ਪ੍ਰੇਮ ਤੇ ਧਰਮ
ਬੁੱਧ ਸਿੰਘ ਨੀਲੋਂ
(ਸਮਾਜ ਵੀਕਲੀ) ਧਰਮ ਤੇ ਪ੍ਰੇਮ ਦਾ ਰਿਸ਼ਤਾ ਕੀ ਹੈ। ਪ੍ਰੇਮ ਪਹਿਲਾਂ ਹੁੰਦਾ ਹੈ ਕਿ ਧਰਮ? ਇਹ ਬੜਾ ਕਠਿਨ ਸਵਾਲ ਹੈ ਜੇ ਨਾ ਸਮਝਿਆ ਜਾਵੇ। ਧਰਮ ਕੋਈ ਵੱਖਰਾ ਨਹੀਂ ਪ੍ਰੇਮ ਤੋਂ, ਇਹ ਦੋਵੇਂ ਇੱਕ ਦੂਜੇ ਦੇ ਨਾਲ ਨਾਲ ਰਹਿੰਦੇ ਹਨ। ਇਹ ਉਹਨਾਂ ਨੂੰ ਹੀ ਦਿਖਦੇ ਹਨ, ਜਿਹਨਾਂ ਦੇ ਮਨ ਅੰਦਰ ਵਪਾਰ ਨਹੀਂ ਹੁੰਦਾ। ਵਪਾਰੀ ਬੰਦਾ ਪ੍ਰੇਮ ਨਹੀਂ ਕਰ ਸਕਦਾ। ਕਿਉਂਕਿ ਵਪਾਰ ਦੇ ਧੰਦੇ ਵਿੱਚ ਪ੍ਰੇਮ ਤੇ ਧਰਮ ਦਾ ਕੋਈ ਸਥਾਨ ਨਹੀਂ। ਬਾਹਰੀ ਤੌਰ ਉੱਤੇ ਵਪਾਰੀ ਬੜਾ ਧਰਮੀ ਹੋਣ ਦਾ ਦਾਅਵਾ ਕਰਦਾ ਹੈ। ਉਹ ਧਰਮ ਈਮਾਨ ਦੀਆਂ ਸਹੁੰ ਖਾਂਦਾ ਹੈ। ਲੋਕ ਵਿਖਾਵੇ ਲਈ ਪੂਜਾ ਪਾਠ ਧੂਫ਼ ਬੱਤੀ ਕਰਦਾ ਹੈ। ਆਪੋ ਆਪਣੇ ਧਾਰਮਿਕ ਸਥਾਨ ਉੱਤੇ ਜਾਂਦਾ ਹੈ। ਨੱਕ ਰਗੜਦਾ ਹੈ। ਦਾਨ ਦੀ ਪਰਚੀ ਕਟਵਾਉਂਦਾ ਹੈ। ਮੂੰਹ ਵਿੱਚ ਕੁੱਝ ਗਨਾਗਾਉਂਦਾ ਹੈ। ਉਹ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਹੋਣ ਦਾ ਦਾਅਵਾ ਕਰਦਾ ਨਹੀਂ ਲੋਕਾਂ ਨੂੰ ਭਰੋਸਾ ਵੀ ਦਵਾਉਂਦਾ ਹੈ। ਜਦੋਂ ਉਹ ਇਹ ਕੁੱਝ ਕਰਦਾ ਹੈ ਤਾਂ ਉਸਦੇ ਅੰਦਰੋਂ ਪ੍ਰੇਮ ਉਂਡ ਜਾਂਦਾ ਹੈ। ਉਸਦੀ ਥਾਂ ਉੱਤੇ ਹੰਕਾਰ ਆ ਜਾਂਦਾ ਹੈ। ਪ੍ਰੇਮ ਦਾ ਦੂਜਾ ਪਾਸਾ ਹੀ ਹੰਕਾਰ ਹੈ ਵਪਾਰ ਹੈ। ਵਪਾਰੀ ਬੰਦੇ ਅੰਦਰ ਪ੍ਰੇਮ ਪਿਆਰ ਤੋਂ ਬਿਨਾਂ ਹੋਰ ਬਹੁਤ ਕੁੱਝ ਆ ਜਾਂਦਾ ਹੈ। ਮੋਹ, ਮਾਇਆ, ਕਾਮ, ਕ੍ਰੋਧ ਤੇ ਲੋਭ ਆ ਜਾਂਦਾ ਹੈ। ਜਿਸ ਦੇ ਤਨ ਦੇ ਦੁਆਲੇ ਐਨਾ ਕੁੱਝ ਲਟਕਦਾ ਹੋਵੇਗਾ ਉਥੇ ਪ੍ਰੇਮ ਲਈ ਕੋਈ ਥਾਂ ਨਹੀਂ ਹੁੰਦੀ। ਉਹ ਉਸ ਤਨ ਦੇ ਵਿਚੋਂ ਉਡ ਜਾਂਦਾ ਹੈ। ਜਿਥੋਂ ਪ੍ਰੇਮ ਉੱਡ ਗਿਆ ਉਥੇ ਧਰਮ ਨਹੀਂ ਰਹਿ ਸਕਦਾ। ਧਰਮ ਮਰਿਆਦਾ ਹੁੰਦੀ ਹੈ, ਕੋਈ ਰੀਤ ਨਿਭਾਉਣ ਲਈ। ਧਰਮ ਬਿਨਾ ਮੋਹ ਪਿਆਰ ਤੇ ਸਤਿਕਾਰ ਦੇ ਨਿਭਾਇਆ ਨਹੀਂ ਜਾ ਸਕਦਾ। ਹੁਣ ਅਧਰਮੀ ਲੋਕ ਧਰਮ ਦੇ ਰਖਵਾਲੇ ਬਣ ਗਏ ਹਨ। ਧਰਮ ਨੂੰ ਮੰਨਣ ਵਾਲੇ ਧਾਰਮਿਕ ਹੋ ਕੇ ਸੰਪਰਦਾਇ ਬਣ ਗਏ ਹਨ। ਉਹਨਾਂ ਦੇ ਵਿਚੋਂ ਪ੍ਰੇਮ ਤੇ ਧਰਮ ਗਾਇਬ ਹੋ ਗਿਆ ਹੈ।
ਅਸਲ ਦੇ ਵਿੱਚ ਧਰਮ ਦੇ ਨਾਲੋਂ ਪ੍ਰੇਮ ਬਲਵਾਨ ਹੁੰਦਾ ਹੈ। ਪਰ ਧਰਮ ਦੇ ਪੁਜਾਰੀਆਂ ਦਾ ਭਾਰ ਵੱਧ ਹੁੰਦਾ ਹੈ ਇਸੇ ਕਰਕੇ ਉਹ ਆਪਣੇ ਆਪ ਨੂੰ ਵੱਡੇ ਧਰਮੀ ਅਖਵਾਉਣ ਵਾਲੇ ਲੋਕ ਹਨ। ਜਿਵੇਂ ਰੇਟ ਤੇ ਵੇਟ ਵਧਿਆ ਘਟਦਾ ਨਹੀਂ। ਉਸੇ ਤਰ੍ਹਾਂ ਹੰਕਾਰ ਵਧਿਆ ਘਟਦਾ ਨਹੀਂ। ਵਪਾਰੀ ਬੰਦਾ ਘਾਟੇ ਦਾ ਸੌਦਾ ਨਹੀਂ ਕਰਦਾ। ਕਿਉਂਕਿ ਉਸਨੇ ਮੁਨਾਫ਼ੇ ਲਈ ਵਪਾਰ ਕਰਨ ਦੇ ਤਰੀਕੇ ਬਦਲ ਲਏ ਹਨ। ਜਿਹੜੇ ਲੋਕ ਗਿਰਗਿਟ ਵਾਂਗੂ ਰੰਗ ਬਦਲਦੇ ਹਨ, ਉਹਨਾਂ ਉਪਰ ਭਰੋਸਾ ਕਰਨਾ ਮੂਰਖਤਾ ਹੈ, ਅਸੀਂ ਦਹਾਕਿਆਂ ਤੋਂ ਮੂਰਖਤਾ ਕਰ ਰਹੇ ਹਾਂ । ਪਰ ਆਪਣੇ ਆਪ ਨੂੰ ਮੂਰਖ ਨਹੀਂ ਮੰਨਦੇ। ਆਪਣੇ ਆਪ ਨੂੰ ਅਸੀਂ ਮੂਰਖ ਨਾ ਵੀ ਮੰਨੀਏ ਪਰ ਦੁਨੀਆਂ ਸਾਨੂੰ ਮੂਰਖ ਸਮਝਦੀ ਹੈ। ਕੋਈ ਗੱਲ ਸਮਝਣ ਲਈ ਪ੍ਰੇਮ ਤੇ ਪ੍ਰੇਰਨਾ ਦਾ ਹੋਣਾ ਜ਼ਰੂਰੀ ਹੈ। ਹੋਰ ਜ਼ਰੂਰਤਾਂ ਨਾਲੋਂ ਪ੍ਰੇਮ ਜ਼ਰੂਰੀ ਹੈ। ਤੁਸੀਂ ਕਿਸੇ ਨੂੰ ਪ੍ਰੇਮ ਕਰੋਗੇ ਤਾਂ ਧਰਮ ਦੀ ਪਰਿਭਾਸ਼ਾ ਸਮਝ ਆ ਜਾਵੇਗੀ। ਧਰਮ ਦਾ ਮਾਰਗ ਦਰਸ਼ਨ ਹੈ। ਦਰਸ਼ਨ ਲਈ ਗਿਆਨ ਜ਼ਰੂਰੀ ਹੈ। ਇਹਨਾਂ ਸਾਰਿਆਂ ਤੋਂ ਪਿਆਰ, ਪ੍ਰੇਮ ਤੇ ਮੁਹੱਬਤ ਜ਼ਰੂਰੀ ਹੈ। ਮੁਹੱਬਤ ਲਾਈ ਸਮਝ ਤੇ ਪਛਾਣ ਕਰਨ ਦੀ ਲੋੜ ਹੈ। ਪਿਆਰ ਵਪਾਰ ਨਹੀਂ, ਮੁਕਤੀ ਦਾ ਮਾਰਗ ਦਰਸ਼ਨ।
ਬੁੱਧ ਸਿੰਘ ਨੀਲੋਂ
++++9464370823—-++++
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly