ਬੁੱਧ ਬਾਣ

ਸਾਡੀ ਰੀਸ ਕੌਣ ਕਰ ਲਊ?

(ਸਮਾਜ ਵੀਕਲੀ) ਰੁੱਖਾਂ ਤੇ ਕੁੱਖਾਂ ਦੇ ਕਾਤਲ ਪੰਜਾਬੀ!,ਧੀਆਂ ਤੇ ਪੋਤਿਆਂ ਦੇ ਕਾਤਲ ਪੰਜਾਬੀ! ਰਿਸ਼ਤਿਆਂ ਨਾਤਿਆਂ ਦੇ ਕਾਤਲ ਪੰਜਾਬੀ! ਆਪਣੇ ਪੈਰ ਕੁਹਾੜਾ ਮਾਰਨ ਵਾਲੇ ਪੰਜਾਬੀ, ਕਿਰਤ ਨੂੰ ਪਿੱਠ ਵਿਖਾ ਕੇ ਮੁਫ਼ਤ ਦਾ ਛਕਣ ਵਾਲੇ ਪੰਜਾਬੀ, ਮਰਿਆਂ ਦੀਆਂ ਪੈਨਸ਼ਨਾਂ ਖਾਣ ਵਾਲੇ ਪੰਜਾਬੀ। ਡਰ ਗਿਆ ਨੂੰ ਡਰਾਉਣ ਵਾਲੇ ਪੰਜਾਬੀ।ਸੱਤਾ ਦੇ ਇਸ਼ਾਰਿਆਂ ਉਤੇ ਨੱਚਣ ਵਾਲੇ ਪੰਜਾਬੀ। ਅਜੇ ਵੀ ਸੂਰਮੇ ਕਹਾਉਂਦੇ ਆਂ। ਧਰਤੀ  ਨੂੰ ਅੱਗਾਂ ਲਾਉਣ ਵਾਲੇ, ਜੀਵ ਜੰਤ ਮਚਾਉਣ ਵਾਲੇ, ਪਾਣੀ ਮੁਕਾਉਣ ਵਾਲੇ ਅਣਖੀ ਯੋਧੇ। ਭਲਾ ਦੱਸ ! ਸਾਡੀ ਰੀਸ ਕੌਣ ਕਰ ਸਕਦਾ ਹੈ? ਅਸੀਂ ਇੱਕ ਵੱਖਰੀ ਕੌਮ ਆਂ। ਨਾ ਤਖ਼ਤ ਤੇ ਨਾ ਤਾਜ, ਬਣੇ ਆ ਮਹਾਰਾਜ। ਸਾਡੀ ਰੀਸ ਕੌਣ ਕਰ ਲਊ ਸਾਨੂੰ ਰੱਬ ਨੇ ਬਣਾਇਆ ਮਹਾਰਾਜੇ! ਕਿਉਂ ਕੋਈ ਝੂਠ ਐ ?
ਹਰ ਮਨੁੱਖ ਦੀ ਇਹ ਦਿਲੀ ਭਾਵਨਾ ਹੁੰਦੀ ਹੈ ਕਿ ਹੀਰ ਜ਼ਰੂਰ ਜੰਮੇ, ਪਰ ਜੰਮੇ ਕਿਸੇ ਹੋਰ ਦੇ, ਉਹ ਇਸ ਕਰਕੇ ਕਿ ਉਹ ਆਪ ਰਾਂਝਾ ਬਣਕੇ, ਉਸ ਦੇ ਹੱਥਾਂ ਦੀ ਚੂਰੀ ਖਾਵੇ। ਉਸ ਦੀ ਇੱਛਾ ਇਹ ਵੀ ਹੁੰਦੀ ਹੈ ਕਿ ਹੀਰ ਦੇ ਬਾਪ ਦੀਆਂ ਮੱਝਾਂ ਕੋਈ ਹੋਰ ਚਾਰੇ, ਪਰ ਬੇਲਿਆਂ ਵਿੱਚ ਬੰਸਰੀ, ਉਹ ਹੀਰ ਦੇ ਪੱਟ ਉੱਤੇ ਸਿਰ ਰੱਖ ਕੇ ਆਪ ਵਜਾਏ। ਮਨੁੱਖ ਦੇ ਅੰਦਰ ਇਛਾਵਾਂ ਤਾਂ ਬਹੁਤ ਹੁੰਦੀਆਂ ਹਨ ਪਰ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ। ਮਨੁੱਖ ਸੋਚਦਾ ਕੁੱਝ ਹੈ ਤੇ ਵਾਪਰਦਾ ਕੁੱਝ ਹੋਰ ਹੈ, ਇਸੇ ਕਰਕੇ ਉਹ ਉਦਾਸ ਹੁੰਦਾ ਹੈ। ਉਦਾਸ ਹੋਇਆ ਮਨੁੱਖ ਆਪਣੀ ਉਦਾਸੀ ਸ਼ਬਦਾਂ ਰਾਹੀਂ ਦੂਰ ਕਰਦਾ ਹੈ। ਉਹ ਆਪਣੀ ਮਹਿਬੂਬ ਦੇ ਨਾਂ ਖ਼ਤ ਲਿਖਦਾ, ਗ਼ਜ਼ਲਾਂ ਲਿਖਦਾ, ਕਵਿਤਾਵਾਂ ਲਿਖਦਾ, ਕਹਾਣੀਆਂ, ਨਾਵਲ ਵਗੈਰਾ…। ਪਰ ਆਮ ਆਦਮੀ ਬੇਚਾਰਾ ਕੀ ਕਰੇ ? ਉਹ ਇੱਕ ਗ਼ਮ ਵਿਚੋਂ ਨਿਕਲਦਾ ਹੈ, ਝੱਟ ਦੂਜੇ ਵਿੱਚ ਫਸ ਪੈਂਦਾ ਹੈ। ਹਰ ‘ਹੀਰ’ ਦਾ ਇੱਕ ‘ਰਾਂਝਾ’ ਹੁੰਦਾ ਹੈ ਤੇ ਹਰ ਰਾਂਝੇ ਦੀ ਇੱਕ ਹੀਰ ਹੁੰਦੀ ਹੈ। ਇਸ਼ਕ ਹਕੀਕੀ ਤੇ ਮਜਾਜ਼ੀ ਹੁੰਦਾ ਹੈ।’ ਇਸ਼ਕ ਹਕੀਕੀ ਕਿਸੇ ਕਿਸੇ ਨੂੰ ਨਸੀਬ ਹੁੰਦਾ ਹੈ। ਬਹੁ-ਗਿਣਤੀ ਤਾਂ ‘ਇਸ਼ਕ ਮਜਾਜ਼ੀ’ ਕਰਦੀ ਹੈ ਪਰ ਗੱਲਾਂ ‘ਇਸ਼ਕ ਹਕੀਕੀ’ ਦੀਆਂ ਕਰਦੀ ਹੈ। ਪਰ ਅੱਜ-ਕੱਲ੍ਹ ਸਾਰਾ ਸੰਸਾਰ  ਵਿਗਿਆਨਕ ਤਕਨੀਕ ਦੇ ਰਾਹੀਂ ਪਿੰਡ ਬਣ ਗਿਆ ਹੈ। ਹੁਣ ਤੁਸੀਂ ਆਪਣੇ ਘਰ ਬੈਠੇ ਹੀ ਦੁਨੀਆਂ ਦੇ ਕਿਸੇ ਵੀ ਬੇਲੇ ਵਿੱਚ ਬੈਠੀ ਕਿਸੇ ਹੀਰ ਨੂੰ ਤਲਾਸ਼ ਸਕਦੇ ਹੋ ਪਰ ਤੁਹਾਡੇ ਕੋਲ ਤਲਾਸ਼ ਕਰਨ ਦੀ ਜਾਚ ਹੋਣ ਚਾਹੀਦੀ ਹੈ। ਹੁਣ  ਤੁਹਾਨੂੰ ਬੰਸਰੀ ਦੀ ਲੋੜ ਨਹੀਂ  ਹੈ, ਨਾ ਚੂਰੀ ਦੀ। ਅੱਜ-ਕੱਲ੍ਹ  ਤੁਸੀਂ ਬੰਸਰੀ ਨਾਲ ਹੀਰ ਨੂੰ ਨਹੀਂ ਕੀਲ ਸਕਦੇ, ਅੱਜ-ਕੱਲ੍ਹ  ਤਾਂ ਮੋਬਾਇਲ ਦੀ ਰਿੰਗ ਟੋਨ ਹੀ ਹੀਰ ਲਈ ਬੰਸਰੀ ਹੈ। ਇਸੇ ਕਰਕੇ ਟੁੱਟਗੀ ਤੜੱਕ ਕਰਕੇ ਦੀਆਂ ਗੱਲਾਂ ਸੱਥਾਂ ਤੋਂ ਅਦਾਲਤਾਂ ਤੱਕ ਪੁਜ ਰਹੀਆਂ  ਹਨ। ਵਿਆਹ ਹੁੰਦੇ ਹਨ ਕੁੱਝ ਸਮਿਆਂ ਬਾਅਦ ਤਲਾਕ। ਚੂਰੀ ਬਣਾਉਣੀ ਤਾਂ ਇਨ੍ਹਾਂ ਹੀਰਾਂ ਨੂੰ ਆਉਂਦੀ ਨਹੀਂ ਤੇ ਨਾ ਹੀ ਅੱਜ-ਕੱਲ੍ਹ ਦੇ ਰਾਂਝੇ ਚੂਰੀ ਖਾਣਾ ਪਸੰਦ ਕਰਦੇ ਹਨ। ਫਾਸਟ-ਫੂਡ ਨੇ ਇਨ੍ਹਾਂ ਚੂਰੀਆਂ ਦੀ ਥਾਂ ਲੈ ਲਈ ਹੈ। ਲੋੜ ਤਾਂ ਹੁਣ ਸ਼ਬਦਾਂ, ਉਤਮ ਸੁਪਨਿਆਂ,ਉਤਮ ਗੱਲਾਂ ਦੀ ਹੈ ਤਾਂ ਕਿ ਤੁਸੀਂ ਸ਼ਬਦਾਂ ਰਾਹੀਂ ਆਪਣੀ ਹੀਰ ਦਾ ਢਿੱਡ ਭਰ ਸਕੋ। ਅੱਜ-ਕੱਲ੍ਹ ਦੀਆਂ ਹੀਰਾਂ ਨੂੰ ਭੁੱਖ ਵੀ ਘੱਟ ਲੱਗਦੀ ਹੈ। ਹੁਣ ਦੀਆਂ ਹੀਰਾਂ ਅੰਦਰ ‘ਸੇਕ’ ਕਦੇ ਵੱਧ ਰਿਹਾ ਹੈ, ‘ਕੱਦ’ ਘੱਟ ਰਿਹਾ ਹੈ। ਦੂਜੇ ਪਾਸੇ ਰਾਂਝਿਆਂ ਅੰਦਰ ਲਲਕ ਵੱਧ ਰਹੀ ਹੈ ਤੇ ਤਾਕਤ ਘੱਟ ਰਹੀ ਹੈ। ਇਸੇ ਕਰਕੇ ਹੁਣ ਰਾਂਝੇ ਹੀਰਾਂ ਮਗਰ ਨਹੀਂ, ਬਲਕਿ ਹੀਰਾਂ ਰਾਂਝਿਆਂ ਮਗਰ ਭੱਜਦੀਆਂ ਫਿਰਦੀਆਂ ਹਨ। ਉਨ੍ਹਾਂ ਦੀ ਹਾਲਤ ਉਸ ਮਛੇਰੇ ਵਰਗੀ ਹੁੰਦੀ ਹੈ, ਜਿਸ ਨੂੰ ਸਮੁੰਦਰ ਵਿੱਚ ਫਿਰਦੀਆਂ ਮੱਛੀਆਂ ਤਾਂ ਬਹੁਤ ਦਿਖਦੀਆਂ ਹਨ ਪਰ ਜਾਲ ਵਿਚ ਨਹੀਂ ਫਸਦੀਆਂ।ਇਹ ਫਸਣ ਤੇ ਨਿਕਲਣ ਦਾ ਅਜਿਹਾ ਚੱਕਰ ਹੈ, ਜਿਸ ਵਿੱਚ ਸਾਰੀ ਜ਼ਿੰਦਗੀ ਰਾਂਝੇ ਤੇ ਹੀਰਾਂ ਉਲਝੇ ਰਹਿੰਦੇ ਹਨ। ਉਨ੍ਹਾਂ ਦੀ ਹਾਲਤ ਉਹ ਚੱਕਰਵਿਊ ਵਿੱਚ ਫਸੇ ਮਨੁੱਖ ਵਰਗੀ ਹੁੰਦੀ ਹੈ, ਜਿਹੜਾ ਨਿਕਲਣਾ ਤਾਂ ਬਾਹਰ ਮੈਦਾਨ ਵਿੱਚ ਚਾਹੁੰਦਾ ਹੈ, ਪਰ ਫਸ ਕਿਸੇ ਹੋਰ ਥਾਂ ਜਾਂਦਾ ਹੈ। ਫਸਣਾ-ਨਿਕਲਣਾ ਜ਼ਿੰਦਗੀ ਦਾ ਅਜਿਹਾ ਚੱਕਰ ਹੈ, ਜਿਸ ਦੁਆਲੇ ਸਾਰੀ ਸ੍ਰਿਸ਼ਟੀ ਘੁੰਮਦੀ ਹੈ। ਜਿਵੇਂ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਬਸ ਉਵੇਂ ਹੀ ਰਾਂਝਾ ਹੀਰ ਦੁਆਲੇ ਤੇ ਹੀਰ ਰਾਂਝੇ ਦੁਆਲੇ ਘੁੰਮਦੀ ਰਹਿੰਦੀ ਹੈ। ਸਮਾਂ ਪੈਣ ਨਾਲ ਥਾਵਾਂ, ਰਾਝੇ ਹੀਰਾਂ ਦੇ ਰੂਪ ਬਦਲ ਜਾਂਦੇ ਹਨ। ਪਰ ਉਹ ਭਟਕਣਾ ਵਿੱਚ ਉਵੇਂ ਫਸੇ ਰਹਿੰਦੇ ਹਨ, ਜਿਵੇਂ ਉਨਾ ਦੇ ਪੁਰਖੇ ਫਸੇ ਸੀ।ਕਈ ਵਾਰ ਇਹ ਹੁੰਦਾ ਹੈ ਕਿ ਅਸੀਂ ਘੁੰਮ ਤਾਂ ਸ਼ਹਿਰ ਵਿੱਚ ਇੱਕ ਅਜਿਹੇ ਭੀੜ-ਭੱੜਕੇ ਵਾਲੇ ਬਾਜ਼ਾਰ ਵਿੱਚ ਹੁੰਦੇ ਹਾਂ, ਪਰ ਸਾਡਾ ਮਨ ਕਿਸੇ ਦੀ ਤਲਾਸ਼ ਵਿੱਚ ਕਿਤੇ ਹੋਰ ਭਟਕ ਰਿਹਾ ਹੁੰਦਾ ਹੈ। ਇਹ ਤਲਾਸ਼ ਹੀ ਹੈ ਜਿਹੜੀ ਹਰ ਮਨੁੱਖ ਨੂੰ ਭਜਾਈ ਫਿਰਦੀ ਹੈ। ਇਸ ਤਲਾਸ਼ ਵਿੱਚ ਮਨੁੱਖ ਇੱਧਰ-ਉਧਰ ਭਟਕਦਾ ਹੈ। ਉਸਨੂੰ ਕਿਧਰੇ ਸਕੂਨ ਨਹੀਂ ਮਿਲਦਾ, ਜੇ ਕਿਤੇ ਠੰਢੀ ਥਾਂ ਹੇਠ ਬਹਿ ਕੇ ਕਿਸੇ ਸੰਗ ‘ਆਈਸ ਕਰੀਮ’ ਖਾ ਲੈਂਦਾ ਹੈ, ਤਾਂ ਉਸ ਅੰਦਰ ਇੱਕ ਤਲਾਸ਼ ਉਭਰ ਆਉਂਦੀ ਹੈ, ਅਸਲ ਵਿੱਚ ਜਿੰਨੀਆਂ ਵੀ ਠੰਢੀਆਂ ਚੀਜ਼ਾਂ ਹੁੰਦੀਆਂ ਹਨ, ਉਨ੍ਹਾਂ ਅੰਦਰ ਗਰਮੀ, ਸੇਕ, ਤਪਸ਼, ਊਰਜਾ ਵਧੇਰੇ ਹੁੰਦੀ ਹੈ। ਕਈ ਵਾਰ ਅਸੀਂ ਗਰਮ ਥਾਂ ਉਤੇ ਹੱਥ ਰੱਖਦੇ ਤਾਂ ਉਹ ਠੰਢਾ ਹੋ ਜਾਂਦਾ ਹੈ ਜਦੋਂ ਕਿਤੇ ਕਿਸੇ ਠੰਢੀ ਥਾਂ ਹੱਥ ਰੱਖਦੇ ਹਾਂ ਤਾਂ ਉਹ ਪਾਣੀ ਬਣ ਕੇ ਵਹਿ ਤੁਰਦਾ ਹੈ। ਜਿਹੜਾ ਵਹਿੰਦਾ ਹੈ, ਵਗਦਾ ਹੈ, ਉਹ ਪਾਣੀ ਸਦਾ ਨਿਰਮਲ ਰਹਿੰਦਾ ਹੈ, ਹੁੱਕ ਗਿਆ ਪਾਣੀ, ਹਮੇਸ਼ਾ ਮੁਸ਼ਕ ਮਾਰਦਾ ਹੈ। ਵਿਸ਼ਵੀਕਰਨ ਨੇ ਅੱਜ-ਕੱਲ੍ਹ ਹੀਰਾਂ ਦੇ ਰਾਂਝਿਆਂ ਦਾ ਕੰਮ ਹੋਰ ਵੀ ਸੌਖਾ ਕਰ ਦਿੱਤਾ ਹੈ। ਮੋਬਾਇਲ ਫੋਨ ਨੇ ਦੂਰੀਆਂ ਤਾਂ ਘਟਾ ਦਿੱਤੀਆਂ ਹਨ ਨਾਲ ਹੀ ਬੇਲਿਆਂ ਵਿੱਚ ਮਿਲਣ ਦੀਆਂ ਥਾਵਾਂ ਵੀ ਹੁਣ ਕੈਫ਼ਿਆਂ ਤੇ ਰੈਸਟੋਰੈਂਟਾਂ ਵਿੱਚ ਬਦਲ ਗਈਆਂ ਹਨ। ਤੁਸੀ ਕਿਸੇ ਸ਼ਹਿਰ ਦੀ ਸੜਕ ਕਿਨਾਰੇ ਖੜ ਕੇ ਕੁੱਝ ਪਲ ਲਈ ਸੜਕ ਉੱਤੇ ਭੱਜੇ ਜਾਂਦੇ ਮਸ਼ੀਨ ਬਣੇ ਉਨਾ ਹੀਰਾ ਰਾਂਝਿਆਂ ਨੂੰ ਦੇਖਣ ਸਮਝਣ ਦਾ ਯਤਨ ਕਰੋ ਤਾਂ ਤੁਹਾਡੀਆਂ ਅੱਖਾਂ ਅੱਗੇ ਇੱਕ ਉਹ ਸੱਚ ਆ ਜਾਵੇਗਾ, ਜਿਹੜਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ। ਸੋਚਣ ਦਾ ਕੰਮ ਹੁਣ ਰਾਂਝਿਆਂ ਤੇ ਹੀਰਾਂ ਦਾ ਨਹੀਂ ਉਨ੍ਹਾਂ ਦੇ ਲਛਮਣ ਵਰਗੇ ਵੀਰਾਂ ਤੇ ਇੱਛਰਾਂ ਵਰਗੀਆਂ ਮਾਵਾਂ ਦਾ ਹੈ। ਇਹ ਨਵੇਂ ਰਾਂਝੇ, ਇਹ ਆਧੁਨਿਕ ਹੀਰਾਂ ਕਿਧਰ ਨੂੰ ਕਿਸ ਦੀ ਤਲਾਸ਼ ਵਿੱਚ ਦੌੜ ਰਹੀਆਂ ਹਨ। ਜਾਂ ਫਿਰ ਉੱਥੇ ਹੀ ਸਥਿਰ ਹਨ। ਇਹ ਤਾਂ ਸਮਾਂ ਹੀ ਦੱਸੇਗਾ, ਤੁਸੀਂ ਏਨਾਂ ਚਿਰ ਕਿਸੇ ਬਾਜ਼ਾਰ ਵਿੱਚ ਫਿਰਦੀਆਂ ਭਟਕਦੀਆਂ ਰੂਹਾਂ ਦੇ ਦਰਸ਼ਨ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਅੱਜ-ਕੱਲ੍ਹ ਦੇ ਹੀਰ-ਰਾਂਝੇ ਕਿਧਰ ਨੂੰ ਜਾ ਰਹੇ ਹਨ? ਇਸ ਦੀ ਸਮਝ ਨੀ  ਆ ਰਹੀ? ਜੁਆਨੀ ਨੇ ਸੱਤਾਧਾਰੀਆਂ ਦੇ ਗੱਲ ਅੰਗੂਠਾ ਦੇਣ ਦੀ ਵਜਾਏ ਮਾਪਿਆਂ ਦੇ ਗਲ ਦੇ ਰਹੇ ਹਨ। ਉਲਟੀ ਗੰਗਾ ਪਹੇਵੇ । ਕੀ ਬਣੂੰ ਸਮਾਜ ਦਾ ? ਕੀ ਰਿਸ਼ਤੇ ਪੈਸੇ ਦੇ ਰਹਿਗੇ ਹਨ ? ਪਿਆਰ ਤੇ ਵਿਆਹ ਵਪਾਰ ਬਣ ਗਿਆ! ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ ? ਜ਼ਿੰਦਗੀ ਦੀ ਜੰਗ ਕਿਸ ਨਾਲ ਲੜੀ ਜਾ ਰਹੀ ਹੈ? ਹੁਣ ਪਿਤਰੀ ਸੱਤਾ ਵੀ ਟੁੱਟ ਰਹੀ ਐ। ਮਰਦ ਪ੍ਰਧਾਨ ਸਮਾਜ ਸੋਚ ਰਿਹਾ ਹੁਣ ਕੀ ਬਣੂੰਗਾ ? ਅਸੀਂ ਰੁੱਖਾਂ ਤੇ ਕੁੱਖਾਂ ਦੇ, ਧੀਆਂ ਪੋਤਿਆਂ ਦੇ, ਰਿਸ਼ਤਿਆਂ ਦੇ ਕਾਤਲ ਹਾਂ। ਪਰ ਕਾਤਲ ਨਹੀਂ ਸਗੋਂ ਅਸੀਂ ਤਾਂ ਸੂਰਮਿਆਂ ਤੇ ਯੋਧਿਆਂ ਦੀ ਕੌਮ ਆਂ। ਸਾਡੀ ਰੀਸ ਕੌਣ ਕਰ ਲਊ, ਸਾਨੂੰ ਰੱਬ ਬਣਾਇਆ ਮਹਾਰਾਜੇ। ਪਰ ਅਸਲੀਅਤ ਕੁਝ ਹੋਰ ਹੈ। ਫੁਕਰਿਆਂ ਦੀ ਨਸਲ ਵੀ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ। ਆਉਣ ਵਾਲੀਆਂ ਨਸਲਾਂ ਤੇ ਫਸਲਾਂ ਖਤਮ ਕਰਨ ਸੂਰਮੇ,  ਚਾਬੀ ਵਾਲੇ ਖਿਡਾਉਣੇ ਆਂ। ਸਾਡੇ ਅੰਦਰਲਾ ਮਨੁੱਖ ਮਰ ਗਿਆ ਹੈ। ਅਸੀਂ ਗਲੀਆਂ ਸੜੀਆਂ ਲਾਸ਼ਾਂ ਦੀਆਂ ਅਰਥੀਆਂ ਚੁੱਕੀ ਫਿਰਦੇ ਹਾਂ। ਸਾਡੀਆਂ ਭਾਵਨਾਵਾਂ ਨੂੰ ਭੜਕਾਉਣ ਜਦੋਂ ਮਰਜ਼ੀ ਤੀਲੀ ਲਗਾ ਦਿਓ। ਸਾਡੀ ਅਣਖ ਦੱਬੀਆਂ ਕੁਚਲੀਆਂ ਕੌਮਾਂ ਉਤੇ ਬਹੁਤ ਛੇਤੀ ਜਾਗਦੀ ਐ। ਪਰ ਜੇ ਸਾਹਮਣੇ ਬਰਾਬਰ ਦਾ ਹੋਵੇ ਤਾਂ ਸਾਡੇ ਚੱਡਿਆਂ ਵਿੱਚ ਪੂੰਛ ਫਸਾ ਜਾਂਦੀ ਐ। ਫੋਕੀ ਨਾਲ ਗਿੱਟੇ ਲਿਬੜ ਜਾਂਦੇ ਹਨ।
ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ । ਪੱਥਰ ਯੁੱਗ ਤੇ ਜੰਗਲੀ ਯੁਗ ਵਿੱਚ ਔਰਤ ਘਰ ਦੀ ਮਾਲਕਣ ਹੁੰਦੀ ਸੀ। ਆਧੁਨਿਕ ਦੌਰ ਵਿੱਚ ਮਨੁੱਖ ਦੇ ਹੱਥ ਸ੍ਰਿਸ਼ਟੀ ਆਉਣ ਕਰਕੇ ਔਰਤ ਹਾਸ਼ੀਏ ਤੇ ਚਲੀ ਗਈ ਸੀ। ਪਰ ਹੁਣ ਫਿਰ ਔਰਤ ਦੇ ਹੱਥ ਬਾਜੀ ਆ ਗਈ ਹੈ। ਪਹਿਲਾ ਪੰਜਾਬੀ ਆਪਣਾ ਘਰ ਵਸਾਉਣ ਲਈ ਮੁੱਲ ਦੀਆਂ ਔਰਤਾਂ ਲੈ ਕੇ ਆਉਂਦੇ ਸੀ ਤੇ ਅੱਜ ਕੱਲ ਕੁੜੀਆਂ, ਮੁੰਡੇ ਖਰੀਦਦੀਆਂ ਨੇ। ਪਿਛਲੇ ਸਮਿਆਂ ਵਿੱਚ ਆਈਲੈਟਸ ਨੇ ਇਸ ਤਰ੍ਹਾਂ ਦੇ ਵਪਾਰ ਨੂੰ ਬਹੁਤ ਹਵਾ ਦਿੱਤੀ ਇਸ ਨਾਲ ਬਹੁਤ ਦੇ ਘਰ ਵਸ ਵੀ ਗਏ ਤੇ ਬਹੁਤ ਪੱਟੇ ਵੀ ਗਏ। ਸਮਾਜ ਵਿੱਚ ਜੋ ਕੁਝ ਵਾਪਰ ਰਿਹਾ ਹੈ ਇਹ ਆਮ ਵਿਅਕਤੀ ਦੀ ਸਮਝ ਤੋਂ ਬਾਹਰ ਹੈ। ਜਿਸ ਤਰ੍ਹਾਂ ਹੁਣ ਵਢਾਈ ਦੀ ਰੁੱਤ ਵੇਲੇ ਮੌਸਮ ਵਿਗੜਿਆ ਫਿਰਦਾ ਇਸੇ ਤਰ੍ਹਾਂ ਮਨੁੱਖ ਦੀ ਹਾਲਤ ਬਣੀ ਹੋਈ ਹੈ। ਉਸ ਦਾ ਵੀ ਮੌਸਮ ਵਾਂਗ ਕੋਈ ਭਰੋਸਾ ਨਹੀਂ ਕਦੋਂ ਬਦਲ ਜਾਵੇ। ਮੌਸਮ ਬਦਲਣਾ ਕੁਦਰਤੀ ਵਰਤਾਰਾ ਹੈ ਪਰ ਜਿਸ ਤਰ੍ਹਾਂ ਮਨੁੱਖ ਨੇ ਲਾਲਚ ਵੱਸ ਹੋ ਕੇ ਧਰਤੀ ਦਾ ਤਵਾਜਨ ਵਿਗਾੜਿਆ ਹੈ ਇਸ ਦਾ ਖਮਿਆਜਾ ਸਮੁੱਚੀ ਲੁਕਾਈ ਨੂੰ ਭੁਗਤਣਾ ਪੈ ਰਿਹਾ ਹੈ। ਕੁਝ ਕੁ ਮਨੁੱਖਾਂ ਦੀ ਲਾਲਸਾ ਨੇ ਸਾਰੀ ਮਨੁੱਖਤਾ ਨੂੰ ਵੰਝ ਤੇ ਚਾੜ ਦਿੱਤਾ ਹੈ। ਹੁਣ ਬਹੁਤ ਜਿਆਦਾ ਗਰਮੀ ਪੈਣ ਲੱਗ ਪਈ ਹੈ, ਸਰਦੀ ਤਾਂ ਕੁਝ ਹਫਤਿਆਂ ਦੀ ਹੀ ਰਹਿ ਗਈ ਹੈ। ਇਹ ਬਦਲ ਰਿਹਾ ਮੌਸਮ ਮਨੁੱਖ ਦੀ ਹੋਂਦ ਨੂੰ ਇੱਕ ਦਿਨ ਤਬਾਹ ਕਰ ਦੇਵੇਗਾ। ਅਸੀਂ ਜਾਗਦੇ ਹੋਏ ਵੀ ਸੁੱਤੇ ਪਏ ਹਾਂ ਸਾਡੀ ਚੇਤਨਾ ਨੂੰ ਚਿੱਟੀ ਸਿਉਂਕ ਤੇ ਸਿਆਸੀ ਗੜੇ ਮਾਰ ਤਬਾਹ ਕਰ ਰਹੀ ਹੈ। ਮਨੁੱਖ ਨੂੰ ਹੋਸ਼ ਕਦੋਂ ਆਵੇਗੀ ਇਹ ਤਾਂ ਹੁਣ ਉਹੀ ਜਾਣਦਾ ਹੈ ਜਿਸ ਨੇ ਇਸ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ।


ਬੁੱਧ ਸਿੰਘ ਨੀਲੋਂ
94643-70823 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਦਾ ਮੰਗ ਪੱਤਰ ਪ੍ਰਵਾਨ
Next articleਰੱਬ ਜਵਾਕ ਦੇ ਦਿੰਦਾ