ਬੁੱਧ ਬਾਣ / ਵਿਅੰਗ

ਜਦੋਂ ਮੈਂ ਵਿਦਵਾਨ ਬਣਿਆ !

ਬੁੱਧ ਸਿੰਘ ਨੀਲੋਂ

 (ਸਮਾਜ ਵੀਕਲੀ)  ਡਾਕਟਰ ਤਲਵਾਰ ਦੀ ਕ੍ਰਿਪਾ ਦੇ ਨਾਲ ਮੈਂ ਵੀ ਪੀ-ਐਚ. ਡੀ. ਦੀ ਡਿੱਗਰੀ ਲੈ ਕੇ ਆਪਣੇ ਨਾਂ ਅੱਗੇ ਡਾਕਟਰ ਪਿਆਜ਼ ਦਾਸ ਲਿਖਣ ਲੱਗ ਪਿਆ ਸੀ। ਮੈਂ ਆਪਣੀ ਕੋਠੀ ਦੇ ਅੱਗੇ ਵੀ ਨੇਮ ਪਲੇਟ ਉਤੇ ਮੋਟੇ ਅੱਖਰਾਂ ਵਿੱਚ ਡਾ.ਪਿਆਜ਼ ਦਾਸ ਲਿਖਵਾ ਲਿਆ ਸੀ। ਹੁਣ ਜਿਹੜਾ ਵੀ ਵਿਅਕਤੀ ਮੇਰੀ ਕੋਠੀ ਦੇ ਅੱਗੋਂ ਦੀ ਲੰਘਦਾ ਤਾਂ ਮੇਰਾ ਨਾਂ ਪੜ੍ਹ ਕੇ ਕੋਠੀ ਵੱਲ ਵੇਖਦਾ। ਉਹ ਕੀ ਸੋਚਦਾ ਹੋਵੇਗਾ ?
ਮੈਨੂੰ ਡਾਕਟਰ ਬਣਿਆਂ ਅਜੇ ਬਹੁਤੀ ਦੇਰ ਨਹੀਂ ਸੀ ਹੋਈ ਤਾਂ ਸਾਰੇ ਮੁਹੱਲੇ ਵਿੱਚ ਮੇਰੀਆਂ ਧੂੰਮਾਂ ਪੈ ਗਈਆਂ। ਹਰ ਕੋਈ ਮੇਰੇ ਨਾਲ ਹੱਥ ਮਿਲਾਉਣਾ ਤੇ ਮੈਨੂੰ ਮੁਬਾਰਕਾਂ ਦੇਣੀਆਂ ਆਪਣਾ ਫ਼ਖਰ ਸਮਝਦਾ ਸੀ। ਕਿਉਂਕਿ ਮੈਂ ਮਵਿਦਵਾਨ ਬਣ ਗਿਆ ਸੀ!
ਮੇਰੀ ਹਾਲਤ ਉਸ ਚੂਹੇ ਵਰਗੀ ਸੀ, ਜਿਸਨੂੰ ਅਦਰਕ ਦੀ ਗੱਠੀ ਲੱਭ ਗਈ ਤੇ ਉਹ ਪੰਸਾਰੀ ਬਣ ਕੇ ਬਹਿ ਗਿਆ ਸੀ।
ਮੁੱਲ ਦੀ ਡਿਗਰੀ ਨੇ ਤੇ ਨਿਗਰਾਨ ਦੀ ਸਿਫਾਰਸ਼ ਨੇ ਮੈਨੂੰ ਨੌਕਰੀ ਤਾਂ ਸਥਾਨਕ ਕਾਲਜ ਵਿੱਚ ਦਿਵਾ ਦਿੱਤੀ ਸੀ, ਪਰ ਜਦੋਂ ਮੈਂ ਕਾਲਜ ਵਿੱਚ ਜਾਂਦਾ ਸੀ ਤਾਂ ਸਿਆਲ ਮਹੀਨੇ ਮੈਨੂੰ ਪਸੀਨਾ ਆਉਂਦਾ, ਗਰਮੀਆਂ ਮੌਕੇ ਮੈਨੂੰ ਠੰਡ ਲੱਗਣ ਲੱਗ ਪੈਂਦੀ। ਮੇਰੀ ਇਸ ਤਰਾਂ ਅਜੀਬ ਜਿਹੀ ਸਥਿਤੀ ਬਣ ਗਈ ਸੀ।
ਕਦੇ-ਕਦੇ ਮੈਨੂੰ ਸੱਚੀ-ਮੁੱਚੀ ਲੱਗਦਾ ਕਿ ਸਾਹਿਤ ਦਾ ਡਾਕਟਰ ਬਣ ਗਿਆ ਹਾਂ, ਲੋਕ ਮੈਨੂੰ ਵਿਦਵਾਨ ਸਮਝਦੇ ਹਨ। ਉਦੋਂ ਤਾਂ ਮੈਂ ਹੋਰ ਵੀ ਗੁਬਾਰੇ ਵਾਂਗ ਫੁੱਲ ਗਿਆ, ਜਦੋਂ ਕੋਈ ਅਜਨਬੀ ਮੈਨੂੰ ਡਾਕਟਰ ਸਾਹਿਬ ਕਹਿ ਕੇ ਬੁਲਾਉਂਦਾ। ਡਾਕਟਰ ਤਲਵਾਰ ਨੇ ਸੈਂਕੜੇ ਪੀਐਚਡੀ ਦੇ ਖੋਜ ਪ੍ਰਬੰਧ ਲਿਖ ਕੇ ਮੇਰੇ ਵਰਗੇ ਅਨਪੜ੍ਹਾਂ ਨੂੰ ਡਾਕਟਰ ਸਾਹਿਬ ਬਣਾਇਆ ਇਹ ਤਾਂ ਮੈਂ ਜਾਂ ਉਹ ਜਾਣਦੇ ਹਨ। ਮਹਾਨਗਰ ਦੇ ਇਸ ਡਾਕਟਰ ਸਾਹਿਬ ਸਾਡੇ ਵਰਗਿਆਂ ਨੂੰ ਮਹਾਨ ਬਣਾਇਆ ਹੈ। ਉਹਨਾਂ ਦੀ ਰੂਹ ਨੂੰ ਸੁਰਗਾਂ ਵਿੱਚ ਜੰਨਤ ਮਿਲੀ ਹੈ, ਜਿਵੇਂ ਸਾਨੂੰ।
ਇੱਕ ਦਿਨ ਬੜੀ ਅਜੀਬ ਸਥਿਤੀ ਬਣ ਗਈ । ਮੈਂ ਘਰ ਵਿੱਚ ਹੀ ਸੀ। ਮੇਰੇ ਰਿਸ਼ਤੇਦਾਰ ਵੀ ਘਰ ਹੀ ਆਏ ਹੋਏ ਸਨ। ਅਸੀਂ ਸਾਰਿਆਂ ਰਲ ਕੇ ਇੱਕ ਸਮਾਗਮ ਉੱਤੇ ਜਾਣ ਸੀ। ਅਸੀਂ ਜਾਣ ਦੀ ਤਿਆਰੀ ਵਿੱਚ ਸੀ। ਟੈਕਸੀ ਦੀ ਉਡੀਕ ਕਰ ਰਹੇ ਸਾਂ ਤਾਂ ਇੱਕ ਪੇਂਡੂ ਜਿਹਾ ਬੰਦਾ ਧੁੱਸ ਦਿੰਦਾ ਅੰਦਰ ਆ ਵੜਿਆ। ਮਗਰ ਇੱਕ ਭਈਆ, ਮੱਝ ਤੇ ਕੱਟਾ ਆ ਵੜੇ।
‘ਡਾਕਟਰ ਸਾਹਿਬ! ਆ ਮੇਰੀ ਮੱਝ ਨੂੰ ਦੇਖਿਓ, ਇਹ ਕਈ ਦਿਨਾਂ ਤੋਂ ਬਿਨ੍ਹਾਂ ਕੁੱਝ ਖਾਧੇ ਪੀਤੇ ਦੁੱਧ ਦੇਈ ਜਾ ਰਹੀ ਹੈ। ਅਸੀਂ ਤਾਂ ਹੈਰਾਨ ਹੋ ਗਏ। ਇਹ ਮਾਜਰਾ ਕੀ ਐ ? ”ਆ ਦੇਖਿਓ।’?
ਉਹ ਮੈਨੂੰ ਧੂਹ ਕੇ ਮੱਝ ਕੋਲ ਲੈ ਗਿਆ। ਉਸਨੇ ਮੈਨੂੰ ਬੋਲਣ ਦਾ ਮੌਕਾ ਹੀ ਨਾ ਦਿੱਤਾ। ਮੇਰੀ ਹਾਲਤ ਉਸ ਬਿੱਲੇ ਵਰਗੀ ਹੋ ਗਈ, ਜਿਸ ਦੇ ਸਾਹਮਣੇ ਤਾਂ ਚੂਹਾ ਹੈ ਤੇ ਮਗਰ ਕੁੱਤਾ ਜੀਭ ਕੱਢੀ ਖੜ੍ਹਾ ਹੈ। ਮੈਂ ਜਦੋਂ ਆਪਣੇ ਟੱਬਰ ਵੱਲ ਵੇਖਿਆ ਤਾਂ ਉਹ ਹੱਸ ਹੱਸ ਕੇ ਦੂਹਰੇ-ਤੀਹਰੇ ਹੋਈ ਜਾ ਰਹੇ ਸਨ। ਕਈਆਂ ਨੂੰ ਤਾਂ ਹੱਸਦਿਆਂ ਹੁੱਥੂ ਵੀ ਆ ਗਏ ਸਨ।
ਨਾ ਤਾਂ ਮੈਨੂੰ ਕੁੱਝ ਸਮਝ ਆ ਰਿਹਾ ਸੀ ਤੇ ਨਾ ਹੀ ਉਸ ਪੇਂਡੂ ਨੂੰ, ਉਹ ਮੇਰੇ ਸਾਹਮਣੇ ਹੱਥ ਜੋੜੀ ਖੜਾ ਸੀ।
“ਡਾਕਟਰ ਸਾਹਿਬ ਕਰੋ ਕੋਈ ਹੀਲਾ।”
ਮੈਂ ਉਸਨੂੰ ਕਿਹਾ ਕਿ ”ਭਾਈ ਸਾਹਿਬ ਮੈਂ ਡੰਗਰਾਂ ਦਾ ਨਹੀਂ, ਕਿਤਾਬਾਂ ਦਾ ਡਾਕਟਰ ਹਾਂ। ਡੰਗਰ ਡਾਕਟਰ ਪਹਿਲਾਂ ਕਦੇ ਇੱਥੇ ਰਹਿੰਦਾ ਸੀ। ਹੁਣ ਉਹ ਵਿਦੇਸ਼ ਚਲੇ ਗਿਆ ਹੈ ਤੇ ਉਸਦੀ ਕੋਠੀ ਮੈਂ ਖ਼ਰੀਦ ਲਈ ਹੈ। ਉਹ ਡਾਕਟਰ ਗੱਧਾ ਮਲ ਸੀ। ਮੇਰਾ ਨਾਂ ਡਾਕਟਰ ਪਿਆਜ਼ ਦਾਸ ਹੈ।” ਮੈਂ ਉਸਨੂੰ ਸਮਝਾਉਣ ਦਾ ਯਤਨ ਕਰ ਰਿਹਾ ਸੀ।
ਉਹ ਮੇਰੇ ਵੱਲ ਇਉਂ ਦੇਖ ਰਿਹਾ ਸੀ, ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ। ਉਹ ਫੇਰ ਮੇਰੇ ਕੋਲ ਆ ਕੇ ਕਹਿੰਦਾ,
”ਡਾਕਟਰ ਸਾਹਿਬ ਤੁਸੀਂ ਮਜ਼ਾਕ ਬਹੁਤ ਵਧੀਆ ਕਰਦੇ ਹੋ, ਲੱਗਦੈ ਤੁਸੀਂ ਜ਼ਰੂਰ ਕਮੇਡੀਅਨ ਹੋ। ਹਾਸੇ ਨਾਲ ਹਾਸਾ ਰਿਹਾ, ਤੁਸੀਂ ਮੱਝ ਨੂੰ ਦੇਖੋ।” ਉਸਨੇ ਗੰਭੀਰ ਹੁੰਦਿਆਂ ਕਿਹਾ।
ਮੈਂ ਫਿਰ ਮਾਫ਼ੀ ਮੰਗਦਿਆਂ ਕਿਹਾ,
”ਜਨਾਬ ਮੈਂ ਡਾਕਟਰ ਨਹੀਂ। ਮੈਂ ਤਾਂ ਵਿਦਵਾਨ ਹਾਂ।’
”ਮੈਂ ਵੀ ਸੋਚਾਂ ਕਿ ਇਹ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋਣਗੇ। ਵੈਦ ਜੀ ਤੁਸੀਂ ਤਾਂ ਮੱਝ ਦਾ ਦੇਸੀ ਇਲਾਜ ਕਰ ਸਕਦੇ ਹੋ। ਨਾਲੇ ਦੇਸੀ ਇਲਾਜ ਦਾ ਕੋਈ ਵੀ ਨੁਕਸਾਨ ਨਹੀਂ ਹੁੰਦੈ। ਮੈਂ ਤਾਂ ਤੁਹਾਡਾ ਮਸਤਕ ਦੇਖ ਕੇ ਸਮਝ ਗਿਆ ਸੀ ਕਿ ਤੁਸੀਂ ਜੇ ਡਾਕਟਰ ਨਹੀਂ ਤਾਂ ਵੈਦ ਜ਼ਰੂਰ ਹੋ। ਇਹ ਤੁਸੀਂ ਆਪ ਹੀ ਦੱਸ ਦਿੱਤਾ।”
ਪੇਂਡੂ ਨੇ ਆਪਣਾ ਨਵਾਂ ਰਿਕਾਟ ਲਾ ਲਿਆ।
ਮੈਂ ਕਿਹਾ ”ਭਾਈ ਸਾਹਿਬ, ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ। ਨਾ ਮੈਂ ਡਾਕਟਰ ਹਾਂ ਤੇ ਨਾ ਹੀ ਕੋਈ ਵੈਦ। ਮੈਂ ਤਾਂ ਵਿਦਵਾਨ ਹਾਂ। ਜੇ ਤੁਸੀ ਮੇਰੀ ਕੋਈ ਗੱਲ ਨਹੀਂ ਮੰਨਦੇ ਤਾਂ ਫਿਰ ਮੈਂ ਤੁਹਾਡੀ ਮੱਝ ਦਾ ਇਲਾਜ ਕਰ ਦਿੰਨਾ ਹਾਂ, ਫੇਰ ਤੁਸੀਂ ਮੇਰਾ ਖਹਿੜਾ ਛੱਡ ਸਕਦੇ ਹੋ?”
”ਸਾਡੀ ਮੱਝ ਠੀਕ ਹੋਣੀ ਚਾਹੀਦੀ ਐ, ਅਸੀਂ ਹੋਰ ਕੀ ਚਾਹੁੰਦੇ ਹਾਂ।” ਉਸਨੇ ਤਸੱਲੀ ਨਾਲ ਸਿਰ ਹਿਲਾਉਂਦਿਆਂ ਕਿਹਾ।
”ਪਾਈਆ ਮਿੱਠਾ ਸੋਡਾ, ਗੁੜ ਵਿੱਚ ਲਪੇਟ ਕੇ ਦਿਹਾੜੀ ਵਿੱਚ ਦੋ-ਤਿੰਨ ਵਾਰ ਦੇਣਾ।” ਮੈਂ ਇਹ ਨੁਕਸਾ ਕਿਸੇ ਪੇਂਡੂ ਤੋਂ ਸੁਣਿਆ ਹੋਇਆ ਸੀ, ਉਹ ਉਸਨੂੰ ਦੱਸ ਦਿੱਤਾ। ਉਸਨੇ ਮੇਰੀ ਦਵਾਈ ਸੁਣ ਕੇ ਪੰਜਾਹ ਦਾ ਨੋਟ ਜੇਬ ਵਿੱਚੋਂ ਕੱਢਿਆ ਤੇ ਮੇਰੀ ਤਲੀ ਉੱਤੇ ਟਿਕਾ ਦਿੱਤਾ।
”ਜੇ ਵੈਦ ਜੀ ਮੱਝ ਠੀਕ ਹੋ ਗਈ ਤਾਂ ਅਗਲੇ ਸੂਏ ਦਾ ਜਾਨਵਰ ਤੁਹਾਡਾ।” ਉਹ ਇੰਨੀ ਗੱਲ ਕਰਕੇ ਬਾਹਰ ਨਿਕਲੇ। ਮੈਨੂੰ ਸੁੱਖ ਦਾ ਸਾਹ ਆਇਆ।
ਮੈਂ ਪਹਿਲਾਂ ਅੰਦਰ ਗਿਆ, ਫੇਰ ਬਾਹਰ ਆ ਕੇ ਨੇਮ ਪਲੇਟ ਪੱਟ ਕੇ ਖੜ ਗਿਆ। ਆਪਣੇ ਨਾਂ ਨਾਲੋਂ ਡਾਕਟਰ ਸ਼ਬਦ ਹਟਾਉਣ ਲੱਗ ਪਿਆ। ਇੱਕ ਦਿਨ ਇਉਂ ਹੀ ਕਾਲਜ ਵਿੱਚ ਹੋਇਆ। ਸਾਡੇ ਡਿਪਾਰਟਮੈਂਟ ਵਿੱਚ ਹਰ ਕੋਈ ਇੱਕ-ਦੂਜੇ ਨੂੰ ਡਾਕਟਰ ਕਹਿ ਕੇ ਸੰਬੋਧਨ ਕਰਦੇ ਹਨ, ਨਾਂ ਕੋਈ ਇੱਕ-ਦੂਜੇ ਦਾ ਨਹੀਂ ਲੈਂਦਾ।
ਇੱਕ ਦਿਨ ਅਸੀਂ ਕੰਟੀਨ ਬੈਠੇ ਸੀ ਤਾਂ ਪਤਾ ਨਹੀਂ ਕਾਲਜ ਵਿੱਚ ਉਹ ਕੁੱਤਾ ਕਿਧਰੋਂ ਆਇਆ ਤੇ ਕੰਟੀਨ ਵਿੱਚ ਆ ਵੜਿਆ । ਕੰਟੀਨ ਦਾ ਮਾਲਕ ਨੇ ਜਦ ਕੁੱਤਾ ਦੇਖਿਆ ਤਾਂ ਆਪਣੇ ਨੌਕਰ ਨੂੰ ਬੋਲਿਆ ” ਓ ਕੈਲਿਆ ਆ ਡਾਕਟਰ ਸਾਹਿਬ ਨੂੰ ਕੱਢ ਬਾਹਰ ?” ਕੈਲਾ ਨੇ ਸੋਟੀ ਚੱਕੀ ਤੇ ਕੁੱਤੇ ਦੇ ਢੂੰਹੇਂ ਉਪਰ ਮਾਰੀ ਤੇ ਉਹ ਚਊਂ ਚਊ ਕਰਦਾ ਭੱਜ ਗਿਆ । ਅਸੀਂ ਸਭ ਇੱਕ ਦੂਜੇ ਵੱਲ ਦੇਖ ਕੇ ਹੱਸਦੇ ਬਾਹਰ ਨਿਕਲ ਗਏ ।
ਜਦ ਮੈਂ ਕਲਾਸ ਵਾਲੇ ਕਮਰੇ ਵੱਲ ਨੂੰ ਗਿਆ ਤਾਂ ਕੀ ਹੋਇਆ ?
”ਡਾਕਟਰ ਸਾਹਿਬ! ਆ ਰਚਨਾ, ਵਿਚਰਨਾ, ਸਰੰਚਨਾ ਰੂਪਵਾਦ ਇਹ ਕੀ ਬਲਾ ਹੁੰਦੀ ਹੈ?” ਦੋ-ਤਿੰਨ ਵਿਦਿਆਰਥੀਆਂ ਨੇ ਮੈਨੂੰ ਇਉਂ ਘੇਰ ਲਿਆ, ਜਿਵੇਂ ਕੁੱਤਿਆਂ ਨੇ ਬਿੱਲੀ ਘੇਰੀ ਹੁੰਦੀ ਐ।
ਮੈਨੂੰ ਸਮਝ ਨਾ ਲੱਗੇ ਮੈਂ ਕੀ ਜਵਾਬ ਦੇਵਾਂ, ਮੈਂ ਪੇਸ਼ਾਬ ਕਰਨ ਦੇ ਬਹਾਨੇ ਉੱਥੋਂ ਖਿਸਕ ਗਿਆ ਤੇ ਆਪਣਾ ਅਸਤੀਫ਼ਾ ਲਿਖ ਕੇ ਹੈੱਡ ਨੂੰ ਦੇ ਆਇਆ। ”
ਮੇਰਾ ਅਸਤੀਫ਼ਾ ਤਾਂ ਮਨਜੂਰ ਨਾ ਹੋਇਆ, ਸਗੋਂ ਦਿੱਲੀ ਦੀ ਇਕ ਫਰਮ ਨੇ ਇਕ ਰਸਾਲੇ ਦੇ ਨਾਟਕ ਉੱਤੇ ਅੰਕ ਕੱਢਣ ਲਈ ਮੈਨੂੰ ਆਨਰੇਰੀ ਸੰਪਾਦਕ ਨਿਯੁਕਤ ਕਰ ਦਿੱਤਾ। ਬੱਸ ਫਿਰ ਕੀ ਸੀ। ਆਪਾਂ ਡਾਕਟਰ ਤਲਵਾਰ ਵਾਲੀ ਵਿਧੀ ਨਾਲ ਰਸਾਲਾ ਮਹੀਨੇ ਵਿਚ ਤਿਆਰ ਕਰਕੇ ਫਰਮ ਤੋਂ ਚੈਕ ਲੈ ਕੇ ਬੈਂਕ ਵਿਚ ਜਮਾਂ ਕਰਵਾ ਦਿੱਤਾ।
ਹੁਣ ਮੇਰੇ ਵਿਭਾਗ ਦੇ ਸਾਥੀ ਮੇਰੇ ਵਿਦਵਾਨ ਹੋਣ ਤੋਂ ਖਾਰ ਖਾਂਦੇ ਹਨ। ਕਈ ਤਾਂ ਮੇਰੇ ਖ਼ਿਲਾਫ਼ ਸਾਜਿਸ਼ਾਂ ਵੀ ਘੜਦੇ ਹਨ, ਪਰ ਮੈਨੂੰ ਪਤਾ ਹੈ ਕਿ ਮੈਨੂੰ ਇਕ ਫਰਮ ਨੇ ਵਿਦਵਾਨ ਸਵੀਕਾਰ ਕਰ ਲਿਆ ਹੈ। ਆਪਾਂ ਆਪੇ ਬਣੇ ਵਿਦਵਾਨ ਹਾਂ । ਮੇਰੇ ਵਰਗੇ ਹੋਰ ਵੀ ਕਈ ਸੈਕੜੇ ਹਨ । ਜਿਹੜੇ ਆਪਣੀ ਵਿਦਵਤਾ ਦੇ ਝੰਡੇ ਝੁਲਾ ਰਹੇ ਹਨ । ਆਪਾਂ ਮੋਟੀ ਤਨਖਾਹ ਕੁੱਟੀ ਦੀ ਆ । ਸਾਹਿਤ ਤੇ ਸਿੱਖਿਆ ਆਪਾਂ ਡਿਪਾਰਮੈਂਟ ਤੋਂ ਕੀ ਲੈਣਾ? ਆਪਾਂ ਤਾਂ ਬਦਵਾਨ ਹਾਂ । ਬਦਵਾਨ ਆਂ। ਮੇਰੇ ਵਰਗੇ ਹੋਰ ਬਹੁਤ ਹਨ, ਜਿਹੜੇ ਮੇਰੇ ਵਾਂਗ ਅਠਖੇਲੀਆਂ ਕਰਦੇ ਹਨ, ਬਦਵਾਨੀ ਘੋਟਦੇ ਹਨ।
—++++
ਬੁੱਧ ਸਿੰਘ ਨੀਲੋਂ
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਸਪਾ ਪੰਜਾਬ ਦੇ ਤਾਜਾ ਘਟਨਾਕ੍ਮ ਤੇ ਪ੍ਤੀਕਿਰਿਆ
Next articleਬੁੱਧ-ਵਿਅੰਗ