ਚੀਨੀ ਕਮਿਊਨਿਸਟ ਪਾਰਟੀ ਵੱਲੋਂ ਮਤਾ ਪਾਸ, ਸ਼ੀ ਦੀ ਤਾਕਤ ਹੋਰ ਵਧੀ

Chinese President Xi Jinping

ਪੇਈਚਿੰਗ (ਸਮਾਜ ਵੀਕਲੀ):  ਹੁਕਮਰਾਨ ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਦੀ ਉੱਚ ਪੱਧਰੀ ਬੈਠਕ ਦੌਰਾਨ ਪਾਰਟੀ ਦੇ ਪਿਛਲੇ 100 ਸਾਲ ਦੀਆਂ ਅਹਿਮ ਪ੍ਰਾਪਤੀਆਂ ਨੂੰ ਲੈ ਕੇ ਇਤਿਹਾਸਕ ਮਤਾ ਪਾਸ ਕੀਤਾ ਗਿਆ। ਇਸ ਦੇ ਨਾਲ ਹੀ ਅਗਲੇ ਸਾਲ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਰਿਕਾਰਡ ਤੀਜੇ ਕਾਰਜਕਾਲ ਲਈ ਵੀ ਰਾਹ ਪੱਧਰਾ ਕਰ ਦਿੱਤਾ ਗਿਆ ਹੈ। ਪਾਰਟੀ ਦੀ 19ਵੀਂ ਕੇਂਦਰੀ ਕਮੇਟੀ ਦਾ ਛੇਵਾਂ ਸੈਸ਼ਨ 8 ਤੋਂ 11 ਨਵੰਬਰ ਤੱਕ ਪੇਈਚਿੰਗ ’ਚ ਕਰਵਾਇਆ ਗਿਆ। ਸੈਸ਼ਨ ਮੁਕੰਮਲ ਹੋਣ ਮਗਰੋਂ ਜਾਰੀ ਬਿਆਨ ’ਚ ਦੱਸਿਆ ਗਿਆ ਕਿ ਬੈਠਕ ’ਚ ਇਤਿਹਾਸਕ ਮਤੇ ਦੀ ਸਮੀਖਿਆ ਕਰਕੇ ਉਸ ਨੂੰ ਪਾਸ ਕੀਤਾ ਗਿਆ। ਸੀਪੀਸੀ ਦੇ 100 ਸਾਲ ਦੇ ਇਤਿਹਾਸ ’ਚ ਇਹ ਅਜਿਹਾ ਤੀਜਾ ਮਤਾ ਹੈ। ਪਾਰਟੀ ਇਸ ਬਾਰੇ ਭਲਕੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦੇਵੇਗੀ।

ਬਿਆਨ ’ਚ ਕਿਹਾ ਗਿਆ ਹੈ ਕਿ ਸ਼ੀ ਜਿਨਪਿੰਗ ਨੇ ਸੈਸ਼ਨ ਦੌਰਾਨ ਅਹਿਮ ਭਾਸ਼ਨ ਦਿੱਤਾ। ਬੈਠਕ ਦੌਰਾਨ ਸ਼ੀ ਵੱਲੋਂ ਸੌਂਪੀ ਗਈ ਕਾਰਜ ਰਿਪੋਰਟ ’ਤੇ ਵੀ ਚਰਚਾ ਹੋਈ। ਸੀਪੀਸੀ ਦੀ 20ਵੀਂ ਨੈਸ਼ਨਲ ਕਾਂਗਰਸ ਪੇਈਚਿੰਗ ’ਚ ਕਰਨ ਦੇ ਮਤੇ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਜਿਸ ਨਾਲ ਉਮੀਦ ਕੀਤੀ ਜਾ ਰਹੀ ਹੈ ਕਿ ਸ਼ੀ ਦੇ ਨਾਮ ਨੂੰ ਤੀਜੇ ਕਾਰਜਕਾਲ ਲਈ ਪ੍ਰਸਤਾਵਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 68 ਸਾਲਾਂ ਦੇ ਸ਼ੀ ਦਾ ਚੀਨ ਦੀ ਸੱਤਾ ਦੇ ਤਿੰਨ ਕੇਂਦਰਾਂ ਸੀਪੀਸੀ ਦੇ ਜਨਰਲ ਸਕੱਤਰ, ਤਾਕਤਵਰ ਸੈਂਟਰਲ ਮਿਲਟਰੀ ਕਮਿਸ਼ਨ ਦੇ ਚੇਅਰਮੈਨ ਅਤੇ ਰਾਸ਼ਟਰਪਤੀ ਅਹੁਦੇ ’ਤੇ ਕਬਜ਼ਾ ਹੈ ਅਤੇ ਉਹ ਅਗਲੇ ਸਾਲ ਆਪਣਾ ਪੰਜ ਸਾਲ ਦਾ ਦੂਜਾ ਕਾਰਜਕਾਲ ਪੂਰਾ ਕਰਨਗੇ। ਸੀਪੀਸੀ ਦੀ ਇਸ ਬੈਠਕ ਨੂੰ ਸਿਆਸੀ ਤੌਰ ’ਤੇ ਵੀ ਸ਼ੀ ਜਿਨਪਿੰਗ ਲਈ ਅਹਿਮ ਮੰਨਿਆ ਜਾ ਰਿਹਾ ਸੀ ਜੋ ਆਪਣੇ 9 ਸਾਲ ਦੇ ਕਾਰਜਕਾਲ ਮਗਰੋਂ ਪਾਰਟੀ ਦੇ ਬਾਨੀ ਮਾਓ ਜ਼ੇ ਤੁੰਗ ਤੋਂ ਬਾਅਦ ਸਭ ਤੋਂ ਤਾਕਤਵਰ ਆਗੂ ਵਜੋਂ ਉੱਭਰੇ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ’ਚ ਭਾਰਤੀ ਟੀਮ ਦੀ ਕਮਾਨ ਰਹਾਣੇ ਦੇ ਹੱਥ
Next articleਕੌਮਾਂਤਰੀ ਭਾਈਚਾਰਾ ਅਫ਼ਗਾਨਿਸਤਾਨ ਨੂੰ ਮਾਨਵੀ ਸੰਕਟ ਤੋਂ ਬਚਾਏ: ਇਮਰਾਨ