ਸੁਰਿੰਦਰ ਛਿੰਦਾ ਦੇ ਤੁਰ ਜਾਣ ਨਾਲ ਗਾਇਕੀ ਦੇ ਇਕ ਯੁੱਗ ਦਾ ਅੰਤ ਹੋਇਆ – ਜਗਦੀਸ਼ ਰਾਣਾ

ਜਲੰਧਰ (ਸਮਾਜ ਵੀਕਲੀ)- ਪ੍ਰਸਿੱਧ ਲੇਖਕ, ਗੀਤਕਾਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਕੱਤਰ ਅਤੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਜਗਦੀਸ਼ ਰਾਣਾ ਨੇ ਕਿਹਾ ਕਿ ਬੁਲੰਦ ਆਵਾਜ਼ ਤੇ ਦਮਦਾਰ ਅਦਾਕਰੀ ਕਰਨ ਵਾਲੇ ਵਿਸ਼ਵ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਦੇ ਤੁਰ ਜਾਣ ਨਾਲ ਪੰਜਾਬੀ ਗਾਇਕੀ ਦੇ ਇਕ ਯੁੱਗ ਦਾ ਅੰਤ ਹੋਣ ਵਰਗਾ ਹੈ।

ਸੁਰਿੰਦਰ ਛਿੰਦਾ ਨੇ ਜਿਥੇ ਕਲੀਆਂ, ਕਿੱਸੇ ਗਾਏ ਓਥੇ ਹੀ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਗੀਤ ਗਾ ਕੇ ਹਰ ਵਰਗ ਦੇ ਆਮ ਤੇ ਖਾਸ ਵਿਅਕਤੀਆਂ ਦੇ ਦਿਲ ਵਿਚ ਆਪਣੇ ਲਈ ਇਕ ਖਾਸ ਜਗ੍ਹਾ ਬਣਾ ਲਈ ਸੀ। ਉਨ੍ਹਾਂ ਦੇ ਤੁਰ ਜਾਣ ਦੀ ਖ਼ਬਰ ਫ਼ੈਲਦਿਆਂ ਹੀ ਸੰਗੀਤ ਜਗਤ ਅਤੇ ਸਾਹਤਿਕ ਹਲਕਿਆਂ ਵਿੱਚ ਸੋਗ ਦੀ ਲਹਿਰ ਫ਼ੈਲ ਗਈ ਹੈ। ਬਹੁਤੇ ਲੋਕ ਤਾਂ ਸੁਰਿੰਦਰ ਛਿੰਦਾ ਜੀ ਦੇ ਗੀਤ ਸੁਣਦਿਆਂ ਹੀ ਵੱਡੇ ਹੋਏ ਹਨ। ਛਿੰਦਾ ਜੀ ਨੇ ਹਰ ਵਰਗ ਦੀ ਪਸੰਦ ਦੇ ਗੀਤ ਗਾਏ।

ਉਨ੍ਹਾਂ ਜਿਉਣਾ ਮੌੜ, ਮਿਰਜ਼ਾ ਸਾਹਿਬਾਂ ਵਰਗੇ ਗੀਤ ਗਾਏ ਓਥੇ ਹੀ ਉਨ੍ਹਾਂ ਮੈਂ ਨਾ ਅੰਗਰੇਜ਼ੀ ਜਾਣਦੀ ਮੁੰਡਾ ਹੈਲੋ ਹੈਲੋ ਕਰ ਨੀ ਗਿਆ ਵਰਗੇ ਅਨੇਕਾਂ ਨੌਜਵਾਨਾਂ ਦੀ ਪਸੰਦ ਦੇ ਗੀਤ ਵੀ ਗਾਏ।
ਅਨੇਕਾਂ ਪੰਜਾਬੀ ਫ਼ਿਲਮਾਂ ਵਿਚ ਦਮਦਾਰ ਅਦਾਕਾਰੀ ਕੀਤੀ ਤੇ ਪੰਜਾਬੀ ਫਿਲਮ ਜਗਤ ਵਿੱਚ ਵਿਚ ਵੀ ਇਕ ਵੱਖਰਾ ਮੁਕਾਮ ਹਾਸਲ ਕੀਤਾ।

ਸੁਰਿੰਦਰ ਛਿੰਦਾ ਜੀ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਤੇ ਲੁਧਿਆਣਾ ਦੇ ਹਸਪਤਾਲ ਵਿਚ ਜੇਰੇ ਇਲਾਜ ਸਨ। ਜਗਦੀਸ਼ ਰਾਣਾ ਨੇ ਦੱਸਿਆ ਕੇ ਛਿੰਦਾ ਜੀ ਨੇ ਮੇਰੇ ਲਿਖੇ ਗੀਤ ਵੀ ਗਾਏ ਤੇ ਉਨ੍ਹਾਂ ਨਾਲ਼ ਕਈ ਯਾਦਾਂ ਜੁੜੀਆਂ ਹਨ।

ਸੁਰਿੰਦਰ ਛਿੰਦਾ ਜੀ ਦੇ ਅਕਾਲ ਚਲਾਣਾ ਕਰ ਜਾਣ ਤੇ ਪ੍ਰਸਿੱਧ ਗੀਤਕਾਰ ਮੱਖਣ ਲੁਹਾਰ ਅਮਰੀਕਾ, ਖੁਸ਼ਵਿੰਦਰ ਕੁਮਾਰ ਬਿੱਲਾ ਇੰਗਲੈਂਡ, ਨੱਕਾਸ਼ ਚਿੱਤੇਵਾਣੀ, ਸ਼ਸ਼ੀ ਮਹੇ ਕਨੇਡਾ, ਗੁਰਦੀਪ ਸਿੰਘ ਸੈਣੀ, ਰਾਕੇਸ਼ ਮਹਿਤੋਂ ਇੰਗਲੈਂਡ, ਗੁਰਮੁਖ ਲੁਹਾਰ, ਸ਼ਾਮ ਸਰਗੂੰਦੀ, ਬਿੰਦਰ ਬਕਾਪੁਰੀ, ਗਾਇਕ ਸੁਖਵਿੰਦਰ ਪੰਛੀ, ਸਰਬਜੀਤ ਫੁੱਲ, ਅਮਰੀਕ ਕੁਲਾਰ, ਜੀਵਨ ਸੋਹਲ, ਰਮੇਸ਼ ਨੁੱਸੀਵਾਲ, ਨਵੀਂ ਚੇਤਨਾ ਪੰਜਾਬੀ ਲੇਖਕ ਮੰਚ, ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ (ਰਜਿ.) ਅਤੇ ਹੋਰ ਸਾਹਤਿਕ ਸਭਾਵਾਂ ਦੇ ਨੁਮਾਇੰਦਿਆਂ ਨੇ ਵੀ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕਿਹਾ ਕੇ ਹਰਦਿਲ ਅਜੀਜ਼ ਗਾਇਕ ਸੁਰਿੰਦਰ ਛਿੰਦਾ ਦੇ ਅਕਾਲ ਚਲਾਣਾ ਕਰ ਜਾਣ ਨਾਲ਼ ਪੰਜਾਬੀ ਗਾਇਕੀ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

Previous articleਕਵਿਤਾ
Next articleदुनिया की पहली महिला प्रधानमंत्री श्रीलंका की सिरिमा आर. डी. भंडारनायके