕਿੱਤੇ ਵਿਚ ਔਰਤਾਂ ਦੀ ਭਾਗੀਦਾਰੀ ਦੂਜੇ ਮਹਿਕਮਿਆਂ ਦੇ ਮੁਕਾਬਲੇ ਜ਼ਿਆਦਾ ਹੈ। ਇਹ ਕਿੱਤਾ ਔਰਤ ਲਈ ਸਰੀਰਕ ਮਿਹਨਤ- ਮੁਸ਼ੱਕਤ ਤੋਂ ਰਹਿਤ ਤੇ ਔਰਤ ਦੀ ਸਰੀਰਕ ਬਣਤਰ ਦੇ ਲਿਹਾਜ਼ ਨਾਲ ਬਹੁਤ ਠੀਕ ਬੈਠਦਾ ਹੈ।
ਸਹਾਇਤਾ ਪ੍ਰਾਪਤ ਸਕੂਲਾਂ ਦੀ ਸਟੇਟ ਯੂਨੀਅਨ ਕੋਲ ਵੀ ਔਰਤ ਮੁਲਾਜ਼ਮਾਂ, ਯੂਨੀਅਨ ਦੇ ਭੱਥੇ ਵਿੱਚ ਬ੍ਰਹਮ ਅਸਤਰ ਸਨ। ਸਾਰੇ ਹਥਿਆਰ ਫ਼ੇਲ੍ਹ ਹੋ ਜਾਣ ਤੋਂ ਬਾਅਦ ਬ੍ਰਹਮ ਅਸਤਰ ਦੀ ਵਾਰੀ ਸੀ। ਯੂਨੀਅਨ ਦੇ ਲੀਡਰਾਂ ਨੂੰ ਪਤਾ ਸੀ ਕਿ ਅੱਠ ਮਾਰਚ “ਅੰਤਰਰਾਸ਼ਟਰੀ ਨਾਰੀ ਦਿਵਸ” ਨੂੰ ਔਰਤ ਮੁਲਾਜ਼ਮਾਂ ਦੀ ਕਿਸੇ ਤਰੀਕੇ ਗਰਿਫ਼ਤਾਰੀ ਹੋ ਜਾਵੇ ਤਾਂ ਸਰਕਾਰ ਦੇ ਮੂੰਹ ‘ਤੇ ਇਸ ਤੋਂ ਵੱਡੀ ਕਾਲਖ਼ ਹੋਰ ਕੋਈ ਨਹੀਂ ਸੀ ਹੋ ਸਕਦੀ। ਇਸ ਤਾਰੀਖ਼ ਦੀ ਚੋਣ ਵਧੀਆ ਸੀ।
ਅਧਿਆਪਕਾਵਾਂ ਦੀ ਗਰਿਫ਼ਤਾਰੀ ਦਾ ਬਿਗਲ ਵੱਜ ਗਿਆ। ਬੱਸਾਂ ਦੀਆਂ ਬੱਸਾਂ ਭਰਕੇ ਚੰਡੀਗੜ੍ਹ ਮਟਕਾ ਚੌਂਕ ਪਹੁੰਚ ਗਈਆਂ। ਸਰਕਾਰ ਨੇ ਆਪਣੇ ਅਹਿਲਕਾਰਾਂ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਕਿਸੇ ਹਾਲਤ ਵਿਚ ਵੀ ਅੱਜ ਔਰਤ ਮੁਲਾਜ਼ਮਾਂ ਦੀ ਗਰਿਫ਼ਤਾਰੀ ਨਹੀਂ ਕਰਨੀ, ਭਾਵੇਂ ਹੱਥ ਕਿਉਂ ਨਾ ਜੋੜਨੇ ਪੈਣ। ਕਿਉਂਕਿ ਸਰਕਾਰ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਬਦਨਾਮੀ ਨਹੀਂ ਕਰਵਾਉਣਾ ਚਾਹੁੰਦੀ ਸੀ। ਚੰਡੀਗੜ੍ਹ ਦੀਆਂ ਸੜਕਾਂ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਵੱਲੋਂ, ਪੰਜਾਬ ਸਰਕਾਰ ਦਾ ਸਿਆਪਾ ਦੇਖਣ ਵਾਲਾ ਸੀ। ਪੁਲਿਸ ਮੁਲਾਜ਼ਮ ਸੁਲਝੇ ਹੋਏ ਦਰਸ਼ਕਾਂ ਵਾਂਗ, ਬੁੱਲ੍ਹੀਆਂ ‘ਚ ਮੁਸਕਰਾ ਰਹੇ ਸਨ। ਗਰਿਫ਼ਤਾਰੀ ਦੀ ਕੋਈ ਵੀ ਕਾਰਵਾਈ ਨਾ ਪਾਉਣ ਦਾ ਹੁਕਮ ਵਜਾਇਆ ਹੋਇਆ ਸੀ।
ਯੂਨੀਅਨ ਦਾ ਬ੍ਰਹਮ ਅਸਤਰ ਇੱਕ ਤਰ੍ਹਾਂ ਸਰਕਾਰ ਨੂੰ ਝੁਕਾਉਣ ਵਿਚ ਸਫ਼ਲ ਸੀ, ਕਿਉਂਕਿ ਉਹ ਔਰਤਾਂ ਨੂੰ ਗਰਿਫ਼ਤਾਰ ਕਰਨ ਤੋਂ ਜਰਕ ਗਈ ਸੀ। ਦੁਪਹਿਰ ਤੋਂ ਬਾਅਦ ਜਦੋਂ ਬਠਿੰਡੇ ਦੀਆਂ ਔਰਤ ਮੁਲਾਜ਼ਮ ਅਧਿਆਪਕਾਵਾਂ,ਸਾਡੇ ਨਾਲ ਮੁਲਾਕਾਤ ਕਰਨ ਆਈਆਂ, ਸਾਡੇ ਸਭ ਦੇ ਹੌਂਸਲੇ ਬੁਲੰਦ ਸਨ। ਭਾਵੇਂ ਅੱਜ ਦਾ ਵਾਰ ਸਰਕਾਰ ਬਚਾ ਗਈ ਸੀ, ਪਰ ਜੋ ਜਲੂਸ ਸਰਕਾਰ ਦਾ ਅੰਤਰਰਾਸ਼ਟਰੀ ਔਰਤ ਦਿਨ ‘ਤੇ ਔਰਤਾਂ ਨੇ ਕੱਢਿਆ ਸੀ ਉਸ ਲਈ ਉਹ ਪ੍ਰਸੰਸ਼ਾ ਦੀਆਂ ਪਾਤਰ ਸਨ।
ਉਹਨਾਂ ਸਾਰੀਆਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਉਹਨਾਂ ਦੇ ਹੌਂਸਲੇ ਐਨੇ ਬੁਲੰਦ ਸਨ ਕਿ ਸਾਡੇ ਕੁਝ ਸਾਥੀ ਉਹਨਾਂ ਦੇ ਮੁਕਾਬਲੇ ਹੀਣੇ ਮਹਿਸੂਸ ਕਰ ਰਹੇ ਸਨ। ਸਾਰਿਆਂ ਤੋਂ ਬਾਹਰਲੀ ਕਾਰਵਾਈ ਦਾ ਹਾਲ ਪੁੱਛਿਆ ਪਰ ਇੱਕ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ, ਬਠਿੰਡੇ ਦੀਆਂ ਸਾਰੀਆਂ ਅਧਿਆਪਕਾਵਾਂ ਨਜ਼ਰ ਆ ਰਹੀਆਂ ਸਨ। ਜਿਸ ਚਿਹਰੇ ਦੀ ਮੈਨੂੰ ਤਲਾਸ਼ ਸੀ ਉਹ ਨਜ਼ਰ ਨਾ ਆਇਆ। ਉਸ ਨੇ ਤਾਂ ਕੀ ਦਿੱਸਣਾ ਸੀ, ਉਸਦੇ ਨਾਲ਼ ਦੀਆਂ ਸਾਥਣਾਂ ਵੀ ਨਜ਼ਰ ਨਾ ਆਈਆਂ। ਮੁਲਾਕਾਤੀ ਸੈੱਲ ਦੇ ਬਾਹਰ ਕਾਫ਼ੀ ਕਾਵਾਂ ਰੌਲੀ ਪਾਈ ਹੋਈ ਸੀ। ਮੈਂ ਜੇਰਾ ਕਰ ਕੇ ਸਾਡੇ ਸਕੂਲ ਦੀਆਂ ਅਧਿਆਪਕਾਵਾਂ ਤੋਂ ਵਿੰਗਾ ਟੇਢਾ ਸਵਾਲ ਪੁੱਛਿਆ,” ਆਰੀਆ ਸਕੂਲ ਦਾ ਸਟਾਫ਼ ਨ੍ਹੀਂ ਆਇਆ ਗਰਿਫ਼ਤਾਰੀ ਦੇਣ ?”
ਕਈ ਅਧਿਆਪਕਾਵਾਂ ਮੇਰਾ ਸੁਆਲ ਸੁਣ ਕੇ ਸੁੰਨ ਜਿਹੀਆਂ ਹੋ ਗਈਆਂ। ਕਈਆਂ ਦੀਆਂ ਅੱਖਾਂ ‘ਚੋਂ ਅੱਥਰੂ ਅਜੇ ਵੀ ਪਰਲ ਪਰਲ ਵਗ ਰਹੇ ਸਨ। ਸਾਡੇ ਸਕੂਲ ਦੀ ਅਧਿਆਪਕਾ ਭੈਣ ਵੀਨਾ ਵਰਮਾ ਨੇ ਹੌਸਲਾ ਕਰ ਕੇ ਜਵਾਬ ਦਿੱਤਾ,” ਸਕੂਲ ਸਟਾਫ਼ ਤਾਂ ਗਰਿਫ਼ਤਾਰੀ ਦੇਣ ਆਇਆ ਸੀ,ਉਹ ਥਾਣੇ ‘ਚੋਂ ਹੀ ਵਾਪਸ ਮੁੜ ਗਈਆਂ, ਕਿਸੇ ਨੇ ਕਹਿ ਦਿੱਤਾ, ਦੁਪਹਿਰ ਤੋਂ ਬਾਅਦ ਜੇਲ੍ਹ ‘ਚ ਮੁਲਾਕਾਤ ਨਹੀਂ ਕਰਵਾਉਂਦੇ। ਮੈਂ ਅਗਲਾ ਸੁਆਲ ਕੀਤਾ,” ਮੰਜੂ ਨਹੀਂ ਆਈ ?”
(ਮੈਂ ਪਾਠਕਾਂ ਨੂੰ ਦੱਸ ਦੇਵਾਂ ਮੇਰੀ ਪਤਨੀ ਵੀ ਆਰੀਆ ਸੀਨੀਅਰ ਸਕੈਡਰੀ ਸਕੂਲ ਬਠਿੰਡਾ ਵਿਖੇ ਬਤੌਰ ਹਿੰਦੀ ਅਧਿਆਪਕ ਕੰਮ ਕਰਦੀ ਹੈ)
( ਅੱਜ ਕੱਲ੍ਹ ਬਤੌਰ ਪ੍ਰਿੰਸੀਪਲ ਕੰਮ ਕਰ ਰਹੀ ਹੈ)
ਉਹਨਾਂ ਦੱਸਿਆ,” ਘਰ ਸਾਰੇ ਠੀਕ ਠਾਕ ਹਨ। ਅਸੀਂ ਜਾ ਕੇ ਆਈਆਂ ਸਾਂ। ਮੰਜੂ ਬੱਚਿਆ ਕੋਲ ਹੈ, ਤੁਸੀਂ ਜੇਲ੍ਹ ਵਿਚ ਹੋ। ਮੈਨੂੰ ਗੱਲ ਰੱਬ ਲੱਗਦੀ ਨਾ ਲੱਗੀ। ਇੱਕ ਵਾਰ ਸੋਚਿਆ, ਘਰ ਸਭ ਠੀਕ ਠਾਕ ਹੋਵੇ। ਦੂਜੇ ਪਲ ਸੋਚਿਆ ਇਹ ਠੀਕ ਹੀ ਕਹਿੰਦੀਆਂ ਹੋਣਗੀਆਂ, ਕਿਉਂਕਿ ਜਿਸ ਦਾ ਪਤੀ ਜੇਲ੍ਹ ਵਿਚ ਹੋਵੇ, ਸ਼ਾਇਦ ਯੂਨੀਅਨ ਦੇ ਬਾਹਰ ਬੈਠੇ ਨੇਤਾਵਾਂ ਨੇ ਉਸ ਨੂੰ ਛੋਟੇ ਬੱਚਿਆਂ ਕਰ ਕੇ ਗਰਿਫ਼ਤਾਰੀ ਤੋਂ ਛੋਟ ਦੇ ਦਿੱਤੀ ਹੋਵੇ।
ਉਹਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਮੇਰੀ ਨਿਗਾਹ ਸਾਡੇ ਪ੍ਰਿੰਸੀਪਲ ‘ਤੇ ਗਈ ਜੋ ਸੀਖਾਂ ਤੋਂ ਦੂਰ ਖੜ੍ਹਾ ਖਸਿਆਨੀ ਜਿਹੀ ਹਾਸੀ ਹੱਸ ਰਿਹਾ ਸੀ। ਉਸ ਦਾ ਹੌਂਸਲਾ ਸਾਨੂੰ ਮਿਲਨ ਦਾ ਨਹੀਂ ਪੈ ਰਿਹਾ ਸੀ। ਇਹ ਉਸਦਾ ਕਸੂਰ ਨਹੀਂ ਸੀ। ਉਸ ਦੀ ਜ਼ਹਿਨੀਅਤ ਹੀ ਕਮਜ਼ੋਰ ਸੀ। ਉਸ ਦਾ ਮੇਰਾ ਹਾਲ ਪੁੱਛਣ ਦਾ ਤਰੀਕਾ ਵੀ ਬੜਾ ਹਾਸੋ-ਹੀਣਾ ਸੀ;-
“ਕਿਵੇਂ ਐਂ ਫ਼ੇਰ?”
ਅਜੇ ਵੀ ਉਹ ਸਾਨੂੰ ਮੱਥੇ ਲਾਉਣ ਤੋਂ ਘਬਰਾ ਰਿਹਾ ਸੀ। ਉਸ ਦੇ ਮੁਕਾਬਲੇ ਦੂਜੇ ਬਾਹਰ ਰਹਿੰਦੇ ਸਾਥੀਆਂ ਅਤੇ ਵਾਈਸ ਪ੍ਰਿੰਸੀਪਲ ਨੇ ਸਭ ਨੂੰ ਰੱਜ ਕੇ ਪਿਆਰ ਕੀਤਾ। ਅਸਲ ਵਿਚ ਸਮਾਜ ਨਾਲੋਂ ਕੱਟਿਆ ਮਨੁੱਖ ਪਿਆਰ ਲੋੜਦੈ।
ਮੁਲਾਕਾਤ ਤੋਂ ਬਾਅਦ ਅਸੀਂ ਆਪਣੀ ਬੈਰਕ ਵਿਚ ਆ ਗਏ। ਭਾਵੇ ਮੇਰੀ ਪਤਨੀ ਦੇ ਨਾਲ ਦੀ ਕੋਈ ਵੀ ਸਟਾਫ਼ ਮੈਂਬਰ, ਮਿਲ਼ ਕੇ ਨਹੀਂ ਗਈ ਸੀ, ਪਰ ਦੂਜੇ ਸਕੂਲਾਂ ਦੀਆਂ ਅਧਿਆਪਕਾਵਾਂ ਤੇ ਆਪਣੇ ਸਕੂਲ ਅਧਿਆਪਕਾਂ ਨੇ ਬਣਦਾ ਸੁਨੇਹਾ ਲਾ ਦਿੱਤਾ ਸੀ। ਸ਼ਿਵ ਕੁਮਾਰ ਅੱਜ ਫ਼ੇਰ ਮਿਲਣ ਆਇਆ ਸੀ। ਪਰ ਜੋ ਗੱਲਾਂ ਮੇਰੀ ਪਤਨੀ ਦੇ ਨਾਲ ਦੀਆਂ ਸਾਥਣਾਂ ਦੱਸ ਸਕਦੀਆਂ ਸਨ, ਉਹ ਦੂਜਾ ਕੋਈ ਨਹੀਂ ਦੱਸ ਸਕਦਾ ਸੀ।
ਅੱਜ ਫ਼ੇਰ ਸਟੇਜ ‘ਤੇ ਜਾਣ ਨੂੰ ਦਿਲ ਨਹੀਂ ਸੀ ਕਰ ਰਿਹਾ। ਦੂਜੇ ਜ਼ਿਲਿਆਂ ਦੇ ਅਧਿਆਪਕ ਸਾਥੀ ਵਾਰ ਵਾਰ ਪੁੱਛਦੇ,”ਜੱਸੀ ਭਾਅ ਜੀ, ਅੱਜ ਪ੍ਰੋਗਰਾਮ ਸ਼ੁਰੂ ਨਹੀਂ ਕਰਨਾ?”
ਮੈਂ ਉਨ੍ਹਾਂ ਨੂੰ ਆਪਣੇ ਮਨ ਦੀ ਬਿਲਕੁਲ ਵੀ ਭਿਣਕ ਨਹੀਂ ਪੈਣ ਦੇਣਾ ਚਾਹੁੰਦਾ ਸਾਂ। ਅੱਜ ਸਟੇਜ ਪ੍ਰੋਗਰਾਮ ਮਿਥੇ ਸਮੇਂ ਤੋਂ ਪਛੜ ਗਿਆ ਸੀ। ਜੇਲ੍ਹ ਦੇ ਗੁਰਦੁਆਰੇ ਵਿੱਚੋਂ ਗੁਰਬਾਣੀ ਦਾ ਰੇਡੀਓ ਪ੍ਰਸਾਰਣ ਸਪੀਕਰ ‘ਤੇ ਚੱਲ ਰਿਹਾ ਸੀ। ਮੈਂ ਆਪਣੀ ਸਾਰੀ ਇਕਾਗਰਤਾ ਭਗਤ ਰਵਿਦਾਸ ਜੀ ਦੇ ਸ਼ਬਦ,
” ਮਾਧਵੇ ਤੁਮ ਨ ਤੋਰਹੁ,
ਤਉ ਹਮ ਨਹੀ ਤੋਰਹਿ।”
ਵੱਲ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ। ਐਨੇ ਨੂੰ ਪ੍ਰਧਾਨ ਜੀ ਨੇ ਮੈਨੂੰ ਆ ਕੇ ਕਿਹਾ,” ਜੱਸੀ ਪੁੱਤਰ ! ਕੀ ਗੱਲ, ਅੱਜ ਗੀਤ ਸੰਗੀਤ ਨ੍ਹੀਂ ਕਰਨਾ?” ਲਾਅ ਬਈ ਬਾਹਰ ਸਟੇਜ, ਅਧਿਆਪਕ ਤਾਂ ਇੱਕ ਦੂਜੇ ਵਿਚ ਵੱਜਦੇ ਫਿਰਦੇ ਐ। ਐਂ ਨ੍ਹੀਂ ਨਿਕਲਣਾ ਟਾਈਮ।” ਮੈਂ ਕਿਹਾ,” ਹੁਣੇ ਜਾਨੈਂ ਜੀ” ਤੇ ਕਾਪੀ ਪੈੱਨ ਚੁੱਕ ਕੇ ਸਟੇਜ ‘ਤੇ ਆ ਗਿਆ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly