- ਡਰੋਨ ਦੀ ਮਦਦ ਨਾਲ ਪ੍ਰਿਯੰਕਾ ਦੀ ਨਿਗਰਾਨੀ ਕੀਤੇ ਜਾਣ ਦਾ ਦਾਅਵਾ
- ਪ੍ਰਿਯੰਕਾ, ਦੀਪੇਂਦਰ ਅਤੇ ਹੋਰਾਂ ਖ਼ਿਲਾਫ਼ ਅਮਨ ਭੰਗ ਕਰਨ ਦੇ ਦੋਸ਼ ਹੇਠ ਕੇਸ ਦਰਜ
ਸੀਤਾਪੁਰ/ਲਖਨਊ (ਸਮਾਜ ਵੀਕਲੀ): ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕਿਹਾ ਕਿ ਲਖੀਮਪੁਰ ਖੀਰੀ ’ਚ ਚਾਰ ਕਿਸਾਨਾਂ ਨੂੰ ਮਾਰਨ ਵਾਲਾ ਵਿਅਕਤੀ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ ਜਦਕਿ ਉਸ ਨੂੰ ਬਿਨਾਂ ਕੇਸ ਦਰਜ ਕੀਤੇ ਪਿਛਲੇ 28 ਘੰਟਿਆਂ ਤੋਂ ਹਿਰਾਸਤ ’ਚ ਰੱਖਿਆ ਹੋਇਆ ਹੈ। ਪ੍ਰਿਯੰਕਾ ਦੇ ਸਾਥੀਆਂ ਨੇ ਵੀ ਦੋਸ਼ ਲਾਇਆ ਕਿ ਪ੍ਰਿਯੰਕਾ ਨੂੰ ਆਪਣੇ ਵਕੀਲ ਨੂੰ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ। ਉੱਧਰ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ’ਚ ਰੱਖੇ ਜਾਣ ਦੇ ਮੁੱਦੇ ’ਤੇ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਮਗਰੋਂ ਅੱਜ ਯੂਪੀ ਦੇ ਅਧਿਕਾਰੀਆਂ ਨੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਤੇ 10 ਹੋਰਾਂ ਖ਼ਿਲਾਫ਼ ਅਮਨ ਭੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ।
ਕਾਂਗਰਸ ਆਗੂਆਂ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਤੇ ਹੋਰਨਾਂ ਕਾਂਗਰਸ ਆਗੂਆਂ ਨੂੰ ਪਿਛਲੇ 24 ਘੰਟੇ ਤੋਂ ਵੀ ਵੱਧ ਸਮੇਂ ਤੋਂ ਹਿਰਾਸਤ ’ਚ ਰੱਖਿਆ ਹੋਇਆ ਹੈ ਅਤੇ ਸੀਤਾਪੁਰ ’ਚ ਦੂਜੀ ਬਟਾਲੀਅਨ ਦੇ ਗੈਸਟ ਹਾਊਸ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਹੈ, ਉੱਤੇ ਡਰੋਨ ਦੀ ਮਦਦ ਨਾਲ ਨਿਗਰਾਨੀ ਰੱਖੀ ਜਾ ਰਹੀ ਹੈ। ਕਾਂਗਰਸ ਮੀਡੀਆ ਤੇ ਕਮਿਊਨੀਕੇਸ਼ਨ ਦੇ ਵਾਈਸ ਚੇਅਰਪਰਸਨ ਪੰਕਜ ਸ੍ਰੀਵਾਸਤਵ ਨੇ ਕਿਹਾ, ‘ਉਨ੍ਹਾਂ (ਪ੍ਰਿਯੰਕਾ) ਨੂੰ ਆਪਣੇ ਵਕੀਲ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਹਿਰਾਸਤ ’ਚ ਰੱਖਣ ਦੇ ਕਾਰਨ ਵੀ ਨਹੀਂ ਦੱਸ ਰਿਹਾ।’ ਉਨ੍ਹਾਂ ਕਿਹਾ ਕਿ ਪ੍ਰਿਯੰਕਾ ਤੋਂ ਇਲਾਵਾ ਯੂਪੀ ਕਾਂਗਰਸ ਦੇ ਪ੍ਰਧਾਨ ਅਜੈ ਕੁਮਾਰ ਲੱਲੂ, ਕੌਮੀ ਸਕੱਤਰ ਧੀਰਜ ਗੁੱਜਰ, ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਬੀਵੀ ਸ੍ਰੀਨਿਵਾਸ, ਪਾਰਟੀ ਦੇ ਐੱਮਐੱਲਸੀ ਦੀਪਕ ਸਿੰਘ ਨੂੰ ਹਿਰਾਸਤ ’ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂਆਂ ਨੂੰ ਸੀਤਾਪੁਰ ’ਚ ਉਸ ਸਮੇਂ ਹਿਰਾਸਤ ’ਚ ਲੈ ਲਿਆ ਗਿਆ ਸੀ ਜਦੋਂ ਉਹ ਲਖੀਮਪੁਰ ਖੀਰੀ ਦੀ ਘਟਨਾ ਮਗਰੋਂ ਪੀੜਤਾਂ ਨੂੰ ਮਿਲਣ ਜਾ ਰਹੇ ਸਨ।
ਪ੍ਰਿਯੰਕਾ ਗਾਂਧੀ ਨੇ ਅੱਜ ਟਵਿੱਟਰ ’ਤੇ ਇੱਕ ਵੀਡੀਓ ਸਾਂਝੀ ਕੀਤੀ ਜਿਸ ’ਚ ਇੱਕ ਐੱਸਯੂਵੀ ਗੱਡੀ ਰੋਸ ਪ੍ਰਗਟਾ ਰਹੇ ਕਿਸਾਨਾਂ ਨੂੰ ਦਰੜਦੀ ਹੋਈ ਲੰਘਦੀ ਦਿਖਾਈ ਰਹੀ ਹੈ। ਪ੍ਰਿਯੰਕਾ ਨੇ ਟਵੀਟ ਕੀਤਾ, ‘ਨਰਿੰਦਰ ਮੋਦੀ ਜੀ ਤੁਹਾਡੀ ਸਰਕਾਰ ਨੇ ਬਿਨਾਂ ਕਿਸੇ ਹੁਕਮ ਜਾਂ ਐੱਫਆਈਆਰ ਦੇ ਮੈਨੂੰ ਪਿਛਲੇ 28 ਘੰਟਿਆਂ ਤੋਂ ਹਿਰਾਸਤ ’ਚ ਰੱਖਿਆ ਹੋਇਆ ਹੈ। ਜਿਸ ਵਿਅਕਤੀ ਨੇ ਕਿਸਾਨਾਂ ਨੂੰ ਦਰੜਿਆ, ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ?’ ਇਸੇ ਦੌਰਾਨ ਕਾਂਗਰਸ ਆਗੂ ਗੁਰਜਰ ਨੇ ਇੱਕ ਵੀਡੀਓ ਟਵਿੱਟਰ ’ਤੇ ਸਾਂਝੀ ਕੀਤੀ ਹੈ ਜਿਸ ’ਚ ਇੱਕ ਡਰੋਨ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਡਰੋਨ ਉਸ ਗੈਸਟ ਹਾਊਸ ਉਪਰ ਉੱਡ ਰਿਹਾ ਹੈ ਜਿੱਥੇ ਪ੍ਰਿਯੰਕਾ ਗਾਂਧੀ ਨੂੰ ਰੱਖਿਆ ਹੋਇਆ ਹੈ। ਉਨ੍ਹਾਂ ਟਵੀਟ ਕੀਤਾ, ‘ਸਰਕਾਰ ਪ੍ਰਿਯੰਕਾ ਨੂੰ ਹਿਰਾਸਤ ’ਚ ਰੱਖਣ ਮਗਰੋਂ ਵੀ ਡਰ ਰਹੀ ਹੈ। ਇਸੇ ਲਈ ਉਹ ਡਰੋਨ ਦੀ ਮਦਦ ਨਾਲ ਉਨ੍ਹਾਂ ’ਤੇ ਨਜ਼ਰ ਰੱਖ ਰਹੀ ਹੈ।’
ਇਸੇ ਦੌਰਾਨ ਕਾਂਗਰਸ ਆਗੂ ਪੰਕਜ ਸ੍ਰੀਵਾਸਤਵ ਨੇ ਕਿਹਾ ਕਿ ਪਾਰਟੀ ਆਗੂਆਂ ਦੀ ਗ਼ੈਰ-ਕਾਨੂੰਨੀ ਹਿਰਾਸਤ ਕਾਰਨ ਕਾਂਗਰਸ ਵਰਕਰਾਂ ’ਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇੱਕ ਸਮਾਗਮ ਲਈ ਲਖਨਊ ਆ ਰਹੇ ਹਨ ਜਦਕਿ ਲਖੀਮਪੁਰ ਦੇ ਕਿਸਾਨ ਇਨਸਾਫ ਦੀ ਉਡੀਕ ਕਰ ਰਹੇ ਹਨ।
ਉੱਧਰ ਪ੍ਰਿਯੰਕਾ ਗਾਂਧੀ ਨੂੰ ਬਿਨਾਂ ਕੇਸ ਦਰਜ ਕੀਤੇ 24 ਘੰਟੇ ਤੋਂ ਵੀ ਵੱਧ ਸਮੇਂ ਤੋਂ ਹਿਰਾਸਤ ’ਚ ਰੱਖੇ ਜਾਣ ਦੇ ਮੁੱਦੇ ’ਤੇ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਮਗਰੋਂ ਅੱਜ ਯੂਪੀ ਦੇ ਅਧਿਕਾਰੀਆਂ ਨੇ ਕਿਹਾ ਕਿ ਅੱਜ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਤੇ 10 ਹੋਰਾਂ ਖ਼ਿਲਾਫ਼ ਅਮਨ ਭੰਗ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਸੀਤਾਪੁਰ ਦੇ ਐੱਸਡੀਐੱਮ ਪਿਆਰੇ ਲਾਲ ਮੌਰਿਆ ਨੇ ਦੱਸਿਆ ਕਿ ਪ੍ਰਿਯੰਕਾ ਤੋਂ ਇਲਾਵਾ ਯੂਪੀ ਕਾਂਗਰਸ ਦੇ ਮੁਖੀ ਅਜੈ ਕੁਮਾਰ ਲੱਲੂ ਤੇ ਪਾਰਟੀ ਆਗੂ ਦੀਪੇਂਦਰ ਹੁੱਡਾ ਖ਼ਿਲਾਫ਼ ਸੀਆਰਪੀਸੀ ਦੀ ਧਾਰਾ 151,107, 116 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਨੂੰ ਉਨ੍ਹਾਂ ਨੂੰ ਭਰੋਸਾ ਮਿਲਦਾ ਹੈ ਕਿ ਉਹ ਅੱਗੇ ਤੋਂ ਅਮਨ ਭੰਗ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ ਤਾਂ ਇਹ ਧਾਰਾਵਾਂ ਹਟਾ ਦਿੱਤੀਆਂ ਜਾਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly