HOME ਕਿਉਂ ਨਾ ਮਨੁੱਖੀ ਜਾਨਾਂ ਦੀਆਂ ਡੋਰਾਂ ਕੱਟਣ ਵਾਲੀ ਪਤੰਗ ਦੀ ਹੀ ਡੋਰ...

ਕਿਉਂ ਨਾ ਮਨੁੱਖੀ ਜਾਨਾਂ ਦੀਆਂ ਡੋਰਾਂ ਕੱਟਣ ਵਾਲੀ ਪਤੰਗ ਦੀ ਹੀ ਡੋਰ ਕੱਟ ਦਿੱਤੀ ਜਾਵੇ, ਹਰਲਾਜ ਸਿੰਘ ਬਹਾਦਰਪੁਰ।

1

 (ਸਮਾਜ ਵੀਕਲੀ)  ਹੁਣ ਠੰਡ ਖਤਮ ਹੋਣ ਤੇ ਪਤੰਗਾਂ ਉਡਾਣ ਦੀ ਰੁੱਤ ਆਉਣੀ ਹੈ, ਚਾਇਨਾ ਡੋਰ ਦਾ ਰੌਲਾ ਪੈਣਾ ਹੈ, ਫਿਰ ਚਾਇਨਾ ਡੋਰ ਦੇ ਜਖਮੀ ਕੀਤਿਆਂ, ਪਤੰਗ ਉਡਾਉਣ ਸਮੇਂ ਕੋਠਿਆਂ ਤੋਂ ਡਿੱਗਦਿਆਂ, ਹਾਈ ਬੋਲਟ ਬਿਜਲੀ ਦੀਆਂ ਤਾਰਾਂ ਨਾਲ ਪਤੰਗਾਂ ਦੀਆਂ ਡੋਰਾਂ ਲੱਗਣ ਨਾਲ ਵਾਪਰੇ ਹਾਦਸਿਆਂ ਦੀਆਂ ਕਹਾਣੀਆਂ ਅਖਬਾਰਾਂ ਲਈ ਖਬਰਾਂ ਸ਼ੋਸਲ ਮੀਡੀਏ ਲਈ ਪੋਸਟਾਂ ਬਣ ਕੇ ਕਮਾਈ ਦਾ ਸਾਧਨ ਬਣਨਗੀਆਂ, ਬਦਨਸੀਬ ਲੋਕ ਹਾਦਸਿਆਂ ਦਾ ਸ਼ਿਕਾਰ ਹੋਣਗੇ, ਬਾਕੀ ਦੇ ਕੁੱਝ ਲੋਕ ਪਤੰਗਾਂ ਤੋਂ, ਕੁੱਝ ਲੋਕ ਚਾਇਨਾ ਡੋਰ ਤੋਂ ਅਤੇ ਕੁੱਝ ਲੋਕ ਹਾਦਸਿਆਂ ਦੀਆਂ ਖਬਰਾਂ/ਪੋਸਟਾਂ ਤੋਂ ਕਮਾਈ ਕਰਨਗੇ, ਸਰਕਾਰਾਂ ਦੋਸ਼ੀਆਂ ਉਤੇ ਸਖਤ ਕਾਰਵਾਈ ਕਰਨ ਦੇ ਬਿਆਨ ਦੇ ਕੇ ਹੀ ਇਹ ਸਿੱਧ ਕਰਨਗੀਆਂ ਕਿ ਸਾਨੂੰ ਆਮ ਲੋਕਾਂ ਦੀ ਜਾਨ ਦੀ ਬਹੁਤ ਪ੍ਰਵਾਹ ਹੈ, ਸਾਨੂੰ ਹਾਦਸਿਆਂ ਤੋਂ ਬਚਾਉਣ ਵਾਲੀ ਦੇਸ਼ ਦੀ ਪੁਲਿਸ ਕੁੱਝ ਕੁ ਦੁਕਾਨਦਾਰਾਂ ਤੇ ਪਰਚੇ ਦਰਜ ਕਰਕੇ ਬਾਕੀਆਂ ਤੋਂ ਮੋਟੀ ਕਮਾਈ ਕਰਦਿਆਂ ਲੋਕਾਂ ਨੂੰ ਚਾਇਨਾ ਡੋਰ ਨਾ ਵਰਤਣ ਦੇ ਉਪਦੇਸ਼ ਦਿੰਦੀ ਸਾਡੀ ਸੁਰੱਖਿਆ ਲਈ ਹਾਜਰ ਆਪਣੇ ਫਰਜ਼ ਨਿਭਾਉਂਦੀ ਨਜ਼ਰ ਆਵੇਗੀ, ਪਰ ਪਰਨਾਲਾ ਉੱਥੇ ਦਾ ਉੱਥੇ ਹੀ ਰਹੇਗਾ, ਹਰ ਸਾਲ ਪਤੰਗ ਉਡਣਗੇ, ਚਾਇਨਾ ਡੋਰ ਵਿਕੇਗੀ, ਰਾਹਗੀਰਾਂ ਦੇ ਗਲੇ ਕੱਟੇਗੀ, ਪੰਛੀਆਂ ਦੇ ਪੰਖਾਂ ਵਿੱਚ ਲਿਪਟੇਗੀ, ਬੱਚੇ ਕੋਠਿਆਂ ਤੋਂ ਡਿੱਗਕੇ ਅਤੇ ਡੋਰਾਂ ਹਾਈ ਬੋਲਟ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਕਾਰਨ ਮਰਨਗੇ, ਪਰ ਸਾਨੂੰ ਕੀ ਅਸੀਂ ਤਾਂ ਹਰ ਸਾਲ ਆਪਣੀ ਖੁਸ਼ੀ ਮਨਾਉਣੀ ਹੀ ਹੈ ਇਹ ਤਾਂ ਖੁਸ਼ੀਆਂ ਦਾ ਪ੍ਰਤੀਕ ਤਿਉਹਾਰ ਹੈ ਭਾਵੇਂ ਇਸ ਨਾਲ ਕਿਸੇ ਦੇ ਘਰ ਸੱਥਰ ਵੀ ਵਿਛ ਜਾਣ। ਪਤੰਗਾਂ ਉਡਾਉਣ ਅਤੇ ਪਤੰਗਾਂ ਕੱਟਣ (ਲੁੱਟਣ) ਵਾਲਿਆਂ ਨੂੰ ਇਸ ਮਾੜੀ ਖੇਡ ਵਿੱਚੋਂ ਕੀ ਮਿਲਦਾ ਹੈ ਇਹ ਤਾਂ ਓਹੀ ਦੱਸ ਸਕਦੇ ਹਨ ਪਰ ਇਹਨਾ ਪਤੰਗਾਂ ਨੇ ਕਿੰਨਿਆਂ ਰਾਹਗੀਰਾਂ, ਬੱਚਿਆਂ ਅਤੇ ਪੰਛੀਆਂ ਦੀ ਜਿੰਦਗੀ ਦੀਆਂ ਡੋਰਾਂ ਕੱਟ ਦਿੱਤੀਆਂ ਹਨ ਉਹ ਹਰ ਸਾਲ ਸੱਭ ਦੇ ਸਾਹਮਣੇ ਹੀ ਆਉਂਦੀਆਂ ਹਨ। ਕੀ ਆਮ ਰਾਹਗੀਰਾਂ, ਬੱਚਿਆਂ ਅਤੇ ਜਾਨਵਰਾਂ ਦੀ ਜਾਨ ਦਾ ਖੌਅ ਬਣੇ ਇਹਨਾ ਪਤੰਗਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਕੇ ਇਹਨਾ ਉਤੇ ਪੂਰਨ ਤੌਰ ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ ? ਇਹ ਪਤੰਗ ਨਾ ਉਡਾਉਣ ਕਾਰਨ ਸਾਡੇ ਦੇਸ਼ ਜਾਂ ਸਮਾਜ ਦੀ ਕਿਹੜੀ ਵਿਵਸਥਾ ਦਾ ਨੁਕਸਾਨ ਹੋ ਜਾਵੇਗਾ, ਜਿਸ ਕਾਰਨ ਮਨੁੱਖੀ ਜਾਨਾ ਗੁਆ ਕੇ ਵੀ ਪਤੰਗ ਉਡਦੇ ਰੱਖਣੇ ਲਾਜ਼ਮੀ ਹੋਣ ? ਕਰੋਨਾ ਕਾਲ ਸਮੇਂ ਸਾਰੇ ਦੇਸ਼ ਨੂੰ ਘਰਾਂ ਵਿੱਚ ਨਜ਼ਰਬੰਦ ਕਰਨ ਵਾਲੀਆਂ ਸਰਕਾਰਾਂ ਪਤੰਗਾਂ ਨੂੰ ਕਿਉਂ ਨਹੀਂ ਬੰਦ ਕਰ ਸਕਦੀਆਂ ? ਜੇ ਪਤੰਗ ਉਡਾਉਣ ਉੱਤੇ ਹੀ ਪਾਬੰਦੀ ਲਗਾ ਦਿੱਤੀ ਜਾਵੇ ਤਾਂ ਚਾਇਨਾ ਡੋਰ ਦੀ ਸਮੱਸਿਆ ਤਾਂ ਆਪਣੇ ਆਪ ਹੀ ਖਤਮ ਹੋ ਜਾਵੇਗੀ, ਚਾਇਨਾ ਡੋਰ ਦੇ ਨਾਮ ਤੇ ਹੁੰਦੀ ਕਾਲਾਬਜ਼ਾਰੀ ਵੀ ਖਤਮ, ਰਾਹਗੀਰ, ਬੱਚੇ ਅਤੇ ਅਸਮਾਨ ਵਿੱਚ ਉਡਣ ਵਾਲੇ ਪੰਛੀ ਵੀ ਸੁਰੱਖਿਅਤ ਹੋ ਜਾਣਗੇ, ਨਾਲੇ ਪਤੰਗ ਉਡਾਉਣ ਵਾਲੇ ਤਾਂ ਫੜਨੇ ਵੀ ਬਹੁਤ ਸੌਖੇ ਹਨ, ਕਿਉਂਕਿ ਪਤੰਗ ਨੇ ਤਾਂ ਅਸਮਾਨ ਵਿੱਚ ਹੀ ਉਡਣਾ ਹੈ, ਜੋ ਸੱਭ ਨੂੰ ਦਿਸੇਗਾ, ਅਸਮਾਨ ਵਿੱਚ ਉਡਦਾ ਪਤੰਗ ਪੁਲਿਸ ਨੂੰ ਆਪਣੇ ਉਡਾਉਣ ਵਾਲੇ ਨੂੰ ਮਿਲਾ ਦੇਵੇਗਾ, ਫਿਰ ਪਤੰਗ ਉਡਾਉਣ ਵਾਲਾ ਡੋਰ ਵੇਚਣ ਵਾਲੇ ਨੂੰ ਮਿਲਾ ਦੇਵੇਗਾ ਇਸ ਤਰਾਂ ਸਾਰੇ ਝੱਟ ਹੀ ਫੜੇ ਜਾਣਗੇ। ਨਾਲੇ ਸਾਡੇ ਲਈ ਮਨੁੱਖ ਦੀ ਜਾਨ ਤੋਂ ਵੱਧ ਕੀਮਤੀ ਤਾਂ ਕੁੱਝ ਵੀ ਨਹੀਂ ਹੈ, ਇਹਨਾ ਅਸਮਾਨ ਵਿੱਚ ਉਡਣ ਵਾਲੇ ਪਤੰਗਾਂ ਨੇ ਕਿੰਨੀਆਂ ਮਨੁੱਖੀ ਜਾਨਾਂ ਦੀਆਂ ਡੋਰਾਂ ਕੱਟ ਦਿੱਤੀਆਂ ਹਨ, ਕਿਉਂ ਨਾ ਸਰਕਾਰਾਂ ਅਤੇ ਅਸੀਂ ਰਲ ਕੇ ਇਹਨਾਂ ਪਤੰਗਾਂ ਦੀ ਹੀ ਡੋਰ ਕੱਟ ਦੇਈਏ, ਦੇਸ਼ ਦੇ ਚੰਗੇ ਨਾਗਰਿਕ ਹੋਣ ਦੇ ਨਾਮ ਤੇ ਸਾਡੀ ਵੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਆਪ ਨੂੰ ਅਤੇ ਆਪਣੇ ਬੱਚਿਆਂ ਨੂੰ ਪਤੰਗ ਉਡਾਉਣ ਤੋਂ ਰੋੋਕੀਏ, ਤਾਂ ਕਿ ਮਨੁੱਖਾਂ ਅਤੇ ਪੰਛੀਆਂ ਦੀਆਂ ਜਾਨਾਂ ਬਚਾਈਆਂ ਜਾ ਸਕਣ, ਜੋ ਪਰੰਪਰਾ ਮਨੁੱਖਤਾ ਲਈ ਹਾਨੀਕਾਰਕ ਸਿੱਧ ਹੋ ਜਾਵੇ ਤਾਂ ਮਨੁੱਖਤਾ ਦੇ ਭਲੇ ਲਈ ਉਸ ਪਰੰਪਰਾ ਨੂੰ ਬਿਨਾ ਦੇਰ ਕੀਤਿਆਂ ਬੰਦ ਕਰਨ ਵਿੱਚ ਹੀ ਭਲਾਈ ਹੈ।
ਤਾਰੀਖ 12-01-2026

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911

 

Previous articleਪੋਤੀ ਦੀ ਪਹਿਲੀ ਲੋਹੜੀ ਮੌਕੇ ਚਾਰ ਕਵੀਆਂ ਦਾ ਸਨਮਾਨ ਕੀਤਾ
Next articleहिंदू जाति व्यवस्था पर स्वामी विवेकानंद के विचार और अंबेडकरवादी / दलित-बहुजन आलोचना