(ਸਮਾਜ ਵੀਕਲੀ)– ਅੱਜ ਦੇ ਸਮਾਜ ਵਿੱਚ ਔਰਤ ਨੇ ਬਹੁਤ ਵੱਡੀਆਂ ਵੱਡੀਆਂ ਪ੍ਰਾਪਤੀਆਂ ਕਰ ਲਈਆਂ ਹਨ ਜਿਵੇਂ ਰਾਜਨੀਤਕ ਪਾਰਟੀਆਂ ਦਾ ਮੁਖੀ ਹੋਣਾ,ਉੱਚ ਪਦਵੀਆਂ ਤੇ ਹੋਣਾ,ਉਦਯੋਗਪਤੀ ਹੋਣਾ।ਪਰ ਸਮਾਜ ਦਾ ਔਰਤ ਪ੍ਰਤੀ ਨਜ਼ਰੀਆ ਨਹੀਂ ਬਦਲਿਆ।ਉਸ ਦਾ ਕਾਰਨ ਹੈ ਕਿ ਅੌਰਤ ਨੇ ਛੋਟੀਆਂ ਪ੍ਰਾਪਤੀਆਂ ਨਹੀਂ ਕੀਤੀਆਂ ਜਿਵੇਂ ਕਿ ਸਮਾਜ ਵਿੱਚ ਸੁਰੱਖਿਅਤ ਹੋਣਾ,ਪੁਰਸ਼ ਵਾਂਗ ਆਪਣੇ ਫ਼ੈਸਲੇ ਲੈਣ ਦਾ ਅਧਿਕਾਰ ਹੋਣਾ, ਆਪਣੇ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੋਣਾ।
ਜਦ ਤਕ ਔਰਤ ਪ੍ਰਤੀ ਸਮਾਜ ਦੀ ਮਾਨਸਿਕਤਾ ਨਹੀਂ ਬਦਲਦੀ ਆਮ ਜ਼ਿੰਦਗੀ ਵਿੱਚ ਔਰਤ ਪੁਰਸ਼ ਦੇ ਬਰਾਬਰ ਨਹੀਂ ਹੋ ਸਕਦੀ।ਅੰਮ੍ਰਿਤਾ ਪ੍ਰੀਤਮ ਦਾ ਕਹਿਣਾ ਬਿਲਕੁਲ ਸਹੀ ਹੈ ਔਰਤਾਂ ਨੂੰ ਸਿਰਫ਼ ਉਨੀ ਹੀ ਆਜ਼ਾਦੀ ਮਿਲੀ ਹੈ ਜਿੰਨੀ ਪੁਰਸ਼ ਦੇਣੀ ਚਾਹੁੰਦੇ ਹਨ। ਔਰਤ ਨੂੰ ਜ਼ਰੂਰਤ ਹੈ ਮਾਨਸਿਕ ਤੌਰ ਤੇ ਆਜ਼ਾਦ ਹੋਣ ਦੀ।
ਪਿੱਤਰ ਸੱਤਾ ਵਿਚ ਬੱਝੀ ਹੋਈ ਔਰਤ ਮਾਨਸਿਕ ਤੌਰ ਤੇ ਕਦੇ ਵੀ ਆਜ਼ਾਦ ਨਹੀਂ ਹੋ ਸਕਦੀ।ਜੋ ਵੀ ਕਰਦੀ ਹੈ ਪੁਰਸ਼ ਤੇ ਕਿਸੇ ਰੂਪ ਨੂੰ ਖੁਸ਼ ਕਰਨ ਲਈ ਕਰਦੀ ਹੈ।ਉਸ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹ ਕਦੋਂ ਤੇ ਕਿਵੇਂ ਪਿੱਤਰ ਸੱਤਾ ਵਿਚ ਬੱਝ ਜਾਂਦੀ ਹੈ।ਸਾਡੇ ਸਮਾਜ ਨੇ ਅਜਿਹਾ ਤਾਣਾ ਬੁਣਿਆ ਹੈ ਕੀ ਔਰਤ ਉਸ ਵਿਚ ਉਲਝੀ ਪਈ ਹੈ।ਉਹ ਸਿਰਫ਼ ਕੱਪੜੇ ਪਾਉਣ ਦੀ ਆਜ਼ਾਦੀ ਨੂੰ ਹੀ ਆਜ਼ਾਦੀ ਸਮਝੀ ਬੈਠੀ ਹੈ।ਜਦ ਕਿ ਇਹ ਕੋਈ ਆਜ਼ਾਦੀ ਨਹੀਂ।
ਔਰਤ ਨੂੰ ਇਹ ਸਮਝਣ ਦੀ ਬਹੁਤ ਜ਼ਰੂਰਤ ਹੈ ਆਜ਼ਾਦ ਮਾਨਸਿਕਤਾ ਹੀ ਆਜ਼ਾਦੀ ਦੀ ਨੀਂਹ ਹੈ।ਜਦ ਤਕ ਔਰਤ ਜ਼ਿਹਨੀ ਤੌਰ ਤੇ ਆਜ਼ਾਦ ਨਹੀਂ ਹੋ ਜਾਂਦੀ ਉਸ ਨੂੰ ਸਮਾਜ ਵਿੱਚ ਸਮਾਨਤਾ ਦਾ ਅਧਿਕਾਰ ਨਹੀਂ ਮਿਲੇਗਾ।ਅਧਿਕਾਰ ਕਦੀ ਵੀ ਕਾਨੂੰਨਾਂ ਨਾਲ ਨਹੀਂ ਮਿਲਦੇ।ਕਾਨੂੰਨ ਤਾਂ ਕਿਤਾਬਾਂ ਵਿੱਚ ਹੀ ਪਏ ਰਹਿ ਜਾਂਦੇ ਹਨ।ਜ਼ਹਿਨੀਅਤ ਬਦਲਣ ਦੀ ਲੋੜ ਹੈ।ਜੇਕਰ ਅੱਜ ਇੱਕੀਵੀਂ ਸਦੀ ਵਿੱਚ ਵੀ ਇਹ ਕਹਿਣਾ ਪੈਂਦਾ ਹੈ ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਹੀਂ ਤਾਂ ਸਮਝੋ ਫ਼ਰਕ ਹੈ।ਜੇਕਰ ਕੋਈ ਫ਼ਰਕ ਨਾ ਹੁੰਦਾ ਤਾਂ ਕਹਿਣਾ ਹੀ ਨਾ ਪੈਂਦਾ।
ਸਾਡੇ ਸਮਾਜ ਵਿੱਚ ਔਰਤ ਨੂੰ ਪੜ੍ਹਨ ਦੀ ਆਜ਼ਾਦੀ ਸਿਰਫ਼ ਇਸ ਲਈ ਦਿੱਤੀ ਗਈ ਉਸ ਲਈ ਇੱਕ ਚੰਗਾ ਵਰ ਲੱਭਿਆ ਜਾ ਸਕੇ ।ਨੌਕਰੀ ਵੀ ਇਸ ਲਈ ਕਰਨ ਦਿੱਤੀ ਜਾਂਦੀ ਹੈ ਕਿ ਵਰ ਲੱਭਣ ਵਿਚ ਆਸਾਨੀ ਹੋ ਜਾਂਦੀ ਹੈ।ਜੇਕਰ ਇਹ ਮਕਸਦ ਨਹੀਂ ਤਾਂ ਵਿਆਹ ਵੇਲੇ ਦਹੇਜ ਕਿਉਂ ਦਿੱਤਾ ਜਾਂਦਾ ਹੈ? ਅੱਜ ਵੀ ਸਾਡੇ ਸਮਾਜ ਨੂੰ ਦਾਜ ਦੇਣਾ ਮਨਜ਼ੂਰ ਹੈ ਪਰ ਔਰਤ ਨੂੰ ਜਾਇਦਾਦ ਵਿਚ ਉਸਦਾ ਹਿੱਸਾ ਦੇਣਾ ਮਨਜ਼ੂਰ ਨਹੀਂ।ਸਾਡੇ ਪਰਿਵਾਰਾਂ ਦੀ ਪੁਰਸ਼ ਇਸ ਗੱਲ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਕੀ ਲੜਕੀ ਨੂੰ ਜਾਇਦਾਦ ਵਿਚੋਂ ਹਿੱਸਾ ਮਿਲਣਾ ਚਾਹੀਦਾ ਹੈ।ਇਸ ਨੂੰ ਉਹ ਆਪਣੇ ਅਹਿਮ ਤੇ ਸੱਟ ਸਮਝਦੇ ਹਨ ਕਿ ਕੁੜੀ ਜਾਂ ਭੈਣ ਆਪਣਾ ਹਿੱਸਾ ਮੰਗ ਲਵੇ।
ਅਸੀਂ ਸਭ ਇਸ ਗੱਲ ਤੋਂ ਭਲੀਭਾਂਤ ਜਾਣੂ ਹਾਂ ਕਿ ਆਜ਼ਾਦੀ ਦਾ ਸਬੰਧ ਸਿੱਧਾ ਆਪਣੇ ਪੈਰਾਂ ਤੇ ਖਡ਼੍ਹੇ ਹੋਣ ਨਾਲ ਹੈ।ਪੈਰਾਂ ਤੇ ਖਡ਼੍ਹੇ ਹੋਣ ਦੇ ਨਾਲ ਨਾਲ ਕੁੜੀਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ।ਅੱਜ ਵੀ ਸਾਡੀਆਂ ਪੜ੍ਹੀਆਂ ਲਿਖੀਆਂ ਡਾ ਅਤੇ ਵਕੀਲ ਕੁੜੀਆਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਜਾਂਦੀਆਂ ਹਨ।ਇਸ ਦਾ ਕਾਰਨ ਉਨ੍ਹਾਂ ਦਾ ਮਾਨਸਿਕ ਤੌਰ ਤੇ ਮਜ਼ਬੂਤ ਨਾ ਹੋਣਾ ਹੀ ਹੈ।ਤਲਾਕਸ਼ੁਦਾ ਹੋਣਾ ਅੱਜ ਵੀ ਕਲੰਕ ਮੰਨਿਆ ਜਾਂਦਾ ਹੈ।ਦੱਬੀ ਆਵਾਜ਼ ਵਿਚ ਔਰਤਾਂ ਹੀ ਕਹਿੰਦੀਆਂ ਹਨ ਕਿ ਔਰਤ ਦਾ ਹੀ ਕਸੂਰ ਹੋਏਗਾ ਤਲਾਕ ਹੋਣ ਵਿੱਚ।ਜਦ ਔਰਤ ਹੀ ਔਰਤ ਦਾ ਸਾਥ ਨਹੀਂ ਦਿੰਦੀ ਤਾਂ ਪੁਰਸ਼ ਤੋਂ ਕੀ ਉਮੀਦ ਕਰਨੀ।
ਪੰਜਾਬ ਵਿੱਚ ਤਾਂ ਜੇਕਰ ਮੁੰਡਾ ਨਸ਼ਾ ਕਰਦਾ ਹੈ ਆਮ ਸੁਣਨ ਨੂੰ ਮਿਲਦਾ ਹੈ ਇਸ ਦਾ ਵਿਆਹ ਕਰ ਦਿਓ।ਕੋਈ ਪੁੱਛਣ ਵਾਲਾ ਹੋਵੇ ਭਲਾ ਲੜਕੀ ਡਾਕਟਰ ਹੈ ਜੋ ਉਸ ਦਾ ਇਲਾਜ ਕਰੇਗੀ ਉਨ੍ਹਾਂ ਵਿਆਹ ਕੋਈ ਦਵਾਈ ਹੈ?ਮੁੰਡੇ ਤੇ ਜ਼ਿੰਦਗੀ ਤਾਂ ਖ਼ਰਾਬ ਹੋਈ ਹੀ ਹੈ ਕਿਸੇ ਹੋਰ ਦੀ ਕੁੜੀ ਦੀ ਜ਼ਿੰਦਗੀ ਖ਼ਰਾਬ ਕਰਨ ਦੀ ਕੀ ਜ਼ਰੂਰਤ ਹੈ?ਜੇਕਰ ਅਜਿਹੇ ਮੁੰਡੇ ਨਾਲ ਵਿਆਹੀ ਕੁੜੀ ਵਾਪਸ ਆ ਕੇ ਆਪਣੇ ਮਾਤਾ ਪਿਤਾ ਨੂੰ ਇਹ ਗੱਲ ਦੱਸਦੀ ਹੈ ਉਹ ਵੀ ਉਸ ਨੂੰ ਸਬਰ ਦਾ ਘੁੱਟ ਭਰਨ ਲਈ ਕਹਿੰਦੇ ਹਨ।ਸਮਝੌਤਾ ਕਰ ਲੈਣਾ ਕੁੜੀ ਦੀ ਹੋਣੀ ਮੰਨਿਆ ਜਾਂਦਾ ਹੈ।
ਸਾਡੇ ਸਮਾਜ ਵਿਚਲੀਆਂ ਬਹੁਤ ਸਾਰੀਆਂ ਗੱਲਾਂ ਹੈਰਾਨ ਕਰ ਦੇਣ ਵਾਲੀਆਂ ਹਨ।ਅਸੀਂ ਆਪਣੀ ਕੁੜੀ ਨੂੰ ਸਕੂਟਰ ਲੈ ਕੇ ਦੇਣ ਲਈ ਤਿਆਰ ਨਹੀਂ ਮੈਂ ਜਵਾਈ ਨੂੰ ਕਰਜ਼ੇ ਤੇ ਕਾਰ ਲੈ ਦਿੰਦੇ ਹਾਂ।ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ ਅਸੀਂ ਆਪ ਹੀ ਆਪਣੀ ਧੀ ਦੇ ਨਾਲ ਨਹੀਂ ਖੜ੍ਹੇ ਹੁੰਦੇ।ਇਹ ਜ਼ਰੂਰ ਹੈ ਕਿ ਸਮਾਂ ਬਦਲ ਰਿਹਾ ਹੈ ਪਰ ਬਹੁਤ ਵਾਰ ਹੋਣੀ ਪਹਿਲਾਂ ਵਾਪਰ ਜਾਂਦੀ ਹੈ।ਅੱਜ ਜ਼ਰੂਰਤ ਹੈ ਆਪਣੀਆਂ ਕੁੜੀਆਂ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰਨ ਦੀ।
ਆਪਣੀਆਂ ਧੀਆਂ ਨੂੰ ਇੰਨਾ ਮਜ਼ਬੂਤ ਬਣਾਉਣ ਦੀ ਕੀ ਉਹ ਰਾਹ ਜਾਂਦੀ ਮਜਨੂੰਆਂ ਤੋਂ ਨਾ ਡਰਨ।ਆਪਣੇ ਮੁੰਡਿਆਂ ਨੂੰ ਇਹ ਗੱਲ ਸਿਖਾਉਣ ਦੀ ਕਿਉਂ ਬਿਗਾਨੀਆਂ ਧੀਆਂ ਦੀ ਇੱਜ਼ਤ ਕਰਨ।ਗੁਰੂ ਸਾਹਿਬ ਨੇ ਤਾਂ ਬਹੁਤ ਪਹਿਲਾਂ ਹੀ ਕਹਿ ਦਿੱਤਾ ਸੀ।
ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣ
ਅੱਜ ਔਰਤ ਪ੍ਰਤੀ ਅੱਤਿਆਚਾਰ ਇਸ ਕਦਰ ਵਧ ਗਿਆ ਹੈ ਛੋਟੀਆਂ ਬੱਚੀਆਂ ਨੂੰ ਵੀ ਬਖਸ਼ਿਆ ਨਹੀਂ ਜਾਂਦਾ।ਇਸ ਸਭ ਇੱਕ ਬਿਮਾਰ ਮਾਨਸਿਕਤਾ ਦਾ ਨਤੀਜਾ ਹੈ।ਜ਼ਰੂਰਤ ਹੈ ਆਪਣੇ ਸਮਾਜ ਦੀ ਮਾਨਸਿਕ ਹਾਲਤ ਵੱਲ ਧਿਆਨ ਦੇਣ ਦੀ।ਬਦਲਦੇ ਹਾਲਾਤ ਵਿਚ ਸਭ ਕੁਝ ਬਦਲੇਗਾ ।ਅਸੀਂ ਇਹ ਕਹਿ ਕੇ ਪਿੱਛਾ ਨਹੀਂ ਛੁਡਾ ਸਕਦੇ ਕਿ ਔਰਤਾਂ ਨੂੰ ਕੱਪੜੇ ਧਿਆਨ ਨਾਲ ਪਾਉਣੇ ਚਾਹੀਦੇ ਹਨ।ਆਪਣਾ ਸਰੀਰ ਢੱਕ ਕੇ ਰੱਖਣਾ ਚਾਹੀਦਾ ਹੈ।ਜ਼ਰੂਰਤ ਮਰਦ ਦੀ ਮਾਨਸਿਕਤਾ ਨੂੰ ਬਦਲਣ ਦੀ ਹੈ।ਕਸੂਰ ਚ ਔਰਤ ਦੇ ਕੱਪੜਿਆਂ ਦਾ ਹੋਵੇ ਤਾਂ ਛੋਟੀਆਂ ਬੱਚੀਆਂ ਨਾਲ ਵਹਿਸ਼ੀਆਨਾ ਹਰਕਤਾਂ ਕਿਉਂ ਹੋਣ।ਸਾਡੇ ਦੇਸ਼ ਵਿਚ ਬਲਾਤਕਾਰੀਆਂ ਨੂੰ ਬਚਾਉਣ ਲਈ ਹਜੂਮ ਆ ਜਾਂਦੇ ਹਨ।
ਅੱਜ ਸਮੇਂ ਦੀ ਲੋੜ ਹੈ ਕਿ ਅਸੀਂ ਆਪਣੀ ਮਾਨਸਿਕਤਾ ਨੂੰ ਬਦਲੀਏ।ਸਿਰਫ਼ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣ ਨਾਲ ਕੁਝ ਨਹੀਂ ਹੋਣਾ ਸਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਬਦਲਣਾ ਪਵੇਗਾ।ਆਪਣੀ ਸੋਚ ਬਦਲਣੀ ਪਵੇਗੀ।ਆਪਣਾ ਕਿਰਦਾਰ ਬਦਲਣਾ ਪਵੇਗਾ।ਸਹੀ ਮਾਇਨਿਆਂ ਵਿਚ ਮਹਿਲਾ ਦਿਵਸ ਉਸ ਦਿਨ ਹੀ ਮਨਾਇਆ ਜਾਏਗਾ ਜਿਸ ਦਿਨ ਮਹਿਲਾ ਪ੍ਰਤੀ ਸਾਡੀ ਸੋਚ ਬਦਲ ਜਾਏਗੀ।
ਹਰਪ੍ਰੀਤ ਕੌਰ ਸੰਧੂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly