(ਸਮਾਜ ਵੀਕਲੀ)
ਚੇਹਰੇ ‘ਤੇ ਮੁਖੌਟਾ ਵੀ ਹੈ ਦੋ ਮੁੰਹਾਂ ਪਾਇਆ
ਦੋ ਟੁੱਕ ਗੱਲ ਇੱਕ ਤੈਨੂੰ ਅਸੀਂ ਆਖਣੀ
ਚੰਗਾ ਨਹੀਂ ਉੰਗਲਾਂ ਦੇ ਚੜ ਗਿਐਂ ਢੇਹੇ |
ਆਉਂਦੀਆਂ ਜੇ ਨਹੀਂ ਤੈਨੂੰ ਕਰਨੀਆਂ ਇੱਜਤਾਂ
ਘੱਲਿਆ ਨਾ ਕਰ ਘਰ ਆਉਣ ਦੇ ਸੁਨੇਹੇ |
ਸੋਚਿਆ ਸੀ ਭੱਜਕੇ ਤੂੰ ਗਲ ਨਾਲ ਲਾਏਂਗਾ
ਦੁੱਖ ਸੁੱਖ ਸੁਣੇਂਗਾ ਤੇ ਆਪਣੇ ਸੁਣਾਏਂਗਾ
ਪਤਾ ਨਹੀਂ ਸੀ ਇੰਜ ਸਾਥੋਂ ਫੇਰਕੇ ਤੂੰ ਅੱਖਾਂ
ਧਰ ਦਏਂਗਾ ਵੇ ਜ਼ਖ਼ਮਾਂ ‘ਤੇ ਲੂਣ ਵਾਲੇ ਫੇਹੇ |
ਆਉਂਦੀਆਂ ਜੇ ਹੈ ਨਹੀਂ …….
ਦਿਲਾਂ ਵਾਲੇ ਦਿਲਾਂ ਦੀਆਂ ਬਿਨਾ ਬੋਲੇ ਬੁੱਝਦੇ
ਨੰਗੇ ਪੈਰੀਂ ਕੰਡਿਆਂ ‘ਤੇ ਚਲਕੇ ਜੋ ਪੁੱਜਦੇ
ਯਾਰਾਂ ਦੀ ਤਰੱਕੀ ਹੁੰਦੀ ਵੇਖ ਜਿਹੜੇ ਸੜਦੇ ਨੇ
ਆਖਦੇ ਸਿਆਣੇ ਹੁੰਦੇ ਯਾਰ ਓਹੋ ਕੇਹੇ
ਆਉਂਦੀਆਂ ਜੇ ਹੈ ਨਹੀਂ …….’
ਅੰਬਰਾਂ ‘ਤੇ ਤੇਰੀਆਂ ਜੋ ਅੱਜ ਨੇ ਉਡਾਰੀਆਂ
ਇਹਦੇ ‘ਚ ਸਾਡੀਆਂ ਵੀ ਮੇਹਨਤਾਂ ਹੈ ਭਾਰੀਆਂ
ਕੱਲ ਨੂੰ ਵਿਸਾਰ ਕੇ ਜੋ ਅੱਜ ‘ਚ ਗੁਆਚ ਦੇ
ਪਿੱਛੋਂ ਪਛਤਾਉਂਦੇ ਕਰੇ ਕੰਮ ਕਿਉਂ ਅਜਿਹੇ |
ਆਉਂਦੀਆਂ ਜੇ ਹੈ ਨਹੀਂ ………
‘ਬੋਪਾਰਾਏ ‘ ਘਰ ਨੂੰ ਸੀ ਜਦੋਂ ਪਿੱਛੇ ਮੁੜਿਆ
ਲੱਗਿਆ ਸਰੀਰ ਜਿਵੇਂ ਮੁੱਦਤਾਂ ਤੋਂ ਜੁੜਿਆ
ਕਿਸ ਕੰਮ ਸਾਡੇ ਆਹਾ ਪਿਆਰ ਦੀਆਂ ਛੱਲਾਂ
ਬੈਠ ਕੇ ਕਿਨਾਰੇ ਤੋਂ ਜੇ ਚਲੇ ਗਏ ਤਰੇਹੇ
ਆਉਂਦੀਆਂ ਜੇ ਨਹੀਂ ਤੈਨੂੰ ਕਰਨੀਆਂ ਇੱਜਤਾਂ
ਘੱਲਿਆ ਨਾ ਕਰ ਘਰ ਆਉਂਣ ਦੇ ਸੁਨੇਹੇ
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 98550 91442
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly