(ਸਮਾਜ ਵੀਕਲੀ)
ਖੁੱਲ੍ਹੇ ਖੁੱਲ੍ਹੇ ਵਿਹੜਿਆਂ ‘ਚ ਖੁੱਲ੍ਹੀਆਂ ਹਵਾਵਾਂ ਸਨ।
ਬਾਪੂ ਘੱਟ ਪੜ੍ਹੇ ਲਿਖੇ, ਅਣਪੜ੍ਹ ਮਾਵਾਂ ਸਨ।
ਕੰਧਾਂ ਕੋਠੇ ਕੱਚੇ ਅਤੇ ਕੱਚੇ ਕੱਚੇ ਵਿਹੜੇ ਸਨ,
ਪਿੰਡਾਂ ਵਿਚ ਸਾਰੇ ਪਾਸੇ ਕੱਚੀਆਂ ਹੀ ਥਾਵਾਂ ਸਨ।
ਖੇਤੀਬਾੜੀ ਧੰਦੇ ਵਿਚ ਮਿੱਟੀ ਨਾਲ ਮਿੱਟੀ ਲੋਕ,
ਹਰ ਘਰ ਪਲਦੀਆਂ ਮੱਝੀਆਂ ਤੇ ਗਾਵਾਂ ਸਨ।
ਸ਼ੁੱਧ ਹਵਾ ਰੁਮਕੇ ਤੇ ਸ਼ੁੱਧ ਜਲ ਪਾਣੀ ਦੀਆਂ,
ਸਾਰੇ ਪਾਸੇ ਵਹਿੰਦੀਆਂ ਸ਼ੁੱਧ ਹੀ ਧਰਾਵਾਂ ਸਨ।
ਰੱਬ ਦਾ ਸੀ ਖ਼ੌਫ਼ ਘੱਟ ਕਰਦੇ ਕਪਟ ਲੋਕੀਂ,
ਸੱਚੇ ਦਿਲੋਂ ਸਭ ਤਾਈਂ ਦੇਂਦੇ ਉਹ ਦੁਆਵਾਂ ਸਨ।
ਰਿਸ਼ਵਤਾਂ ਘੱਟ ਤੇ ਈਮਾਨਦਾਰੀ ਵਾਧੂ ਸੀ,
ਮਿਹਨਤਾਂ ਦੇ ਯੁੱਗ ਵਿਚ ਵਧੀਆ ਸੇਵਾਵਾਂ ਸਨ।
ਆਵਾਜਾਈ ਸਾਧਨਾਂ ਦੀ ਘਾਟ ਬੜੀ ਹੁੰਦੀ ਸੀ,
ਯਾਤਰੂ ਸਹੂਲਤਾਂ ਲਈ ਬਣੀਆਂ ਸਰਾਵਾਂ ਸਨ।
ਨੱਠ ਭੱਜ ਕਾਫ਼ੀ ਹੁੰਦੀ ਸ਼ੌਂਕ ਸੀ ਕਸਰਤਾਂ ਦੇ,
ਖ਼ੁਰਾਕਾਂ ਸਨ ਦੇਸੀ ਅਤੇ ਦੇਸੀ ਹੀ ਦੁਆਵਾਂ ਸਨ।
ਸਬਰ ਸੰਤੋਖ ਤੇ ਸਕੂਨ ‘ਚ ਸੀ ਰਹਿੰਦੇ ਸਾਰੇ,
ਸੀਮਤ ਸੀ ਲੋੜਾਂ ਅਤੇ ਨਿੱਕੀਆਂ ਇੱਛਾਵਾਂ ਸਨ।
ਵਿਗੜਿਆਂ ਹੋਇਆਂ ਦਾ ਸੁਧਾਰ ਸੌਖਾ ‘ਲਾਂਬੜਾ’ ਸੀ,
ਘਰੋਂ ਤੇ ਸਕੂਲੋਂ ਮਿਲ ਜਾਂਦੀਆਂ ਸਜ਼ਾਵਾਂ ਸਨ।
ਸੁਰਜੀਤ ਸਿੰਘ ਲਾਂਬੜਾ
ਸੰਪਰਕ :92177-90689
100 -ਏ ,ਭਾਈ ਹਿੰਮਤ ਸਿੰਘ ਨਗਰ ,ਬਲਾਕ -ਬੀ, ਦੁੱਗਰੀ, ਲੁਧਿਆਣਾ,ਪੰਜਾਬ