ਬੁੱਧ ਬਾਣ

ਬੁੱਧ ਸਿੰਘ ਨੀਲੋਂ 

ਆ ਗਏ ਪੱਗਾਂ ਪੋਚਵੀਆਂ ਵਾਲ਼ੇ, ਜ਼ਰਾ ਬਚ ਕੇ ਰਹੀਂ ਗੁਰਨਾਮ ਕੁਰੇ !!

(ਸਮਾਜ ਵੀਕਲੀ) ਸਿਆਣੇ ਕਹਿੰਦੇ ਹਨ ਕਿ ਜਦੋਂ ਧਰਮ ਦਾ ਬੁਰਕਾ ਪਾ ਕੇ ਕੋਈ ਆਜ਼ਾਦੀ ਦੀਆਂ ਗੱਲਾਂ ਕਰੇ ਤਾਂ ਆਪਣੇ ਹੱਥ ਕੱਛਾਂ ਵਿੱਚ ਦੇਈ ਰੱਖੋ। ਹੱਥ ਕੱਟਣ ਵਾਲ਼ੇ ਛੁਰੇ ਬਹੁਤ ਤਿੱਖੇ ਹੁੰਦੇ ਹਨ । ਧਰਮ ਦੀ ਆੜ ਹੇਠ ਲੱਗੀ ਲੜਾਈ ਬਹੁਤ ਨੁਕਸਾਨ ਕਰਦੀ ਹੈ । ਫੇਰ ਦਿਮਾਗ਼ੋਂ ਪੈਦਲ ਮੁੰਢੀਰ ਹਲ਼ਕੇ ਕੁੱਤੇ ਵਾਂਗੂੰ ਵੱਢਣ ਨੂੰ ਫਿਰਦੀ ਹੈ ।੍ਹਸਰਕਾਰੀ ਬੂਟ ਹੁਣ ਫੇਰ ਕਰਨਗੇ, ਜੰਗਲ ਦੇ ਸ਼ੇਰਾਂ ਦਾ ਸ਼ਿਕਾਰ ਤੇ ਫੇਰ ਖੇਡਣਗੇ ਝੂਠ ਮੂਠ ਦਾ ਗੱਤਕਾ। ਹੁਣ ਇਕ ਵਾਰ ਫਿਰ ਪੰਜਾਬ ਨੂੰ ਫੇਰ ਜੰਗ ਦਾ ਮੈਦਾਨ ਬਣਾਉਣ ਦੀਆਂ ਤਿਆਰੀਆਂ ਚੱਲ ਪਈਆਂ ਹਨ। ਉਸੇ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ। ਇਹਨਾਂ ਘਟਨਾਕ੍ਰਮਾਂ ਦੇ ਪਿੱਛੇ ਕੌਣ ਹੈ ਇਸ ਦਾ ਕੋਈ ਪਤਾ ਪਰ ਸਿੱਖ ਤੇ ਹਿੰਦੂ ਵਿਚਕਾਰ ਨਫਰਤ ਪੈਦਾ ਕਰਨ ਲਈ ਪੰਜਾਬ ਮਘਾਇਆ ਜਾ ਰਿਹਾ ਹੈ। ਪੰਜਾਬੀਆਂ ਦੇ ਅੰਦਰ ਬਰਦਾਸ਼ਤ ਕਰਨ ਕਿੰਨਾ ਕੁ ਮਾਦਾ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਕਦੇ ਮੁਹਾਲੀ ਏਅਰਪੋਰਟ ਵਰਗਾ ਥੱਪੜ ਕਾਂਡ ਹੁੰਦਾ ਤੇ ਕਦੇ ਦਰਬਾਰ ਸਾਹਿਬ ਅੰਦਰ ਯੋਗਾ ਕਰਵਾਇਆ ਜਾ ਹੈ। ਹੁਣ ਇਕ ਬੀਬੀ ਨੂੰ ਸੂਰਜ ਉਪਰ ਯਾਤਰਾ ਕਰਵਾਈ ਗਈ। ਹਿੰਦੂ ਉਪਰ ਹਮਲੇ ਹੋ ਰਹੇ ਸਨ। ਪੰਜਾਬ ਦੇ ਲੋਕਾਂ ਧਾਰਮਿਕ ਭਾਵਨਾਵਾਂ ਭੜਕਾਉਣ ਲਈ ਬਲਦੀ ਦੇ ਉਪਰ ਤੇਲ ਪਾਇਆ ਜਾ ਰਿਹਾ ਹੈ। ਕਿਰਦਾਰਾਂ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਇਸ ਸਮੇਂ ਗਰੀਬ ਗੁਰਬੇ ਨੂੰ ਹੁਣ ਆਪਣਾ ਬਚਾਅ ਕਰਨ ਦੀ ਲੋੜ ਹੈ ਕਿਉਂਕਿ ਉਹਨਾਂ ਲਈ ਮੁੱਖ ਮਸਲਾ ਕੁੱਲੀ, ਗੁੱਲੀ ਤੇ ਜੁੱਲੀ ਦਾ ਹੈ, ਉਹ ਨਾ ਧਰਮ ਪੂਰਾ ਕਰ ਸਕਦਾ ਹੈ ਤੇ ਨਾ ਹੀ ਸਰਕਾਰ ਕਰਦੀ ਹੈ। ਧਰਮ ਦਾ ਦੈਂਤ ਹੁਣ ਫਿਰ ਦਹਾੜ ਰਿਹਾ ਹੈ। ਭਗਤ ਸਿੰਘ ਵਰਗੀਆਂ ਪੱਗਾਂ ਬੰਨ੍ਹ ਕੇ ਜਾਂ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾ ਕੇ ਇਨਕਲਾਬੀ ਹੋਣ ਦਾ ਭਰਮ ਤਾਂ ਪਾਲ਼ਿਆ ਜਾ ਸਕਦਾ ਹੈ ਪਰ ਭਗਤ ਸਿੰਘ ਵਰਗੀ ਸੋਚ ਪੈਦਾ ਨਹੀਂ ਕੀਤੀ ਜਾ ਸਕਦੀ । ਪਾਣੀ ਹਮੇਸ਼ਾ ਨੀਵੇਂ ਪਾਸੇ ਵੱਲ ਵਗਦਾ ਹੈ, ਮਾੜੀ ਧਾੜ ਚਮਾਰਾਂ ਤੇ ਹੁੰਦੀ ਹੈ । ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ। ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਹੁੰਦਾ ਹੈ। ਸਦੀਆਂ ਤੋਂ ਇਹੀ ਵਰਤਾਰਾ ਵਰਤਦਾ ਆ ਰਿਹਾ ਹੈ। ਅਨਪੜ੍ਹ ਤੇ ਅੰਨਪਾੜ ਮਹਿਕਮਾ ਹਮੇਸ਼ਾ ਤਸ਼ੱਦਦ ਝੱਲਦਾ ਹੈ । ਕੁਰਬਾਨੀਆਂ ਵੀ ਇਹੋ ਲੋਕ ਦੇਦੇ ਹਨ। ਤਾਕਤਵਰ ਹਮੇਸ਼ਾ ਲੁੱਟਮਾਰ ਕਰਦੇ ਹਨ । ਹੁਣ ਪੰਜਾਬ ਨੂੰ ਇੱਕ ਵਾਰ ਫੇਰ ਬਲ਼ਦੀ ਦੇ ਬੂਥੇ ਧੱਕਿਆ ਜਾ ਰਿਹਾ ਹੈ । ਫੇਸ ਬੁੱਕੀ ਸੂਰਮਿਆਂ ਦੇ ਵੱਗਾਂ ਵੱਲੋਂ ਲੋਕਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ । ਬੁੱਧੀਜੀਵੀ ਵਰਗ ਨੇ ਹਮੇਸ਼ਾ ਦੀ ਤਰ੍ਹਾਂ ਕਿਸੇ ਬੀਬੇ ਰਾਣੇ ਵਾਂਙੂੰ ਚੁੱਪ ਧਾਰੀ ਹੋਈ ਹੈ । ਸੋਸ਼ਲ ਮੀਡੀਆ ਚਟਪਟਾ ਮਸਾਲੇਦਾਰ ਤੜਕਾ ਲਾ ਕੇ ਜ਼ਹਿਰ ਵੰਡਣ ਲੱਗਿਆ ਹੋਇਆ ਹੈ। ਹਾਲਾਤ ਫੇਰ ਉਹੀ ਚਾਰ ਦਹਾਕੇ ਪਹਿਲਾਂ ਵਾਲ਼ੇ ਬਣਾਏ ਜਾਣ ਦੀਆਂ ਕੰਨਸੋਆਂ ਹਨ। ਉਦੋਂ ਵੀ ਸਿੱਖਾਂ ਦੀ ਗੁਲਾਮੀ ਦਾ ਜੂਲ਼ਾ ਗਲ਼ੋਂ ਲਾਹੁਣ ਕੋਈ ਆਇਆ ਸੀ । ਹੁਣ ਫੇਰ ਉਹੀ ਕੁੱਝ ਦੁਰਹਾਇਆ ਜਾ ਰਿਹਾ ਹੈ । ਸਮਾਂ ਬਦਲ ਗਿਆ ਹੈ ਪਰ ਸੋਚ ਉੱਕਾ ਨਹੀਂ ਬਦਲੀ । ਫੇਰ ਸਿਵਿਆਂ ਦੇ ਰਾਹ ਪੈਣ ਦੀ ਤਿਆਰੀ ਹੈ । ਭਰਾ ਮਾਰੂ ਜੰਗ ਵਿੱਚੋਂ ਬਚੇਗਾ ਕੌਣ ਤੇ ਇਸ ਵਿੱਚੋਂ ਖੱਟੀ ਕੌਣ ਕੌਣ ਖੱਟੇਗਾ ? ਇਤਿਹਾਸ ਦਾ ਪਹੀਆ ਹੁਣ ਫੇਰ ਪੁੱਠਾ ਘੁਮਾਇਆ ਜਾ ਰਿਹਾ ਹੈ । ਕੋਈ ਧਰਮ, ਕੋਈ ਸਰਮ, ਕੋਈ ਭਗਤ ਸਿੰਘ, ਕੋਈ ਜਗਤ, ਕੋਈ ਸੁਪਨੇ, ਕੋਈ ਚਿੱਟਾ, ਕੋਈ ਪਾਰਟੀ, ਕੋਈ ਬਾਲਟੀ, ਕੋਈ ਕੌਮ, ਕੋਈ ਪੰਥ ਤੇ ਸੰਗਤ ਤੇ ਸਿਹਤ ਸਿੱਖਿਆ ਤੇ ਰੁਜ਼ਗਾਰ ਵੇਚਣ ਲੱਗਿਆ ਹੋਇਆ ਹੈ। ਪੰਜਾਬ ਚੌੜਾ ਬਾਜ਼ਾਰ ਬਣ ਗਿਆ ਹੈ। ਜਿਥੇ ਗਾਹਕਾਂ ਨੂੰ ਦੁਕਾਨਾਂ ਵਾਲੇ ਧੱਕੇ ਨਾਲ ਅੰਦਰ ਖਿੱਚ ਦੇ ਹਨ। ਪੰਜਾਬ ਸਰਕਾਰ ਦੇ ਵਿਰੁੱਧ ਸੰਘਰਸ਼ ਦੇ ਦੁਕਾਨਦਾਰੀ ਕਰਨ ਵਾਲੀਆਂ ਜਥੇਬੰਦੀਆਂ ਨੇ ਪੱਕੀਆਂ ਚੱਲਦੀਆਂ ਫਿਰਦੀਆਂ ਤੇ ਘੁੰਮਦੀਆਂ ਦੁਕਾਨਾਂ ਬਣਾ ਲਈਆਂ ਹਨ। ਉਹ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੇ ਗਾਏ ਗੀਤ ਉਤੇ ਪਹਿਰਾ ਦਿੰਦੀਆਂ ਹਨ।
ਨੀ‌ ਓਧਰੋਂ ਰੁਮਾਲ ਹਿੱਲਿਆ, ਮੇਰੀ ਏਧਰੋਂ ਉਡੀਕ ਫੁਲਕਾਰੀ, ਨੀ‌ ਉਧਰੋਂ ਰੁਮਾਲ।
ਪਰ ਲੋਕ ਸਮਝਦੇ ਹਨ ਕਿ ਉਹ ਸਾਡੇ ਲਈ ਸੰਘਰਸ਼ ਕਰਦੇ ਹਨ, ਪਰ ਉਹ ਤਾਂ ਆਪਣਾ ਤੋਰੀ ਫੁਲਕਾ ਚਲਾਉਂਦੇ ਹਨ। ਇਸੇ ਕਰਕੇ ਇਹਨਾਂ ਬਾਬਤ ਇਹ ਕਬੀਰ ਜੀ ਦਾ ਸਲੋਕ ਹੈ:
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ {ਪੰਨਾ ੧੩੬੫}
ਬਿਨ ਮਰੇ ਸਵਰਗ ਨਹੀਂ ਦੇਖਿਆ ਜਾ ਸਕਦਾ ।
ਸਵਰਗ ਜਾਣ ਲਈ ਬੁਕਿੰਗ ਸ਼ੁਰੂ ਹੈ।
ਕੌਣ ਕੌਣ ਸਵਰਗ ਦੇਖਣ ਦਾ ਇੱਛੁਕ ਹੈ ??
ਸੂਰਜ ਯਾਤਰਾ ਕਰਨ ਵਾਸਤੇ ਫ੍ਰੀ ਹਵਾਈ ਸੇਵਾ ਸ਼ੁਰੂ ਕੀਤੀ ਗਈ ਹੈ। ਪਹਿਲਾਂ ਆਓ ਤੇ ਬ੍ਰਹਿਮੰਡ ਦੀ ਯਾਤਰਾ ਕਰੋ। ਨੌ ਗ੍ਰਹਿ, ਚੰਦ, ਤਾਰੇ ਮੁਫ਼ਤ ਵਿੱਚ ਦੇਖੋ। ਸੂਰਜ ਯਾਤਰਾ ਕਰਨ ਲਈ ਆਪਣੀ ਪਰਚੀ ਕਟਵਾ ਓ। ਤੇ ਗਾਓ ਦਲਜੀਤ ਦੁਸਾਂਝ ਦਾ ਗੀਤ
ਨੀ ਆ ਗਏ ਪੱਗਾਂ ਪੋਚਵੀਆਂ ਵਾਲੇ, ਮਖਾਂ ਬਚ ਕੇ ਰਹੀਂ ਗੁਰਨਾਮ ਕੁਰੇ।
ਪਰ ਹੁਣ ਗੰਗਾ ਹੀ ਪਹੇਵੇ ਨੂੰ , ਵਗ ਤੁਰੀ ਹੈ। ਸਿਆਣੇ ਆਖਦੇ ਐ, ਸੰਗਤ , ਭੀੜ, ਹੜ੍ਹ, ਭੇਡਾਂ ਬੱਕਰੀਆਂ ਤੇ ਭੁੱਖਿਆਂ ਦਾ ਨਾਂ ਸਿਰ ਹੁੰਦਾ ਹੈ ਤੇ ਪੈਰ ਹੁੰਦੇ ਹਨ। ਇਹ ਤਾਂ ਹਵਾਵਾਂ ਦਾ ਰੁਖ਼ ਦੇਖ ਕੇ ਉਡਦੇ, ਤੁਰਦੇ ਤੇ ਰੁੜਦੇ ਹਨ। ਤਾਹੀਂ ਓ ਤੇ ਇਲਤੀ ਬਾਬਾ ਗਾਲਾਂ ਕੱਢ ਰਿਹਾ ਹੈ।

✍ ਬੁੱਧ ਸਿੰਘ ਨੀਲੋੰ
ਪੋਲ ਖੋਲ੍ਹ ਅੰਤਰ-ਯੂਨੀਵਰਸਿਟੀ
ਸਰਹੰਦ ਨਹਿਰ, ਨੀਲੋਂ ਕਲਾਂ ਲੁਧਿਆਣਾ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article210 ਗ੍ਰਾਮ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਕੀਤਾ ਪੁਲਿਸ ਨੇ ਦੋ ਜਣਿਆ ਨੂੰ ਗ੍ਰਿਫਤਾਰ ।
Next articleਬਸਪਾ ਦੇ ਤਮਿਲਨਾਡੂ ਦੇ ਪ੍ਰਧਾਨ ਐਡਵੋਕੇਟ ਕੇ. ਆਰਮਸਟਰਾਂਗ ਦੀ ਹੱਤਿਆ