(ਸਮਾਜ ਵੀਕਲੀ)
ਮਾਏ ਨੀ ਮਾਏ,ਦੱਸ ਨੀ ਕਿੰਝ ਕੋਈ
ਵਿਧਵਾ ਜੂਨ ਹੰਢਾਏ।
ਨਾਲ਼ ਨਾ ਟੁਰਦੇ,ਤਿੜਕ ਗਏ ਇੰਝ
ਸਾਥੋਂ ਸਾਡੇ ਸਾਏ।
ਉਹਦੀਆਂ ਛਾਵਾਂ ਸਿਰ ਤੋਂ ਉਠੀਆਂ,
ਰੁੱਤ ਕੇਹੀ ਦਰ ਆਈ।
ਸਾਨੂੰ ਮੱਸਿਆ ਦੇ ਕੇ ਕਿਸਮਤ,
ਸੂਰਜ ਸਭ ਲੁਕਾਏ।
ਮੋਹ ਦੇ ਧੱਗ ਬਣ ਗਏ ਬੇੜੀਆਂ ,
ਜਾਵਣ ਦਮ ਨਪੀੜੇ।
ਨਾ ਸਹੁਰੇ ਨਾ ਪੇਕੇ ਨੀ ਜਿੰਦ,
ਕਿਹੜੇ ਦੇਸ ਨੂੰ ਜਾਏ।
ਦੱਸ ਨੀ ਕਿਸਦੇ ਮੋਢੇ ਲਗ ਕੇ,
ਬੋਝਲ ਮਨ ਪਰਚਾਈਏ।
ਜਿਹੜਾ ਵੀ ਹਮਦਰਦ ਬਣੇਂਦਾ,
ਮੁੜ ਚੰਮ ਚੱਟਣ ਨੂੰ ਆਏ।
ਹਰ ਮੋੜ ਚੁਰਾਹੇ ਮੈਲੀਆਂ ਨਜ਼ਰਾਂ,
ਅੰਗ ਅੰਗ ਪਈਆਂ ਟੋਹਵਣ।
ਬੋਟੀ ਨੋਚਣ ਨੂੰ ਤੱਕਦੇ ਨੇ,
ਜਿਉਂ ਕੂਕਰ ਹਲਕਾਏ।
ਦੱਸ ਕਿੰਝ ਪ੍ਰਣਾਵਾਂ ਦੂਜੇ ਨੂੰ ਮੈਂ,
ਮਾਸ ਦੇ ਸਭ ਵਪਾਰੀ ਨੇ।
ਜਿਸਮ ਹੰਢਾਵਣ ਸਾਡਾ ਨਾਲੇ,
ਸਾਨੂੰ ਸੋ ਸੋ ਤੁਹਮਤ ਲਾਏ।
ਅੱਜ ਬੈਠ ਕੇ ਤੇਰੀ ਮੜੀਏ ਰੋਵਾਂ,
ਉੱਠ ਅੰਮੀਏ ਨੀ ਇੱਕ ਵੇਰਾਂ।
ਦੇ ਅਸੀਸ ਨਾ ਮੁੜ ਜੱਗ ਤੇ,
ਕੋਈ ਵਿਧਵਾ ਜੂਨ ਹੰਢਾਏ।
ਲੰਮੇ ਰਾਹ “ਮੁਸਾਫ਼ਿਰ” ਪੈਰੀਂ,
ਜੱਗ ਦਸਤੂਰੀਆਂ ਪਾਈਆਂ।
ਕਿਸੇ ਬਰੇਸੇ ਵੀ ਨਾ ਸਿਰ ਤੇ,
ਚਿੱਟੀ ਚੁੰਨੀ ਆਏ।
ਨਰਪਿੰਦਰ ਸਿੰਘ ਮੁਸਾਫ਼ਿਰ,
ਖਰੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly