(ਸਮਾਜ ਵੀਕਲੀ) ਗ਼ਜ਼ਲ ਕਵਿਤਾ ਦਾ ਅਤਿ ਵਿਸ਼ੇਸ਼ ਰੂਪ ਹੈ। ਜੋ ਸਭ ਤੋਂ ਵੱਧ ਸਾਧਨਾ ,ਸੰਜਮ ਅਤੇ ਸਬਰ ਦੀ ਮੰਗ ਕਰਦਾ ਹੈ । ਇੱਕੋ ਸਮੇਂ ਬਹਿਰ, ਕਾਫ਼ੀਆ ਰਦੀਫ਼ ਅਤੇ ਸਭ ਤੋਂ ਜ਼ਰੂਰੀ ਖ਼ਿਆਲ ਦੀ ਬੁਲੰਦੀ ਇਸ ਹੱਦ ਤੱਕ ਕਿ ਅਰਥ ਅਨਰਥ ਨਾ ਹੋਣ ਅਤੇ ਇੱਕ ਹੀ ਸ਼ਿਅਰ ਵਿੱਚ ਸੰਪੂਰਨ ਕਾਵਿ ਕਹਿ ਦੇਣ ਦਾ ਹੁਨਰ ਹੈ, ਗ਼ਜ਼ਲ।ਸਹਿਜ ,ਸੁਹਜ ਅਤੇ ਰਵਾਨੀ ਭਰਿਆ ਵਰਤਾਰਾ ਜੋ ਲਫਜ਼ਾਂ ਨੂੰ ਸੰਗੀਤਕ ਤਰੰਗਾਂ ਨਾਲ ਸ਼ਰਾਬੋਰ ਕਰ ,ਪਾਠਕ ਮਨ ਨੂੰ ਆਨੰਦ ਨਾਲ ਲਟਬੌਰਾ ਕਰ ਦੇਵੇ।ਕੋਰੀ ਕਲਪਨਾ ਅਤੇ ਭਾਵੁਕਤਾ ਤੋਂ ਲੈ ਕੇ ਵਾਸਤਵਿਕਤਾ ਨੂੰ ਬਹਿਰ ਦੀ ਬੰਦਿਸ਼,ਕਾਫੀਆ ਰਦੀਫ਼ ਦੇ ਬੰਧਨ ਵਿੱਚ ਪ੍ਰੋ ਕੇ ਕਰੂਰ ਤੋਂ ਕਰੂਰ ਗੱਲ ਨੂੰ ਕਾਵਿਕ ਅੰਦਾਜ਼ ਵਿਚ ਕਹਿ ਸੰਗੀਤ ਦਾ ਝਰਨਾ ਵਹਾ ਦੇਣਾ, ਗ਼ਜ਼ਲ ਦੀ ਖ਼ਾਸੀਅਤ ਅਤੇ ਸ਼ਾਇਰ ਦੀ ਸਲਾਹੁਤਾ ਹੈ ।
ਰੰਗ, ਖੁਸ਼ਬੂ, ਰੌਸ਼ਨੀ ਖੁਦ ਨੂੰ ਵਡਭਾਗਾ ਸਮਝਦੇ ਹੋਣਗੇ ਕਿ ਅਮਰਜੀਤ ਸਿੰਘ ਜੀਤ ਹੋਰਾਂ ਦੀ ਕਲਮ ਛੋਹ ਨੇ ਉਨ੍ਹਾਂ ਦੀ ਗੁਣਵੱਤਾ ਨੂੰ ਹੋਰ ਵੀ ਭਰਪੂਰ ਕਰ ਪੰਜਾਬੀ ਸਾਹਿਤ ਦਾ ਹਿੱਸਾ ਕੀਤਾ ਹੈ।
ਅਮਰਜੀਤ ਸਿੰਘ ਜੀਤ ਹੁਣਾਂ ਦੀ ਗਜ਼ਲ ਲੋਕ ਮਸਲਿਆਂ ਪ੍ਰਤੀ ਚੇਤਨਾ ਪ੍ਰਗਟ ਕਰਨ ਦੇ ਨਾਲ ਨਾਲ ਪੰਜਾਬੀ ਰਹਿਤਲ ਦੇ ਉਹ ਰਸ , ਜੋ ਫਿੱਕੇ ਪੈਂਦੇ ਜਾ ਰਹੇ ਹਨ , ਦੀ ਵੀ ਅਵਾਜ ਬਣਨ ਦੀ ਕੋਸ਼ਿਸ਼ ਵਿੱਚ ਹੈ ।
ਬੜੇ ਹੀ ਪਿਆਰੇ ਰਵਾਨੀ ਭਰੇ ਅੰਦਾਜ਼ ਵਿਚ ਸ਼ਾਇਰ ਨੇ ਆਪਣੇ ਅਹਿਸਾਸ ਨੂੰ ਸ਼ਾਇਰੀ ਵਿਚ ਢਾਲਿਆ ਹੈ ਕਿ ਇਹ ਹਰ ਇਕ ਪਾਠਕ ਦੀ ਜ਼ੁਬਾਨ ਤੇ ਆਉਂਦਿਆਂ ਹੀ ਲਾਜਵਾਬ ਲੈਅਕਾਰੀ ਦਾ ਜਾਦੂ ਬਿਖੇਰਦਾ ਹੈ ।
ਸਮਾਜ ਲਈ ਅਥਾਹ ਪ੍ਰੇਮ ਨੂੰ ਹਿਰਦੇ ਵਿਚ ਵਸਾਈ ਰੱਖਣ ਵਾਲਾ ਸ਼ਾਇਰ ਸਮਾਜਿਕ ਊਣਤਾਈਆਂ ਤੋਂ ਵਿਚਲਿਤ ਹੁੰਦਾ ਮੁਲਕ ਅਤੇ ਲੋਕਾਈ ਲਈ ਆਪਣੇ ਸ਼ਿਅਰਾਂ ਰਾਹੀਂ ਅਥਾਹ ਪ੍ਰੇਮ ਦਾ ਪ੍ਰਗਟਾਵਾ ਕਰਦਾ ਹੈ।
ਸਿਆਸਤ ਦੀਆਂ ਪਾਈਆਂ ਵੰਡੀਆਂ ਨਾਲ ਦੁਫੇੜ ਲੋਕਾਈ ਦੇ ਫੇਰ ਮੇਲ ਦੀ ਤਮੰਨਾ ਹੈ । ਜੀਤ ਹੁਣਾਂ ਨੇ ਇਹ ਸਾਰੇ ਭਾਵ ਆਪਣੇ ਗ਼ਜ਼ਲ ਸੰਗ੍ਰਹਿ ਵਿਚ ਬਾਖੂਬ ਨਿਭਾਏ ਹਨ।
ਮੇਰੇ ਵੱਲੋਂ ਇਸ ਬਦਲਦੇ ਸਾਲ ਵਿੱਚ Amarjeet Singh Jeet Sir ਦੇ
” ਬਦਲਦੇ ਮੌਸਮਾਂ ਅੰਦਰ” ਗ਼ਜ਼ਲ ਸੰਗ੍ਰਹਿ ਦਾ ਸਵਾਗਤ ਹੈ
ਆਪ ਸਭ ਵੀ ਇਸ ਗ਼ਜ਼ਲ ਸੰਗ੍ਰਹਿ ਨਾਲ਼ ਜ਼ਰੂਰ ਸਾਂਝ ਪਾਓ
” ਬਦਲਦੇ ਮੌਸਮਾਂ ਅੰਦਰ” ਦੇ ਹਰੇ ਕਚਾਰ, ਜ਼ਰਦ, ਕਿਰਮਚੀ ਰੰਗ ਤੁਸੀਂ ਵੀ ਵੇਖੋ।
# ਅਜੋਕੀ ਦੌੜ ਆਖੋ ਜਾਂ ਕਹੀਏ ਕਲਯੁੱਗ ਦਾ ਪਹਿਰਾ
ਬੜੀ ਜਾਦੂਗਰੀ ਹੁੰਦੀ ਹੈ ਅੱਜਕਲ ਰਹਿਬਰਾਂ ਹੱਥੋਂ।
# ਜਵਾਨੀ ਰੁਲ਼ ਰਹੀ ਹੈ ਅੱਜ ਨਮੋਸ਼ੀ ਵਿੱਚ ਘਿਰੀ ਹੋਈ,
ਕੁਰਾਹੇ ਤੁਰ ਪਊ ਜਾਂ ਫਿਰ ਬਣੂ ਲਲਕਾਰ ਲੋਕਾਂ ਦੀ।
# ਹੁਣ ਭੌਰ ਤਿਤਲੀਆਂ ਚੋਹਲ ਨਈਂ ਕਰਦੇ ਮੋਰ ਨਾ ਪੈਲਾਂ ਪਾਉਂਦੇ
ਮਾਲੀ ਗੁਮ ਸੁੰਮ ਇਉਂ ਬੈਠਾ ਜਿਉਂ ਖੋ ਗਈ ਮੱਤ ਪੱਤਝੜ ਆਈ ਹੈ।
# ਫੜੇ ਅਣਜਾਣ ਹੱਥਾਂ ਵਿੱਚ ਕਦੇ ਹਥਿਆਰ ਨਈਂ ਚੰਗੇ,
ਕਲਮ ਵੀ ਵਾਹੁਣ ਤੋਂ ਪਹਿਲਾਂ ਜ਼ਰਾ ਕੁੱਝ ਸਿੱਖ ਸਿਖਾ ਲਈਏ
#ਸਮਾਂਤਰ ਜਿੱਤ ਦੇ ਸੰਗ ਹਾਰ ਚਲਦਾ ਸਿਲਸਿਲਾ ਰਹਿੰਦਾ,
ਕਿਸੇ ਦਾ ਹੌਸਲਾ ਢਹਿਣਾ ਪਤਾ ਨਈਂ ਕਿਉਂ ਬੁਰਾ ਲੱਗਦੈ।
# ਅੰਦਰੋਂ ਟੁੱਟਿਆ ਬੰਦਾ ਆਖਰ ਪਾਰਾ ਪਾਰਾ ਹੋ ਜਾਂਦਾ,
ਪਾਰੇ ਅੱਗੇ ਚਲਦੀ ਨਈਂ ਪੇਸ਼ ਕਦੇ ਵੀ ਪਾਰਸ ਦੀ।
# ਦੋਸ਼ ਦਿਆਂ ਕਿਉਂ ਗੈਰਾਂ ਨੂੰ ਮੈਂ ਹਾਲਤ ਅਪਣੀ ‘ਤੇ
‘ ਜੀਤ ਹੁਰੀਂ ਵੀ ਹੁਣ ਯਾਰਾਂ ਦੀ ਸਾਰ ਨਹੀਂ ਰੱਖਦੇ।
# ਜਤਾਵੇ ਹਿੱਤ ਭਰਾਵਾਂ ਵਾਂਗ ਜਿਹੜਾ ਚੋਣ ਤੋਂ ਪਹਿਲਾਂ,
ਉਹ ਜਿੱਤਣ ਬਾਅਦ ਲੈਂਦਾ ‘ਜੀਤ’ ਕਿਉਂ ਨਾ ਸਾਰ ਲੋਕਾਂ ਦੀ।
# ਨਾ ਕਿਧਰੇ ਦਰਿਆਤ ਕੁਈ ਹੋਵੇ ਨਾ ਹੀ ਮੀਤ ਬਿਗਾਨਾ,
ਮੁੱਕ ਜਾਣ ਸਭੇ ਸ਼ਿਕਵੇ, ਤੰਦਰੁਸਤ ਸੋਚ ਰਹੇ ਮਾਨਸ ਦੀ।
#ਯੁੱਗੋ- ਯੁੱਗ ਜਿਉਂਦੀ ਰਹਿ ਮੇਰੀ ਮਾਂ ਪੰਜਾਬੀਏ ਨੀ ।
ਪੰਜਾਂ ਆਬਾਂ ਦੀ ਤੂੰ ਰਾਣੀ ਹੈਂ ਜ਼ੁਬਾਂ ਪੰਜਾਬੀਏ ਨੀ।
#ਹਿਤੈਸ਼ੀ ਹਾਂ ਮੈਂ ਚਾਨਣ ਦਾ, ਜੇ ਸੱਚ ਆਖਾਂ ਦੀਵਾਨਾਂ ਹਾਂ,
ਮਿਸ਼ਾਲਾਂ ਬਾਲ ਕੇ ਰੱਖੀਏ, ਜੇ ਵਗਦੀ ਹੈ ਵਗੇ ਨ੍ਹੇਰੀ
ਸ਼ਾਲਾ! ਅਮਰਜੀਤ ਹੁਣਾਂ ਦੀ ਕਲਮ ਨੇ ਫੜੀ ਹੱਕ ਸੱਚ ਦੀ ਮਿਸ਼ਾਲ ਇਓਂ ਹੀ ਲਟ ਲਟ ਬਲਦੀ, ਸਮਾਜ ਨੂੰ ਰੁਸ਼ਨਾਉਂਦੀ ਰਹੇ।
(ਮਨ ਮਾਨ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly