- ਪ੍ਰਸਾਰ ਭਾਰਤੀ ਨੇ ਵੀ ਸਿੱਧੇ ਪ੍ਰਸਾਰਣ ਤੋਂ ਹੱਥ ਪਿਛਾਂਹ ਖਿੱਚੇ
- ਗਲਵਾਨ ਕਮਾਂਡਰ ਦੇ ਮਸ਼ਾਲ ਲੈ ਕੇ ਦੌੜਨ ’ਤੇ ਉਜਰ ਜਤਾਇਆ
ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਨੇ ਅੱਜ ਐਲਾਨ ਕੀਤਾ ਕਿ ਪੇਈਚਿੰਗ ਸਥਿਤ ਭਾਰਤੀ ਅੰਬੈਸੀ ਦਾ ਡਿਪਲੋਮੈਟ ਚੀਨ ਦੀ ਰਾਜਧਾਨੀ ਵਿੱਚ ਹੋਣ ਵਾਲੀਆਂ 2022 ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਜਾਂ ਸਮਾਪਤੀ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋਵੇਗਾ। ਉਧਰ ਪ੍ਰਸਾਰ ਭਾਰਤੀ ਨੇ ਵੀ ਦੂਰਦਰਸ਼ਨ ’ਤੇ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਗਮਾਂ ਦੇ ਸਿੱਧੇ ਪ੍ਰਸਾਰਣ ਤੋਂ ਨਾਂਹ ਕਰ ਦਿੱਤੀ ਹੈ। ਚੀਨੀ ਮੀਡੀਆ ਅਨੁਸਾਰ ਭਾਰਤ ਨਾਲ ਗਲਵਾਨ ਘਾਟੀ ’ਚ ਹੋਈਆਂ ਝੜਪਾਂ ਵਿੱਚ ਜ਼ਖ਼ਮੀ ਹੋਇਆ ਚੀਨੀ ਫੌਜ ਦਾ ਅਧਿਕਾਰੀ ਬੁੱਧਵਾਰ ਨੂੰ ਸਰਦ ਰੁੱਤ ਓਲੰਪਿਕਸ ਵਿੱਚ ਮਸ਼ਾਲ ਲੈ ਕੇ ਦੌੜਿਆ ਸੀ। ਭਾਰਤ ਨੇ ਇਸੇ ਘਟਨਾ ਦੇ ਰੋਸ ਵਜੋਂ ਉਪਰੋਕਤ ਫੈਸਲਾ ਲਿਆ ਹੈ। ਗਲੋਬਲ ਟਾਈਮਜ਼ ਅਨੁਸਾਰ ਚੀਨੀ ਫੌਜ ਵਿੱਚ ਰੈਜੀਮੈਂਟਲ ਕਮਾਂਡਰ ਕੀ ਫੈਬੀਓ ਨੂੰ ਟਾਰਚ ਰਿਲੇਅ ਵਿੱਚ ਮਸ਼ਾਲ ਨਾਲ ਦੇਖਿਆ ਗਿਆ ਸੀ।
ਗਲਵਾਨ ਘਾਟੀ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਹੋਈ ਝੜਪ ’ਚ ਭਾਰਤ ਦੇ 20 ਜਵਾਨ ਸ਼ਹੀਦ ਹੋਏ ਸਨ, ਜਦ ਕਿ ਚੀਨ ਨੇ ਉਸ ਦੇ ਚਾਰ ਜਵਾਨ ਮਾਰੇ ਜਾਣ ਦਾ ਦਾਅਵਾ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਕਮਾਂਡਰ ਦਾ ਸਨਮਾਨ ਕੀਤੇ ਜਾਣ ਦੀ ਕਾਰਵਾਈ ਨੂੰ ‘ਅਫ਼ਸੋਸਨਾਕ’ ਕਰਾਰ ਦਿੱਤਾ ਹੈ। ਬਾਗ਼ਚੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੀਨ ਵੱਲੋਂ ਓਲੰਪਿਕ ਜਿਹੇ ਈਵੈਂਟ ਦਾ ਸਿਆਸੀਕਰਨ ਕੀਤਾ ਜਾ ਰਿਹੈ, ਲਿਹਾਜ਼ਾ ਪੇਈਚਿੰਗ ਅੰਬੈਸੀ ਵਿੱਚ ਭਾਰਤੀ ਡਿਪਲੋਮੈਟ 2022 ਸਰਦ ਰੁੱਤ ਓਲੰਪਿਕ ਖੇਡਾਂ ਦੇ ਉਦਘਾਟਨੀ ਜਾਂ ਸਮਾਪਤੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਵੇਗਾ। ਉਂਜ ਚਾਰਜ ਡੀ’ਅਫੇਅਰਜ਼ ਅੰਬੈਸੀ ਦਾ ਸਭ ਤੋਂ ਸੀਨੀਅਰ ਡਿਪਲੋਮੈਟ ਹੁੰਦਾ ਹੈ ਤੇ ਮੌਜੂਦਾ ਸਮੇਂ ਅੰਬੈਸੇਡਰ ਵਜੋਂ ਮਨੋਨੀਤ ਪ੍ਰਦੀਪ ਕੁਮਾਰ ਰਾਵਤ ਨੇ ਅਜੇ ਤੱਕ ਅਹੁਦੇ ਦਾ ਚਾਰਜ ਨਹੀਂ ਲਿਆ। ਬਾਗ਼ਚੀ ਨੇ ਕਿਹਾ, ‘‘ਅਸੀਂ ਰਿਪੋਰਟਾਂ ਵੇਖੀਆਂ ਹਨ।
ਚੀਨ ਵੱਲੋਂ ਓਲੰਪਿਕ ਜਿਹੇ ਈਵੈਂਟ ਨੂੰ ਸਿਆਸਤ ਕਰਨ ਲਈ ਚੁਣਨਾ ਅਫ਼ਸੋਸਨਾਕ ਹੈ।’’ ਵਿਦੇਸ਼ ਮੰਤਰਾਲੇ ਦੇ ਇਸ ਐਲਾਨ ਮਗਰੋਂ ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਵੈਮਪਤੀ ਨੇ ਕਿਹਾ ਕਿ ਦੂਰਦਰਸ਼ਨ ਦਾ ਸਪੋਰਟਸ ਚੈਨਲ ਓਲੰਪਿਕ ਖੇਡਾਂ ਦੇ ਉਦਘਾਟਨੀ ਤੇ ਸਮਾਪਤੀ ਸਮਾਗਮ ਦਾ ਸਿੱਧਾ ਪ੍ਰਸਾਰਣ ਨਹੀਂ ਕਰੇਗਾ। 24ਵੀਆਂ ਸਰਦ ਰੁੱਤ ਖੇਡਾਂ ਦਾ ਉਦਘਾਟਨੀ ਸਮਾਗਮ ਸ਼ੁੱਕਰਵਾਰ ਨੂੰ ਹੋਵੇਗਾ। ਦੱਸਣਾ ਬਣਦਾ ਹੈ ਕਿ 15 ਜੂਨ 2020 ਨੂੰ ਗਲਵਾਨ ਘਾਟੀ ਵਿੱਚ ਹੋਈ ਝੜਪ ਮਗਰੋਂ ਪੂਰਬੀ ਲੱਦਾਖ ਵਿੱਚ ਸਰਹੱਦ ਦੇ ਨਾਲ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਤਣਾਅ ਸਿਖਰ ’ਤੇ ਪੁੱਜ ਗਿਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly