ਲਖੀਮਪੁਰ ਖੀਰੀ (ਸਮਾਜ ਵੀਕਲੀ): ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਅੱਜ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਦੇ ਮਾਮਲੇ ’ਚ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਸੁਪਰੀਮ ਕੋਰਟ ਤੱਕ ਪਹੁੰਚ ਕਰੇਗਾ। ਇਸ ਘਟਨਾ ’ਚ ਚਾਰ ਕਿਸਾਨਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਸੀ। ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਪੁੱਤ ਆਸ਼ੀਸ਼ ਮਿਸ਼ਰਾ ਇਸ ਕੇਸ ’ਚ ਮੁੱਖ ਮੁਲਜ਼ਮ ਹੈ ਅਤੇ ਅਲਾਹਾਬਾਦ ਹਾਈ ਕੋਰਟ ਨੇ 10 ਫਰਵਰੀ ਨੂੰ ਉਸ ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਅੱਜ ਉਹ ਜੇਲ੍ਹ ’ਚੋਂ ਬਾਹਰ ਆ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਯੂਪੀ ਵਿਧਾਨ ਸਭਾ ਚੋਣਾਂ ਦਰਮਿਆਨ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ, ‘ਸਾਰੇ ਮੁਲਕ ਤੇ ਦੁਨੀਆਂ ਨੇ ਲਖੀਮਪੁਰ ਖੀਰੀ ਨਾਲ ਸਬੰਧਤ ਘਟਨਾਕ੍ਰਮ ਦੇਖਿਆ ਜਿਸ ’ਚ ਇਸ ਜ਼ਾਲਮਾਨਾ ਅਪਰਾਧ ਦੇ ਮੁੱਖ ਮੁਲਜ਼ਮ ਨੂੰ ਤਿੰਨ ਮਹੀਨਿਆਂ ਅੰਦਰ ਹੀ ਜ਼ਮਾਨਤ ਮਿਲ ਗਈ ਹੋਵੇ। ਹਰ ਕਿਸੇ ਨੇ ਇਹ ਦੇਖਿਆ ਤੇ ਉਹ (ਆਸ਼ੀਸ਼ ਮਿਸ਼ਰਾ) ਅੱਜ ਜੇਲ੍ਹ ’ਚੋਂ ਬਾਹਰ ਆ ਜਾਵੇਗਾ।’ ਉਨ੍ਹਾਂ ਕਿਹਾ, ‘ਤਾਨਾਸ਼ਾਹ ਸਰਕਾਰ ਨੂੰ ਅਜਿਹਾ ਹੀ ਨਿਜ਼ਾਮ ਚਾਹੀਦਾ ਹੈ ਜਿਸ ’ਚ ਉਹ ਲੋਕਾਂ ਨੂੰ ਆਪਣੀਆਂ ਗੱਡੀਆਂ ਹੇਠਾਂ ਦਰੜਨ ਤੇ ਤਿੰਨ ਮਹੀਨੇ ਅੰਦਰ ਜੇਲ੍ਹ ’ਚੋਂ ਬਾਹਰ ਆ ਜਾਣ। ਉਹ ਭਵਿੱਖ ’ਚ ਕਿਹੋ ਜਿਹਾ ਵਿਹਾਰ ਕਰਨਗੇ? ਇਹ ਉਹ ਮਸਲੇ ਹਨ ਜੋ ਅਸੀਂ ਲੋਕਾਂ ਨੂੰ ਸਮਝਾਉਣਾ ਚਾਹੁੰਦੇ ਹਾਂ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly