ਬੁੱਧ ਬਾਣ

ਬੁੱਧ ਸਿੰਘ ਨੀਲੋੰ

(ਸਮਾਜ ਵੀਕਲੀ)

ਸੱਦੀ ਹੋਈ ਮਿੱਤਰਾਂ ਦੀ ਪੈਰ, ਜੁੱਤੀ ਨਾ ਪਾਵਾਂ !

ਪੰਜਾਬ ਦੀ ਲੋਕ ਬੋਲੀ ਹੈ ਕਿ ;
“ਲੋਟਣ ਮਿੱਤਰਾਂ ਦਾ, ਨਾਮ ਚੱਲਦਾ ਗੋਬਿੰਦੀਏ ਤੇਰਾ !”

ਇਸਦੇ ਅਰਥ ਉਹੀ ਜਾਣਦੇ ਹਨ, ਜਿਹਨਾਂ ਨੇ ਲੋਟਣ ਬਣਾਇਆ ਤੇ ਪਹਿਨਾਇਆ ਹੋਵੇਗਾ। ਸਾਨੂੰ ਇਸਦੇ ਅਰਥ ਨਹੀਂ ਪਤਾ ਪਰ ਅਰਥਾਂ ਦੇ ਅਰਥ ਕਰਦਿਆਂ ਮਨ ਹੀ ਉਦਾਸ ਹੈ ਤੇ ਬਾਕੀ ਸਭ ਖ਼ੈਰ ਸਲ੍ਹਾ । ਪਿਆਰੇ ਮੋਹਨ ਭੰਡਾਰੀ ਜੀ ਦੀ ਕਹਾਣੀ “ਸਭ ਸੁੱਖ ਸਾਂਦ ਹੈ !” ਯਾਦ ਆ ਗਈ ਜਿਸਦੇ ਵਿੱਚ ਫੌਜਣ ਘਰ ਦੇ ਦੁਖ ਸੁਖ ਦੱਸਦੀ ਹੈ ਤੇ ਆਖਿਰ ਵਿੱਚ ਹਰ ਵਾਰੀ ਕਹਿ ਦੇਂਦੀ ਹੈ ਕਿ ਭਾਈ ਲਿਖ ਦੇ “ਹੋਰ ਸਭ ਸੁੱਖ ਸਾਂਦ ਹੈ !” ਪਰ ਪੰਜਾਬੀ ਸਾਹਿਤ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਬਹੁਤ ਖ਼ਤਰਨਾਕ ਹੈ । ਉਹ ਲੋਕ ਹੀ ਚਾਰੇ ਪਾਸੇ ਛਾ ਰਹੇ ਹਨ ਜਿਹਨਾਂ ਦੇ ਪੱਲੇ ਕੱਖ ਨਹੀਂ । ਉਹ ਇਕ ਦੂਜੇ ਦਾ ਸਨਮਾਨ ਕਰੀ ਜਾ ਰਹੇ ਹਨ। ਇਹ ਸਭ ਕੁਝ ਪੰਜਾਬ ਦੀ ਉਸ ਧਰਤੀ ‘ਤੇ ਹੋ ਰਿਹਾ ਹੈ ਜਿਸ ਨੂੰ ਕਦੇ ਗੁਰੂਆਂ, ਪੀਰਾਂ, ਭਗਤਾਂ, ਫ਼ਕੀਰਾਂ, ਸੂਫ਼ੀ ਸੰਤਾਂ, ਦੇਸ਼ ਭਗਤਾਂ, ਯੋਧਿਆਂ ਦਾ ਦੇਸ਼ ਆਖਦੇ ਹੁੰਦੇ ਸੀ।

ਪਰ ਮੁਰਾਰੀ ਲਾਲ ਆਖਦਾ ਹੈ ਕਿ ‘ਇੱਥੇ ਦੇਸ਼ ਭਗਤਾਂ ਨਾਲ਼ੋਂ ਗਦਾਰਾਂ ਦੀ ਕਤਾਰ ਵੱਡੀ ਹੈ, ਐਵੇਂ ਨਾ ਇਸ ਦੀਆਂ ਸਿਫ਼ਤਾਂ ਕਰੀ ਜਾ।’ ਅੱਜ ਉਹ ਹੀ ਗਦਾਰ ਕੁਰਸੀਆਂ ਉਤੇ ਬਿਰਾਜਮਾਨ ਹਨ ਜਿਹੜੇ ਦੇਸ਼ ਦੀ ਵੰਡ ਵੇਲ਼ੇ ਅੰਗਰੇਜ਼ਾਂ ਦੇ ਨਾਲ਼ ਸਨ, ਉਸ ਤੋਂ ਪਹਿਲਾਂ ਮੁਗਲਾਂ ਦੇ ਝੋਲ਼ੀ ਚੁੱਕ ਸਨ । ਇਸ ਧਰਤੀ ‘ਤੇ ਚਾਰ ਵੇਦ, ਮਹਾਂਭਾਰਤ, ਰਾਮਾਇਣ,ਭਗਵਤ ਗੀਤਾ,, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੂਫ਼ੀਵਾਦ, ਕਿੱਸੇ, ਬੋਲੀਆਂ, ਗੀਤ, ਕਥਾ ਕਹਾਣੀਆਂ, ਨਾਵਲ ਤੇ ਸਾਹਿਤ ਦੀ ਹਰ ਵਿਧਾ ਦੀਆਂ ਲਿਖਤਾਂ ਲਿਖੀਆਂ ਗਈਆਂ ਹਨ। ਪਰ ਹੁਣ ਪੰਜਾਬੀ ਸਾਹਿਤ ਦੇ ਵਿੱਚ ਨਕਲੀ ਲੇਖਕਾਂ ਦੀ ਗਿਣਤੀ ਰੂੜੀ ਦੇ ਢੇਰ ਵਾਂਗੂੰ ਵਧੀ ਜਾ ਰਹੀ ਹੈ। ਹਰ ਗ੍ਰੰਥ ਤੇ ਪੁਰਾਣ ਵਿੱਚ ਸਮੇਂ ਸਮੇਂ ਮਿਲਾਵਟ ਕੀਤੀ ਗਈ ਹੈ ਤਾਂ ਕਿ ਕਿਰਤੀ ਲੋਕਾਂ ਨੂੰ ਧਾਰਮਕ ਤੇ ਸਮਾਜਕ ਤੌਰ ‘ਤੇ ਗੁਲਾਮ ਬਣਾਇਆ ਜਾ ਸਕੇ । ਹੁਣ ਵੀ ਬਹੁਗਿਣਤੀ ਪੜ੍ਹੇ ਲਿਖੇ ਲੋਕ ਗੁਲਾਮਾਂ ਵਾਲ਼ੀ ਜ਼ਿੰਦਗੀ ਹੰਡਾਉਂਦੇ ਹਨ ਪਰ ਸਮਝਦੇ ਆਪਣੇ ਆਪ ਨੂੰ ਆਜ਼ਾਦ ਹੀ ਹਨ ।

ਕਈ ਸਾਲ ਪਹਿਲਾਂ ਦੀ ਗੱਲ ਹੈ ਕਿ ਇੱਕ ਵਾਰ ਕਵੀ ਦੇ ਘਰ ਡਾਕਾ ਪੈ ਗਿਆ ਸੀ। ਉਸ ਨੇ ਜਿਹੜੀਆਂ ਗ਼ਜ਼ਲਾਂ ਮਾਝੇ ਦੀ ਕਬੂਤਰੀ ਨੂੰ ਦਿੱਤੀਆਂ ਸਨ, ਉਹੀ ਇੱਕ ਮਲਵੈਣ ਕਬੂਤਰੀ ਡਾਇਰੀ ਵਿੱਚੋਂ ਪਾੜ ਕੇ ਲੈ ਗਈ। ਇਸ ਡਾਕੇ ਦਾ ਜਦੋਂ ਕਵੀ ਨੂੰ ਪਤਾ ਲੱਗਾ ਤਾਂ ਉਹ ਸਾਹਿਤ ਦੇ ਇੱਕ ਚੌਧਰੀ ਦੇ ਘਰ ਗਿਆ। ਡਾਕੇ ਦੀ ਸਾਰੀ ਖ਼ਬਰ ਲਿਖਾਈ। ਚੌਧਰੀ ਕੀ ਕਰਦਾ ਉਹ ਵੀ ਸੋਚੀਂ ਪੈ ਗਿਆ। ਫ਼ੋਨ ਖੜਕਾਇਆ ਤੇ ਤਾੜਨਾ ਕੀਤੀ, ਨਾਲ਼ੇ ਅਸਲੀ ਗੱਲ ਦੱਸੀ, “ਇਹੋ ਹੀ ਗ਼ਜ਼ਲਾਂ ਤਾਂ ਤੇਰੇ ਜਾਣ ਤੋਂ ਬਾਅਦ ਆ… ਲੈ ਗਈ। ਜੇ ਦੋਹਾਂ ਨੇ ਛਾਪ ਲਈਆਂ ਤਾਂ ਕੀ ਬਣੂੰ ਅਸਲੀ ਕਵਿਤਰੀ ਦਾ?” ਫੇਰ ਉਹ ਮਹਾਂਨਗਰ ਵਾਲ਼ੀ ਬੀਬੀ ਦੇ ਨਾਮ ਉਤੇ ਕਿਤਾਬ ਛਪੀ । ਤਾਂ ਕਿਤੇ ਪਹਿਲੀ ਕਬਤੂਰੀ ਦੇ ਨਾਂ ਹੇਠ ਉਹ ਗ਼ਜ਼ਲਾਂ ਛਪੀਆਂ ਤੇ ਦੂਜੀ ਨੂੰ ਹੋਰ ਲਿਖ ਕੇ ਦਿੱਤੀਆਂ। ਕਈ ਕਬੂਤਰੀਆਂ ਦੇ ਇਸ ਪਾਲਕ ਦਾ ਧੰਦਾ ਚੱਲ ਰਿਹਾ ਹੈ ਤੇ ਉਹ ਕਬੂਤਰਾਂ ਤੇ ਕਬੂਤਰੀਆਂ ਨੂੰ ਪਾਲ਼ ਕੇ ਸਾਹਿਤ ਦੇ ਅਸਮਾਨ ਵਿੱਚ ਉਡਾ ਰਿਹਾ ਹੈ, ਇਹੋ ਜਿਹਾ ਕਾਰੋਬਾਰ ਹੋਰ ਵੀ ਕਈ ਕਹਾਣੀਕਾਰਾਂ ਨੇ ਸ਼ੁਰੂ ਕਰ ਲਿਆ ਹੈ। ਇਹ ਆਪਣੀ ਧੌਲ਼ੀ ਦਾੜ੍ਹੀ ਦਾ ਵੀ ਖਿਆਲ ਨਹੀਂ ਰੱਖਦੇ।

ਇਸ਼ਕ ਦੇ ਅੰਨ੍ਹੇ ਆਸ਼ਕ ਵਾਂਗੂੰ ਬੇਸ਼ਰਮੀ ਦੀਆਂ ਸਾਰੀਆਂ ਹੀ ਹੱਦਾਂ ਟੱਪੀ ਜਾ ਰਹੇ ਹਨ। ਸਭ ਨੂੰ ਪਤਾ ਹੈ ਕਿ ਕਿਸ ਦੇ ਪਿੱਛੇ ਕੌਣ ਹੈ? ਕਈ ਤਾਂ ਪਾਕਿਸਤਾਨੀ ਸ਼ਾਇਰੀ ਨੂੰ ਗੁਰਮੁਖੀ ਵਿਚ ਲਿੰਪੀਅੰਤਰ ਕਰ ਕਰ ਕੇ ਆਪਣੇ ਜਾਂ ਹੋਰਨਾਂ ਦੇ ਨਾਂ ਹੇਠ ਛਾਪ ਰਹੇ ਹਨ। ਪੰਜਾਬੀ ਦੇ ਇਕ ਸ਼ਾਇਰ ਨੇ ਤਾਂ ਪੂਰੀ ਕਿਤਾਬ ਹੀ ਅਪਣੇ ਨਾਂ ਹੇਠ ਛਾਪ ਲਈ। ਇੱਕ ਵਾਰ ਮੋਗੇ ਵੱਲ ਦੇ ਇੱਕ ਜੁਗਾੜੀ ਨੇ ਗੁਰਚਰਨ ਚਾਹਲ ਭੀਖੀ ਦੀਆਂ ਕਹਾਣੀਆਂ ਤੇ ਪਾਤਰਾਂ ਦੇ ਨਾਂ ਬਦਲ ਕੇ ਕਿਤਾਬ ਛਾਪ ਲਈ ਤੇ ਰੀਵਿਊ ਦੇ ਲਈ ਅਖਬਾਰਾਂ ਨੂੰ ਭੇਜ ਦਿੱਤੀ । ਉਹ ਕਿਤਾਬ ਪੁੱਜ ਗਈ ਕਹਾਣੀਕਾਰ ਨਰਿੰਜਨ ਬੋਹਾ ਕੋਲ਼ । ਫੇਰ ਕੀ, ਉਸਨੇ ਭਾਂਡਾ ਭੰਨ ‘ਤਾ। ਉਹ ਲੇਖਕ ਕੌਣ ਸੀ, ਇਹ ਬੋਹਾ ਸਾਹਿਬ ਤੋਂ ਪਤਾ ਕਰ ਲਿਓ ਜੀ। ਇਹ ਚੋਰ ਕਹਾਣੀਕਾਰ ਮੋਗੇ ਜਿਲ੍ਹੇ ਦਾ ਸੀ !

ਹੁਣ ਵੱਡੇ ਵੱਡੇ ਕਵੀ ਤੇ ਲੇਖਕ ਵੀ ਇਸ ਧੰਦੇ ਵਿਚ ਪੈ ਗਏ ਹਨ। ਆਪੇ ਹੀ ਕੌਮਾਂਤਰੀ ਪੱਧਰ ਦੀ ਅੰਗਰੇਜ਼ੀ ਦੇ ਵੱਡੇ ਵੱਡੇ ਸ਼ਬਦਾਂ ਨਾਲ਼ ਗੁੰਦ ਗੁੰਦ ਕੇ ਲੇਖ ਛਪਵਾਏ ਜਾ ਰਹੇ ਹਨ। ਪੰਜਾਬੀ ਤੇ ਅੰਗਰੇਜ਼ੀ ਦੇ ਇਹ ਜਾਣੂੰ ਕਲਾਕਾਰ ਗ਼ਜ਼ਲਾਂ, ਕਹਾਣੀਆਂ ਤੇ ਕਿਸੇ ਸ਼ਖ਼ਸੀਅਤ ਸਬੰਧੀ ਲੇਖ ਹੀ ਨਹੀਂ ਲਿਖ ਕੇ ਦੇ ਰਹੇ ਸਗੋਂ ਉਹਨਾਂ ਨੂੰ ਛਪਵਾਉਣ ਤੋਂ ਲੈ ਕੇ ਕਿਸੇ ਸੰਸਥਾ ਦੇ ਵਿਚੋਂ ਪੁਰਸਕਾਰ ਦਿਵਾਉਣ ਦੇ ਲਈ ਪੂਛ ਤੁੜਾਉਣ ਤੱਕ ਜਾਂਦੇ ਹਨ ਤੇ ਉਹ ਵੀ ਆਪਣੀ ਗੱਡੀ ਅਤੇ ਆਪਣੀ ਜੇਬ ਨਾਲ਼ । ਨਾ ਜਿਵੇਂ ਕਹਿੰਦੇ ਹੁੰਦੇ ਆ ‘ਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀਏ ਤੇਰਾ’ ਅਤੇ ‘ਦਿਉਰਾ ਵੇ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਾਂ ਜੇਠ ‘ਤੇ ਮੜ੍ਹੰਗਾ।’

ਪੰਜਾਬੀ ਦੀਆਂ ਕਈ ਕਿਤਾਬਾਂ ਵਿਚ ‘ਇੱਕ ਉਸਤਾਦ ਸ਼ਾਇਰ ਦਾ ਮੜ੍ਹੰਗਾ’ ਦੇਖਿਆ ਜਾ ਸਕਦਾ ਹੈ, ਇਹ ਉਸਤਾਦ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਗ਼ਜ਼ਲਾਂ ਬਣਾ ਕੇ ਵੇਚਦਾ ਹੈ। ਅੱਜਕੱਲ੍ਹ ਇੱਕ ਕਹਾਣੀਕਾਰ ਵੀ ਇਸੇ ਤਰ੍ਹਾਂ ਇੱਕ ‘ਗੋਲ਼ੇ ਕਬੂਤਰ’ ਨੂੰ ਕਹਾਣੀਕਾਰ ਬਣਾਉਣ ਦੇ ਲਈ ਪੱਬਾਂ ਭਾਰ ਹੋਇਆ ਪਿਆ ਹੈ। ਕਈਆਂ ਨੇ ਤਾਂ ਵੱਡੇ ਇਨਾਮ ਵੀ ਹਥਿਆ ਲਏ ਹਨ। ਤੁਸੀਂ ਇਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਵੇਖ ਲਿਓ ਤਾਂ ਤੁਹਾਨੂੰ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਦੀਆਂ ਮਹਿਕਾਂ, ਕਿਰਨਾਂ ਤੇ ਖੁਸ਼ਬੋ ਆਵੇਗੀ। ਹੋਰ ਤਾਂ ਹੋਰ ਇਹਨਾਂ ਨੂੰ ਕਾਲਜਾਂ ਵਿਚ ਨੌਕਰੀਆਂ ਦਿਵਾਉਣ ਤੇ ਸਾਹਿਤਕ ਸਮਾਗਮਾਂ ਵਿਚ ਵਿਸ਼ੇਸ ਤੌਰ ‘ਤੇ ਸੱਦਾ ਦਿਵਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਕਈਆਂ ਨੇ ਤਾਂ ਸੰਸਥਾਵਾਂ ਨੂੰ ਅਪਣੀਆਂ ਨੌਕਰਾਣੀਆਂ ਬਣਾ ਕੇ ਰੱਖਿਆ ਹੋਇਆ ਸੀ । ਯੂਨੀਵਰਸਿਟੀ ਵਿਚ ਜਦੋਂ ਕਿਸੇ ਨੂੰ ਰਜਿਸਟਰ ਕੀਤਾ ਜਾਂਦਾ ਸੀ ਤਾਂ ਇਹ ਸ਼ਰਤ ਉਸ ‘ਤੇ ਲਾਈ ਜਾਂਦੀ ਸੀ ਕਿ ‘ਬੀਬਾ ਤੈਂ ਹੁਣ ਵਿਆਹ ਨੀਂ ਕਰਵਾਉਣਾ।’

ਕਈਆਂ ਦੇ ਤਾਂ ਵਿਆਹ ਹੋਣ ਵੀ ਨਹੀਂ ਦਿੱਤੇ। ਉਹ ਹੁਣ ਭਟਕਦੀਆਂ ਫਿਰਦੀਆਂ ਹਨ। ਇਤਿਹਾਸ ਕਹਿੰਦਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਿਸ ਵਿਚੋਂ ਪੰਜਾਬ ਨੂੰ ਦੇਖਿਆ ਜਾਂਦਾ ਹੈ। ਸਾਹਿਤ ਦਾ ਹਰ ਲੇਖਕ ਆਪਣੀ ਲਿਖਤ ਦਾ ਜਵਾਬਦੇਹ ਹੁੰਦਾ ਹੈ। ਪਰ ਜਿਸ ਤਰਾਂ ਦੇਸ਼ ਵਿਦੇਸ਼ ‘ਚ ਨਕਲੀ ਤੇ ਜੁਗਾੜੂ ਸਾਹਿਤਕਾਰਾਂ, ਲੇਖਕਾਂ ਕਵੀਆਂ ਤੇ ਕਵਿਤਰੀਆਂ ਦਾ ਵਾਧਾ ਹੋ ਰਿਹਾ ਹੈ, ਇਹ ਸਾਹਿਤ ਅਤੇ ਸਮਾਜ ਲਈ ਬਹੁਤ ਹੀ ਖ਼ਤਰਨਾਕ ਹੈ। ਇਖ਼ਲਾਕੀ ਕਦਰਾਂ ਕੀਮਤਾਂ ਦਾ ਢੋਲ ਪਿੱਟਣ ਵਾਲ਼ੇ ਕੌਣ ਕੌਣ ਹਨ? ਇਹ ਤੁਸੀਂ ਸਭ ਜਾਣਦੇ ਹੋ? ਖੈਰ ਆਪਾਂ ਕੀ ਲੈਣਾ ਹੈ ਇਸ ਵਰਤਾਰੇ ਤੋਂ ? ਆਪਾਂ ਤਾਂ ਖਾਣ-ਪੀਣ ਵਾਲ਼ੀਆਂ ਵਸਤੂਆਂ ਦੀ ਗੱਲ ਕਰਦੇ ਸੀ ਪਰ ਹੁਣ ਇਹਨਾਂ ‘ਤੇ ਵੀ ਸਰਕਾਰ ਦੀ ਅੱਖ ਹੈ। ਅੱਖ ਕਿਸ ਦੀ ਕਿਸ ‘ਤੇ ਹੈ? ਇਹ ਕਦੇ ਫੇਰ ਸਹੀ, ਅਜੇ ਤੁਸੀਂ ਨਕਲੀ ਦੁੱਧ, ਪਨੀਰ, ਮਿਠਾਈਆਂ ਤੇ ਸਬਜ਼ੀਆਂ ਖਰੀਦੋ। ਨਕਲੀ ਤੇਲ ਤੇ ਮਸਾਲਿਆਂ ਨਾਲ਼ ਬਣੀਆਂ ਦਾਲ਼ਾਂ, ਸਬਜ਼ੀਆਂ ਤੇ ਹੋਰ ਜੰਕ ਫੂਡ ਦਾ ਸੁਆਦ ਲਵੋ।

ਤੁਸੀਂ ਗੁਰਦਾਸ ਮਾਨ ਦਾ ਗੀਤ ਸੁਣੋ- ‘ਬਈ ਕੀ ਬਣੂੰ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂੰ ਦੁਨੀਆ ਦਾ?’
ਇਹੋ ਹੀ ਕਾਰਨ ਹੈ ਕਿ ਪੰਜਾਬੀ ਸਾਹਿਤ ਦਾ ਮਿਆਰ ਤੇ ਪੱਧਰ ਹੋਰਨਾਂ ਭਾਸ਼ਾਵਾਂ ਦੇ ਸਾਹਿਤ ਨਾਲ਼ੋ ਨੀਵਾਂ ਚਲਿਆ ਗਿਆ ਹੈ । ਪੰਜਾਬੀ ਦੇ ਬਹੁਗਿਣਤੀ ਕਵੀਆਂ / ਲੇਖਕਾਂ ਦੀਆਂ ਸਮਾਜਿਕ ਸਰਗਰਮੀਆਂ ਦਾ ਪਤਾ ਉਹਨਾਂ ਦੀਆਂ ਕਿਤਾਬਾਂ ਛਪਣ ਵੇਲ਼ੇ ਹੀ ਲਗਦਾ ਹੈ ।

ਬੁੱਧ ਸਿੰਘ ਨੀਲੋੰ
94643 70823

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleRight to speak
Next articleਲੇਖਕ ਤੇ ਸ਼ਾਇਰ ਮਹਿੰਦਰ ਸੂਦ ਨੂੰ ਕੀਤਾ ਸਨਮਾਨਿਤ