ਅੰਧੇਰਾ ਕਾਇਮ ਰਹੇ!
ਬੁੱਧ ਸਿੰਘ ਨੀਲੋੰ
(ਸਮਾਜ ਵੀਕਲੀ) ਜਦੋਂ ਤੋਂ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਵਿੱਚ ਹੋਈ ਤੇ ਹੋ ਰਹੀ ਖੋਜ ਦੇ ਬਾਰੇ ਗੈਰ ਸਾਹਿਤਕ ਪੰਜਾਬੀ ਪਿਆਰੇ ਪੁੱਛਦੇ ਹਨ? ਕਿ ਨਕਲ ਮਾਰ ਕੇ ਡਿਗਰੀਆਂ ਲੈਣ ਵਾਲੇ ਕਾਰੋਬਾਰ ਵਿੱਚ ਕੋਈ ਬਦਲਾਅ ਆ ਜਾਵੇਗਾ ? ਜਦ ਦੱਸਦਾ ਕਿ ਉਮੀਦ ਨਹੀਂ ਤਾਂ ਉਹ ਹੈਰਾਨ ਤੇ ਪ੍ਰੇਸ਼ਾਨ ਵੀ ਹੁੰਦੇ ਹਨ। ਜਿਹਨਾਂ ਦੇ ਵਾਰੇ ਇਹ ਲਿਖਿਆ ਹੈ.ਉਹ ਸਭ ਦੰਦੀਆਂ ਕੱਢ ਦੇ ਹਨ। ਬੇਸ਼ਰਮੀ ਦੀਆਂ ਹੱਦਾਂ ਟੱਪ ਗਏ ਜਾਂ ਲੂਣ ਦੀ ਖਾਣ ਵਿੱਚ ਆਪ ਹੀ ਲੂਣ ਹੋ ਗਏ?
ਇਕ ਵਾਰ ਯੂਨੀਵਰਸਿਟੀ ਦੇ ਅਸਿਸਟੈੰਟ ਪ੍ਰੋਫੈਸਰ ਦੀ ਇੰਟਰਵਿਊ ਸੀ, ਜਿਸ ਵਿੱਚ ਪੰਜਾਹ ਦੇ ਕੁਰੀਬ ਉਮੀਦਵਾਰ ਸਨ। ਯੂਨੀਵਰਸਿਟੀ ਦੇ ਅਦਾਰਿਆਂ ਦੇ ਵਿੱਚ ਕਿਵੇਂ, ਕਦੋਂ ਤੇ ਕਿਸ ਦੀਆਂ ਨਿਯੁਕਤੀਆਂ ਹੁੰਦੀਆਂ ਹਨ, ਇਹ ਵੀ ਵੱਖਰੀ ਖੋਜ ਦਾ ਵਿਸ਼ਾ ਹੈ..ਇੰਟਰਵਿਊ ਦੇ ਵਿੱਚ ਮਾਹਿਰਾਂ ਦੇ ਵਲੋਂ ਹਰ ਇਕ ਨੂੰ ਸਵਾਲ ਪੁੱਛਿਆ ਜਾਂਦਾ ਸੀ -” ਜਿੰਨ੍ਹਾਂ ਜਰਨਲਾਂ ਵਿੱਚ ਤੇਰੇ ਖੋਜ ਪੱਤਰ ਪ੍ਰਕਾਸ਼ਿਤ ਹੋਏ ਹਨ, ਉਨ੍ਹਾਂ ਦਾ ਇੰਪੈਕਟ ਫੈਕਟਰ ਕੀ ਹੈ ? ਸਾਈਟੇਸ਼ਨ ਇੰਡੈਕਸ ਕੀ ਹੁੰਦਾ ਹੈ?”
ਕਿਸੇ ਵੀ ਉਮੀਦਵਾਰ ਨੇ ਸਹੀ ਉਤਰ ਨਾ ਦਿੱਤਾ ਤਾਂ ਮਾਹਿਰ ਪ੍ਰੇਸ਼ਾਨ ਹੋ ਗਏ..ਉਨ੍ਹਾਂ ਨੇ ਇੰਟਰਵਿਊ ਪੂਰੀ ਕੀਤੀ ਤੇ ਉਪ ਕੁਲਪਤੀ ਦੇ ਦਫ਼ਤਰ ਸੂਚੀ ਜਮਾਂ ਕਰਵਾ ਦਿੱਤੀ । ਕੁੱਝ ਦੇਰ ਯੂਨੀਵਰਸਿਟੀ ਦੇ ਸੰਚਾਲਕਾਂ ਨੇ ਆਪੋ ਆਪਣਿਆਂ ਚਹੇਤਿਆਂ ਤੇ ਚਹੇਤੀਆਂ ਨੂੰ ਨਿਯੁਕਤੀ ਪੱਤਰ ਦਿਵਾ ਦਿੱਤੇ। ਹੁਣ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਇੰਟਰਵਿਊ ਸੀ, ਇੱਕ ਵਿਭਾਗ ਚਾਰ ਰੱਖਣੇ ਸਨ। ਇੰਟਰਵਿਊ ਹੋਈ। ਦੋ ਉਹ ਰੱਖੇ ਗਏ, ਜਿਹੜੇ ਇੰਟਰਵਿਊ ਦੇਣ ਹੀ ਨੀਂ ਆਏ। ਉਹ ਕਿਸ ਦੇ ਚਹੇਤੇ ਸਨ ? ਇਹ ਖੋਜ ਕਾਰਜ ਦਾ ਵਿਸ਼ਾ ਹੈ ਪਰ ਯੂਨੀਵਰਸਿਟੀ ਦੇ ਵਿੱਚ ਖੋਜ ਕਾਰਜ ਨੂੰ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਖ਼ੈਰ ਆਪਾਂ ਕੀ ਲੈਣਾ ਐ।
ਇੰਟਰਵਿਊ ਤਾਂ ਇਕ ਜ਼ਾਬਤਾ ਸੀ ਜੋ ਯੂ ਜੀ ਸੀ ਦੇ ਨਿਯਮਾਂ ਅਨੁਸਾਰ ਕਰਨਾ ਸੀ। ਕਸੂਰ ਨਾ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬਾਨ ਦਾ ਤੇ ਨਾ ਹੀ ਖੋਜਕਾਰਾਂ ਦਾ ਹੈ। ਕਸੂਰ ਸਿਸਟਮ ਦਾ ਹੈ ਜੋ ਹਰ ਪੰਜ ਸਾਲ ਬਾਅਦ ਗਾਈਡ ਲਾਇਨਜ਼ ਬਦਲ ਦੇੰਦਾ ਹੈ।
ਇਹ ਪੰਜਾਬ ਦੀ ਇਕ ਸਰਕਾਰੀ ਯੂਨੀਵਰਸਿਟੀ ਦੇ ਵਿੱਚ ਉਸ ਵੇਲੇ ਹੋਇਆ ਜਦ ਬਾਦਲ ਭਾਜਪਾ ਦੀ ਸਰਕਾਰ ਸੀ । ਪਤਾ ਲੱਗਾ ਹੈ ਉਸਦੇ ਵਾਰੇ ਹੁਣ ਜਾਂਚ ਹੋ ਰਹੀ ਹੈ ।
ਇਹ ਪੰਜਾਬ ਦੇ ਵਿੱਚ ਹੀ ਨਹੀਂ ਹੋਰਨਾਂ ਰਾਜਾਂ ਵਿੱਚ ਵੀ ਹਨੇਰ ਫੈਲਾਇਆ ਜਾ ਰਿਹਾ ਹੈ ।
ਮੇਘਾਲਿਆ ਦੀ ਸੀ ਐਮ ਜੇ ਯੂਨੀਵਰਸਿਟੀ ਨੇ (2012-13) ਦੇ ਵਿੱਚ ਵਿਸ਼ਵ ਰਿਕਾਰਡ ਬਣਾਇਆ ਜੋ 2010 ਦੇ ਵਿੱਚ ਬਣੀ ਸੀ.ਉਸਨੇ 2013 ਦੇ ਵਿੱਚ ਬਾਬੇ ਨਾਨਕ ਦੇ ਵਾਂਗ ” ਤੇਰਾਂ ਤੇਰਾਂ ” ਹੀ ਤੋਲਿਆ।
ਉਸ ਨੇ 434 ਖੋਜਾਰਥੀਆਂ ਨੂੰ ਪੀਐਚ.ਡੀ.ਦੀਆਂ ਡਿਗਰੀਆਂ ਦਿੱਤੀਆਂ । ਪੰਜਾਬ ਦੀ ਇਕ ਯੂਨੀਵਰਸਿਟੀ ਦੇ ਵਿੱਚ ਹਰ ਸਾਲ ਤਿੰਨ ਹਜ਼ਾਰ ਪੀਐਚ.ਡੀ.ਦੇ ਖੋਜਾਰਥੀ ਰਜਿਸਟਰੇਸ਼ਨ ਹੁੰਦੇ ਹਨ। ਇਕ ਪ੍ਰੋਫੈਸਰ ਦੇ ਕੋਲ ਅੱਠ ਖੋਜਾਰਥੀ ਹੁੰਦੇ ਹਨ। ਪ੍ਰੋਫੈਸਰ ਦੇ ਆਪਣੇ ਰੁਝੇਵੇਂ ਵੀ ਹੁੰਦੇ ਹਨ.ਫੇਰ ਉਹ ਖੋਜਾਰਥੀ ਦੇ ਨਾਲ ਇਨਸਾਫ ਕਿਵੇਂ ਕਰੂ ? ਪਰ ਸਭ ਚੱਲਦਾ ਹੈ ਤੇ ਚੱਲ ਰਿਹਾ ਹੈ। ਖੋਜ ਜਾਰੀ ਹੈ।ਗਿਆਨਹੀਣ ਗਿਆਨ ਵੰਡ ਵੀ ਰਹੇ ਤੇ ਹਾਸਲ ਵੀ ਕਰ ਰਹੇ ਹਨ । ਤਮਾਸ਼ਾ ਜਾਰੀ ਹੈ ।
ਇਹ ਸਭ ਕੁੱਝ ਦੇਖ ਕੇ ਦੂਰਦਰਸ਼ਨ ਤੋਂ ਬਹੁਤ ਦੇਰ ਪਹਿਲਾਂ ਚੱਲਦੇ ਦੇਵਕੀ ਨੰਦਨ ਦੇ ਨਾਵਲਾਂ ” ਚੰਦਰ ਕਾਂਤਾ ” ਦੇ ਅਧਾਰਿਤ ਸੀਰੀਅਲ ਦੇ ਵਿੱਚ ਇਕ ਪਾਤਰ ਜੋ ਖਲਨਾਇਕ ਦੀ ਭੂਮਿਕਾ ਨਿਭਾਉਂਦਾ ਸੀ , ਉਸ ਦਾ ਇਕ ਤਕੀਆ ਕਲਾਮ ਵਰਗਾ ਸੰਵਾਦ ਸੀ ਉਹ ਜਦੋਂ ਬੋਲਦਾ ਤਾਂ ਲੋਕ ਡਰ ਜਾਂਦੇ ਸੀ –
” ਅੰਧੇਰਾ ਕਾਇਮ ਰਹੇ।”
ਹੁਣ ਵੀ ਹਲਾਤ ਉਹੀ ਹਨ । ਹੁਣ ਤੇ ਸਮੇਂ ਦੀ ਸਰਕਾਰ ਹੀ ਕਹਿ ਰਹੀ ਹੈ ਕਿ -” ਅੰਧੇਰਾ ਕਾਇਮ ਰਹੇ”, ਉਹ ਹਨੇਰੇ ਨੂੰ ਹੋਰ ਗਾੜਾ ਕਰਨ ਲਈ ਅੰਧੇ ਕਾਨੂੰਨ ਤੇ ਡਾਂਗ ਦਾ ਸਹਾਰਾ ਲੈ ਰਹੀ ਹੈ। ਫੇਰ ਤੁਸੀਂ ਸਿੱਖਿਆ ਸ਼ਾਸਤਰੀਆਂ ਤੋਂ ਕੀ ਆਸ ਰੱਖਦੇ ਹੋ? ਕਿ ਉਹ ਚਾਨਣ ਦਾ ਛਿੱਟਾ ਦੇਣਗੇ ? ਜਿਹਨਾਂ ਨੂੰ ਖੋਜ ਦੇ ਅਰਥ ਹੀ ਨਹੀਂ ਪਤਾ ਤੇ ਉਹ ਖੋਜ ਕੀ ਕਰਨਗੇ?
ਅਕਸਰ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪਦ ਉਨਤੀ ਤੇ ਨਿਯੁਕਤੀਆਂ ਵੀ “ਸਮਾਰਟ ਡਿਗਰੀਆਂ “ਦੇ ਵਾਂਗ ਹੁੰਦੀਆਂ ਹਨ। ਸਥਾਨਕ ਕਾਲਜ ਪ੍ਰਬੰਧਕ ਕਮੇਟੀਆਂ ਆਪਣੇ ਚਹੇਤਿਆਂ ਨੂੰ ਨੌਕਰੀਆਂ ਦੇ ਕੇ ਕਾਲਜਾਂ ਦੇ ਨਵੇਂ ਝੰਡੇ ਗੱਡ ਰਹੀਆਂ ਹਨ। ਇੰਟਰਨੈੱਟ ਨੇ ਇਹਨਾਂ “ਸਮਾਰਟ ਡਿਗਰੀਆਂ “ਵਾਲਿਆਂ ਨੂੰ ਹੋਰ ਸੌਖਾ ਕਰ ਦਿੱਤਾ ਹੈ। ਸਭ ਕੁੱਝ ਹੀ ਨੈਟ ‘ਤੇ ਪਿਆ ਹੈ। ਬਸ ਚੁੱਕਣ ਤੇ ਪਾਲਿਸ਼ ਕਰਕੇ ਬੇਹੀ ਬਰਫੀ ਤੇ ਚਿੱਟੇ ਵਰਕ ਲਾਉਣ ਦੀ ਲੋੜ ਹੁੰਦੀ ਹੈ। ਜੋ ਇਹ ਕੰਮ ਕਰਨ ‘ਚ ਬਹੁਤ ਪ੍ਰੋਫੈਸਰ ਤੇ ਕੰਪਿਊਟਰ ਮਾਸਟਰ ਹਾਜ਼ਰ ਹਨ। ਮਾਇਆ ਦੇਵੋ ਡਿਗਰੀਆਂ ਲਵੋ ਤੇ ਫੇਰ ਕਿਸੇ ਕਾਲਜ ਵਿੱਚ ਨੌਕਰੀ ਲਵੋ !
ਇਸ ਤਰ੍ਹਾਂ ਇਹ ਸਿਲਸਿਲਾ ਚੱਲ ਰਿਹਾ.ਅੱਜ ਪੰਜਾਬ ਸਿੱਖਿਆ ਸਕੂਲ ਬੋਰਡ ਦੀ ਦਸਵੀਂ ਕਰਨੀ ਮੁਸ਼ਕਿਲ ਹੈ ਪਰ ਪੀਐਚ.ਡੀ ਤੇ ਐਮ.ਫਿਲ. ਕਰਨੀ ਸੌਖੀ ਹੈ। ਵਗੈਰ ਅਕਲ ਦੇ ਨਕਲ ਤੇ ਹੋਰ ਸਾਧਨਾ ਦੇ ਨਾਲ ਲਈਆਂ ਡਿਗਰੀਆਂ ਵਾਲੇ ਸਾਡੇ ਕੌਮ ਦੇ ਨਿਰਮਾਤਾ ਕਿਹੋ ਜਿਹਾ ਸਮਾਜ ਸਿਰਜਣਗੇ ? ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ.। ਹਰ ਸਾਲ ਕਈ ਸੈਕੜੇ ਪੀਐਚ.ਡੀ.ਦੀਆਂ ਡਿਗਰੀਆਂ ਲੈ ਕੇ ਨੌਜਵਾਨ ਆ ਰਹੇ ਹਨ. ਜਿਉ ਜਿਉ ਦੁਨੀਆ ਤਰੱਕੀ ਦੀਆਂ ਮੰਜ਼ਿਲਾਂ ਸਰ ਕਰ ਰਹੀ ਹੈ ਤੇ ਅਸੀਂ ਹਨੇਰ ਵੱਲ ਵੱਧ ਰਹੇ ਹਾਂ .ਇਹ ਸਿਲਸਿਲਾ ਕਦੋਂ ਖਤਮ ਹੋਵੇਗਾ ?
ਜਦੋਂ ਤੱਕ ਪ੍ਰਤੀਵੱਧ ਤੇ ਮਿਹਨਤਕਸ਼ ਖੋਜਾਰਥੀ ਸਾਹਮਣੇ ਨਹੀਂ ਆਉਦੇ। ਕੀ ਇਹ ਅੰਧੇਰਾ ਕਾਇਮ ਰਹੇਗਾ ?
ਹੁਣ ਤਾਂ ਸਰਕਾਰ ਨੇ ਸਿੱਖਿਆ ਅਦਾਰੇ ਹੀ ਬੰਦ ਕਰ ਦਿੱਤੇ ਹਨ । ਅਖੇ ” ਨਾ ਬਾਂਸ ਰਹੇ ਤੇ ਬੰਸਰੀ ਵੱਜੇ !”
ਵਰਗੀ ਗੱਲ ਹੈ…ਨਾ ਕੋਈ ਪੜ੍ਹ ਲਿਖ ਕੇ ਡਿਗਰੀਆਂ ਲਵੇ ਤੇ ਨਾ ਹੀ ਨੌਕਰੀਆਂ ਲੱਭੇ । ਦੇਸ਼ ਨੂੰ ਹਨੇਰ ਵੱਲ ਲੈ ਕੇ ਜਾਣ ਵਿੱਚ ਸਰਕਾਰ ਦੇ ਸਾਰੇ ਹੀ ਅਦਾਰੇ ਸ਼ਾਮਲ ਹਨ । ਹੁਣ ਤਾਂ ਬੱਜਟ ਸੈਸ਼ਨ ਦੇ ਭਾਜਪਾ ਨੇ ਸੰਘ ਪਰਵਾਰ ਦਾ ਗੁਪਤ ਏਜੰਡਾ ਲਾਗੂ ਕਰ ਦਿੱਤਾ। ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ । ਪਹਿਲਾਂ ਘੱਟ ਗਿਣਤੀ ਮੁਸਲਮਾਨ ਭਾਈਚਾਰਾ ਮੁੱਖ ਨਿਸ਼ਾਨੇ ਉਤੇ ਸੀ ਹੁਣ ਸਿੱਖ ਕੌਮ ਤੇ ਪੰਜਾਬ ਦੀ ਵਾਰੀ ਹੈ । ਨੌਜਵਾਨਾਂ ਨੂੰ ਜੜ੍ਹਹੀਣ, ਰੁਜ਼ਗਾਰਹੀਣ, ਦਿਸ਼ਾਹੀਣ, ਭਵਿੱਖ ਹੀਣ ਤੇ ਮਾਨਸਿਕਹੀਣ ਬਣਾਇਆ ਜਾ ਰਿਹਾ ਹੈ । ਅਸੀਂ ਸਭ ਕੁੱਝ ਸਮਝਦੇ ਹੋਏ ਵੀ ਚੁਪ ਹਾਂ । ਹਨੇਰਾ ਵੱਡਾ ਤੇ ਗੂੜ੍ਹਾ ਹੋ ਰਿਹਾ ਹੈ। ਲੋਕਾਂ ਨੂੰ ਰੁਜ਼ਗਾਰ ਹੀਣ ਕਰਕੇ ਭਿਖਾਰੀ ਬਣਾਇਆ ਜਾ ਰਿਹਾ ਹੈ ਤੇ ਅਸੀਂ ਬਣ ਰਹੇ ਹਾਂ ਪਰ ਸਾਨੂੰ ਕਦ ਸਮਝ ਲੱਗੇਗੀ ਕਿ ਸਾਨੂੰ ਮੂਰਖ ਬਣਾਇਆ ਜਾ ਰਿਹਾ ਹੈ ਤੇ ਬਣ ਰਹੇ ਹਾਂ । ਸਾਨੂੰ ਕਦ ਹੋਸ਼ ਆਵੇਗੀ ? ਇਸ ਹਨੇਰ ਦੇ ਖਿਲਾਫ਼ ਕਿਉਂ ਨਹੀਂ ਕੋਈ ਬੋਲਦਾ ? ਸਿੱਖਿਆ ਦੇ ਖੇਤਰ ਵਿੱਚ ਤੋਤਾ ਮਾਰਕਾ ਅਧਿਆਪਕਾਂ ਦੀ ਬਾਦਲ ਰਾਜ ਸਮੇਂ ਭਰਤੀ ਹੋਈ ਸੀ । ਜਿਹਨਾਂ ਕੋਲ ਬੀਐੱਡ ਦੀਆਂ ਡਿਗਰੀਆਂ ਵੀ ਨਕਲੀ ਹਨ ਪਰ ਉਹ ਅਸਲੀ ਸਕੂਲਾਂ ਵਿੱਚ ਪੜ੍ਹਾਉਦੇ ਹਨ । ਕਦੇ ਕਿਸੇ ਯੂਨੀਅਨ ਨੇ ਇਸ ਹਨੇਰ ਦੇ ਵਿਰੁੱਧ ਅਵਾਜ਼ ਨਹੀਂ ਚੁੱਕੀ । ਇਹ ਸਿਲਸਿਲਾ ਕਦ ਤੱਕ ਚੱਲਦਾ ਰਹੇਗਾ ? ਅੰਧੇਰਾ ਕਾਇਮ ਰਹੇ।
ਬੁੱਧ ਸਿੰਘ ਨੀਲੋੰ
ਚਾਂਸਲਰ
ਪੋਲ ਖੋਲ੍ਹ ਕੌਮਾਂਤਰੀ ਯੂਨੀਵਰਸਿਟੀ
ਸਰਹੰਦ ਨਹਿਰ ਕਿਨਾਰੇ
ਨੀਲੋਂ ਕਲਾਂ, ਲੁਧਿਆਣਾ।
9464370823
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly