(ਸਮਾਜ ਵੀਕਲੀ)
ਕਿਸੇ ਨੇ ਮੇਰੇ ਲਈ ਅੱਜ ਦਾ ਦਿਨ ਵਿਸ਼ੇਸ ਰੱਖਿਆ
ਮੈਨੂੰ ਮਾਣ ਸਤਿਕਾਰ ਸਨਮਾਨ ਦੇਣ ਲਈ
ਮੈੰ ਤਹਿ ਦਿਲੋਂ ਸ਼ੁਕਰ ਗੁਜ਼ਾਰ ਹਾਂ ਉਸ ਦੀ
ਜਿਸ ਨੇ ਵੀ ਇਹ ਨਿੱਘਾ ਦਿਨ ਚੁਣਿਆ ਹੋਵੇਗਾ
ਪਰ ਕੀ ਉਹ ਜਾਣਦੈ ਜਿਸ ਨੇ ਇਹ ਦਿਨ ਚੁਣਿਆ ਹੋਵੇਗਾ
ਕਿ ਮੇਰੇ ਹਾਲਾਤ ਕੀ ਨੇ ਅਸਲ ਜ਼ਿੰਦਗੀ ਵਿੱਚ
ਮੈਨੂੰ ਖਾਣ ਪਹਿਨਣ ਲਈ ਸੋਚਣਾ ਪੈਂਂਦਾ ਹੈ ਹਰਦਮ
ਜੇ ਮੈੰ ਆਪਣੇ ਪਸੰਦ ਦਾ ਕੁਝ ਪਹਿਨ ਵੀ ਲਵਾਂ ਕਦੇ ਕਦਾਈਂ
ਤਾਂ ਮੈਨੂੰ ਅੱਖਾਂ ਪਾੜ ਕੇ ਘੋਖਿਆ ਜਾਂਦੈ ਦੇਖਿਆ ਨੀ ਜਾਂਦਾ
ਮੈਂ ਆਪਣੇ ਆਪ ਨੂੰ ਇੱਕਲੀ ਮਹਿਸੂਸ ਕਰਦੀ ਹਾਂ ਉਦੋਂ
ਚਾਹੇ ਮੇਰੇ ਨਾਲ ਮੇਰਾ ਆਪਣਾ ਬਾਬਲ ਵੀ ਕਿਉਂ ਨਾ ਹੋਵੇ
ਮੈਨੂੰ ਹਾਲੇ ਵੀ ਵਰਤ ਕੇ ਸਾੜ ਦਿੱਤਾ ਜਾਂਦੈ ਮਾਰ ਦਿੱਤਾ ਜਾਂਦੈ
ਵੱਢ ਕੇ ਦਿਨ ਦਿਹਾੜੇ ਫੂਕ ਦਿੱਤਾ ਜਾਂਦੈ ,,ਮੇਰੀ ਜੁਬਾਨ ਵੱਢ ਦਿੱਤੀ ਜਾਂਦੀ ਐ ਕਿ ਮੈਂ ਮਰੀ ਹੋਈ ਵੀ ਬੋਲ ਨਾ ਪਵਾਂ ਕਿਤੇ
ਕਦੇ ਮੈਨੂੰ ਚਾਰ ਦੀਵਾਰੀ ‘ਚ ਰੱੱਖਿਆ ਜਾਂਦਾ ਸੀ ਰਾਣੀ ਦੇ ਰੂਪ ਵਿੱਚ
ਕਦੇ ਜੂਏ ਦੇ ਦਾਅ ਤੇ ਲਾ ਕੇ ਜਿੱਤ ਲਿਆ ਜਾਂਦਾ ਸੀ
ਕਦੇ ਕਦੇ ਤਾਂ ਮੈਨੂੰ ਅੱਗ ‘ਚ ਬਹਿ ਕੇ ਪਵਿੱਤਰਤਾ ਸਾਬਿਤ ਕਰਨੀ ਪਈ ਸੀ ਆਪਣੇ ਹੀ ਪਤੀ ਪ੍ਰਮੇਸ਼ਰ ਦੇ ਸਾਹਮਣੇ ਕਿਉਂਕਿ ਮੈਂ ਔਰਤ ਸੀ ਇੱਕ ਅਬਲਾ
ਕਿਤੇ ਕਿਤੇ ਮੇਰੀ ਮੰਡੀ ਵੀ ਲਗਦੀ ਐ ਮੈੰ ਨੱਚਦੀ ਹਾਂ ਸਟੇਜ਼ਾਂ ਤੇ
ਮੇਰੇ ਪਿਓ ਦੇ ਹਾਣਦੇ ਲੋਕ ਮੇਰੀ ਬਾਂਹ ਫੜ੍ਹ ਕੇ ਨੱਚਦੇ ਹਨ
ਮੈੰ ਉਨ੍ਹਾਂ ਦਾ ਵਿਰੋਧ ਨੀ ਕਰ ਸਕਦੀ ਕਿਉਂਕਿ ਉਹ ਮੇਰੇ ਗਾਹਕ ਨੇ ,, ਮੇਰੇ ਉਪਰ ਦੀ ਉਹ ਪੈਸਿਆਂ ਦੀ ਵਰਖ਼ਾ ਕਰਦੇ ਨੇ
ਸ਼ਾਇਦ ਇਹ ਸਾਡੇ ਸਮਾਜ ਦਾ ਰਿਵਾਜ਼ ਹੈ ਮੁੱਢ ਕੁਦੀਮ ਤੋਂ ਰਾਜਿਆਂ ਰਾਣਿਆਂ ਤੋੰ ਚਲਦਾ ਆ ਰਿਹਾ ਹੈ ,,ਮੈਂ ਕੀ ਕਰਾਂ
ਮੈਨੂੰ ਨਿਰਭਿਆ ,ਆਸਿਫ਼ਾ, ਨੌਦੀਪ,ਹੋਰ ਬਹੁਤ ਸਾਰੇ ਨਾਂਵਾਂ ਨਾਲ਼ ਵੀ ਜਾਣਿਆ ਜਾਂਦਾ ,, ਕਿਉਂਕਿ ਮੈੰ ਔਰਤ ਹਾਂ ਇਨਸਾਨ ਨਹੀਂ ,, ਮੇਰੇ ਕੋਈ ਜ਼ਜ਼ਬਾਤ ਨਹੀਂ ਅਹਿਸਾਸ ਨਹੀਂ ,,ਮੈੰ ਸਿਰਫ਼ ਔਰਤ ਹਾਂ ਔਰਤ ! ਇਹ ਮੈਨੂੰ ਮਹਿਸੂਸ ਕਰਾਇਆ ਜਾਂਦੈ ਹਮੇਸ਼ਾਂ
ਪਰ ਮੈਂ ਕਦੋੰ ਅਜ਼ਾਦ ਹੋ ਕੇ ਆਪਣੇ ਫੈਸਲੇ ਆਪ ਲੈ ਸਕਾਂਗੀ
ਆਪਣੇ ਲਈ ਆਪਣਾ ਚੰਗਾ ਜੀਵਨ ਸਾਥੀ ਖ਼ੁਦ ਚੁਣ ਸਕਾਂਗੀ
ਹਰ ਉਹ ਜਗ੍ਹਾ ਤੇ ਜਾ ਸਕਾਂਗੀ ਜਿਥੇ ਮੇਰਾ ਦਿਲ ਕਰੇ ਜਾਣ ਨੂੰ
ਮੈਨੂੰ ਕਦੇ ਮੇਰੇ ਤੋਂ ਆਪਣਾ ਆਪ ਖੋਹਣ ਦਾ ਡਰ ਨਹੀਂ ਹੋਵੇਗਾ
ਮੇਰੀ ਕੋਈ ਜਾਤ ਧਰਮ ਨਹੀਂ ਹੋਵੇਗਾ ਬੱੱਸ ਮੈਂ ਮੈਂ ਹੋਵਾਂਗੀ ਸਿਰਫ਼ ਮੈਂ !!
ਇੱਕ ਅਜ਼ਾਦ ਜਿੰਦਗੀ ਬੱਸ ਇੱਕ ਅਜ਼ਾਦ ਅਜ਼ਾਦ ਜਿੰਦ ਜਾਨ ?
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ
9877358044
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly