ਗਲਾਸਗੋ ਸਟੇਸ਼ਨ ‘ਤੇ ਰੋਣਾ ਕਿਉਂ ਆਇਆ!

(ਸਮਾਜਵੀਕਲੀ)- ਰੰਗਮੰਚ ਇਕ ਯਾਤਰਾ ਦੀ ਤਰ੍ਹਾਂ ਹੈ.. ਇਹ ਯਾਤਰਾ ਕਰਦਿਆਂ ਅਨੇਕਾਂ ਮੁਸਾਫਰ ਮਿਲਦੇ ਹਨ.. ਰਿਸ਼ਤੇ ਬਣਦੇ ਹਨ.. ਸਾਂਝ ਪੈਦਾ ਹੁੰਦੀ ਹੈ..ਪਰ ਕੁਝ ਰਿਸ਼ਤੇ ਇਹੋ ਜਿਹੇ ਬਣ ਜਾਂਦੇ ਹਨ ਜੋ ਕਿਤੇ ਦਿਲ ਦੇ ਕਿਤੇ ਧੁਰ ਅੰਦਰ ਲਹਿ ਜਾਂਦੇ ਹਨ ਤੇ ਤੁਹਾਨੂੰ ਆਪਣਾ ਬਣਾ ਲੈਂਦੇ ਹਨ..ਇਸ ਸਫ਼ਰ ਦੌਰਾਨ ਇਹੋ ਜਿਹੇ ਅਨੇਕਾਂ ਰਿਸ਼ਤੇ ਬਣ ਰਹੇ ਹਨ.. ਸਾਂਝਾਂ ਪੈਦਾ ਹੋ ਰਹੀਆਂ ਹਨ.. ਉਨ੍ਹਾਂ ਬਾਰੇ ਗੱਲਾਂ ਕਦੇ ਫੇਰ ਕਰਾਂਗਾ.. ਅੱਜ ਉਸ ਸਾਂਝ ਬਾਰੇ ਗੱਲ ਕਰਨੀ ਹੈ, ਜਿਸ ਨੇ ਮੈਨੂੰ ਜਜ਼ਬਾਤੀ ਕਰ ਦਿੱਤਾ ਤੇ ਮੈਂ ਬੱਚਿਆਂ ਵਾਂਗ ਰੋਣ ਲੱਗ ਪਿਆ !
ਗਲਾਸਗੋ ਦੇ ਸ਼ੋਅ ਤੋਂ ਬਾਅਦ ਇਕ ਰਾਤ ਪਰਮਜੀਤ ਬਾਸੀ ਹੁਰਾਂ ਦੇ ਘਰ ਰੁਕਣ ਤੋਂ ਬਾਅਦ ਅਗਲੇ ਦਿਨ ਮੈਨੂੰ ਮੁਠੱਡੇ ਵਾਲਾ ਤਰਲੋਚਨ ਆਪਣੇ ਘਰ ਲੈ ਗਿਆ..ਘਰ ਵਿੱਚ ਬੱਬੂ ਭੈਣਜੀ ਨੇ ਇਵੇਂ ਸੁਆਗਤ ਕੀਤਾ ਜਿਵੇਂ ਚਿਰਾਂ ਤੋਂ ਵਿੱਛੜੀ ਕੋਈ ਭੈਣ ਮਿਲੀ ਹੋਵੇ..ਉਸ ਦੀ ਸੂਰਤ, ਸੀਰਤ, ਮਾਸੂਮੀਅਤ ਤੇ ਬਹੁਤ ਹੌਲੀ ਹੌਲੀ ਨਿਕਲਦੇ ਬੋਲ ਮੈਨੂੰ ਆਪਣੀ ਸਭ ਤੋਂ ਛੋਟੀ ਭੈਣ ਭੋਲੀ ਦੇ ਕੋਲ ਲੈ ਗਏ..ਮੇਰੀ ਭੋਲੀ ਭੈਣ ਵੀ ਇੰਨੀ ਹੀ ਮਾਸੂਮ ਤੇ ਮਿਲਾਪੜੀ ਹੈ.. ਏਦਾਂ ਹੀ ਭਰਾਵਾਂ ਦਾ ਫ਼ਿਕਰ ਕਰਦੀ ਹੈ.. ਖਾਣ ਪੀਣ ਦਾ.. ਉੱਠਣ ਬਹਿਣ ਦਾ.. ਕੱਪੜਿਆਂ ਦਾ.. ਠੰਢ ਤੇ ਗਰਮੀ ਤੋਂ ਬਚਾਉਣ ਦਾ ..ਮੈਨੂੰ ਲੱਗਿਆ ਸਕਾਟਲੈਂਡ ਵਿੱਚ ਮੈਨੂੰ ਹਰ ਮੁਸੀਬਤ ਤੋਂ ਬਚਾਉਣ ਲਈ ਮੇਰੀ ਭੋਲੀ ਭੈਣ ਹਾਜ਼ਰ ਹੈ ..ਤਰਲੋਚਨ ਮੇਰੀ ਬਹੁਤ ਇੱਜ਼ਤ ਕਰਦਾ ਹੈ.. ਉਸ ਨੂੰ ਚਿਰਾਂ ਤੋਂ ਤਾਂਘ ਸੀ ਕਿ ਮੈਨੂੰ ਮਿਲ ਸਕੇ.. ਉਸ ਨੇ ਬਹੁਤ ਪਹਿਲਾਂ ਮੇਰਾ ਕੋਈ ਨਾਟਕ ਪੰਜਾਬ ਵਿੱਚ ਵੇਖਿਆ ਸੀ..ਜਿਸ ਦਿਨ ਦਾ ਪੰਜਾਬ ਤੋਂ ਯੂ ਕੇ ਆਇਆਂ , ਉਹ ਹਰ ਰੋਜ਼ ਫੋਨ ਕਰਦਾ.. ਹਾਲ ਚਾਲ ਪੁੱਛਦਾ.. ਫ਼ਿਕਰ ਕਰਦਾ.,” ਠੰਢ ਨਾ ਲੱਗਣ ਦਿਉ.. ਖਿਆਲ ਰੱਖਿਓ..ਸਕਾਟਲੈਂਡ ਉਡੀਕ ਰਿਹਾ ਹੈ ਭਾਅ ਜੀ!”ਤੇ ਜਦ ਗਲਾਸ ਗੋ ਦੇ ਸ਼ੋਅ ਤੋਂ ਪਹਿਲਾਂ ਤਰਲੋਚਨ ਮੇਰੇ ਸਾਹਮਣੇ ਕੁੜਤੇ ਪਜਾਮੇ ਦੇ ਥੱਲੇ ਪਾਉਣ ਲਈ ਵਿਸ਼ੇਸ਼ ਵਾਰਮਰ ਲੈ ਕੇ ਆ ਖੜ੍ਹਾ ਹੋਇਆ ਤਾਂ ਬਿਨਾ ਪਹਿਨਿਆਂ ਹੀ ਮੈਂ ਨਿੱਘ ਨਾਲ ਭਰ ਗਿਆ ..ਘਰ ਜਾ ਕੇ ਪਤਾ ਲਗਾ ਕਿ ਇਹ ਫਿਕਰ ਤੇ ਵਿਚਾਰ ਬੱਬੂ ਭੈਣ ਦਾ ਸੀ..ਦੋਵਾਂ ਜੀਆਂ ਪ੍ਰਤੀ ਪਿਆਰ ਉਮੜਿਆ। ਉਤੋਂ ਪਿਆਰਾ ਤੇ ਬੀਬਾ ਅਮਿਤ ਪੁੱਤਰ! ਇਕ ਮੁਕੰਮਲ ਟੱਬਰ ਵਾਲ਼ਾ ਅਹਿਸਾਸ!

ਤਰਲੋਚਨ ਦੇ ਫਿਕਰ ਵੱਡੇ ਹਨ..ਉਹ ਸਾਹਿਤ ਨਾਲ ਜੁੜਿਆ ਹੈ..ਪੜ੍ਹਾਈ ਨਾਲ ਜੁੜਿਆ ਹੈ..ਪੰਜਾਬੀ ਭਾਸ਼ਾ ਪ੍ਰਤੀ ਫਿਕਰਮੰਦ ਹੈ..ਵਿਦਿਆਰਥੀਆਂ ਨੂੰ ਵਿਦਿਆ ਸੰਗ ਜੋੜਨ ਲਈ ਤਤਪਰ ਰਹਿੰਦਾ ਹੈ..ਅਗਾਂਹਵਧੂ ਲਹਿਰਾਂ ਲਈ ਫਿਕਰ ਰਖਦਾ ਹੈ..ਕਿਸਾਨ ਮੋਰਚੇ ਦੀ ਖਾਤਰ ਉਹ ਰੱਜਕੇ ਲੜਿਆ ਹੈ..ਗਲਾਸਗੋ ਵਿਚ ਮੋਰਚੇ ਦੀ ਖਾਤਰ ਉਹ ਜੋ ਕੁੱਝ ਕਰਦਾ ਰਿਹਾ ਹੈ, ਉਹ ਮਾਣ ਲਾਇਕ ਹੈ..ਪ੍ਰੋਟੈਸਟ ਕਰਨ ਲਈ ਉਹ ਰੇਲਵੇ ਦੀ ਨੌਕਰੀ ਤੋਂ ਛੁੱਟੀਆਂ ਲੈਂਦਾ ਹੈ..ਇਹ ਦੱਸਦਿਆਂ ਉਹ ਅੱਖਾਂ ਭਰ ਲੈਂਦਾ ਹੈ ਕਿ ਉਹਦੇ ਸਕਾਟਿਸ਼ ਕੁਲੀਗ ਉਹਦੀ ਵਾਰੀ ‘ਤੇ ਸ਼ਿਫਟ ਲਾ ਦਿੰਦੇ ਕਿਉਂਕਿ ਉਹ ਤਰਲੋਚਨ ਦੀ ਸ਼ਿਦਤ ਤੇ ਜਜ਼ਬਾਤ ਸਮਝ ਗਏ ਸਨ..ਉਹ ਮੈਨੂੰ ਮਾਣ ਨਾਲ ਉਸ ਜਾਰਜ ਸਕੇਅਰ ‘ਤੇ ਲੈ ਕੇ ਗਿਆ ਜਿਥੇ ਉਹਨਾਂ ਕਿਸਾਨਾਂ ਦੇ ਹੱਕ ‘ਚ ਮੁਜ਼ਾਹਰਾ ਕੀਤਾ ਸੀ..ਉਹਦਾ ਚਾਅ ਤੇ ਉਤਸ਼ਾਹ ਮੈਂ ਡੀਕ ਲਾ ਕੇ ਪੀਂਦਾ ਰਿਹਾ..ਉਹਦੀ ਭਾਵੁਕਤਾ ਨੂੰ ਇਕ ਵੱਡੇ ਭਰਾ ਵਾਂਗ ਸੰਭਾਲਦਾ ਰਿਹਾ..

ਜਦ ਉਹ ਮੈਨੂੰ ਗਲਾਸਗੋ ਸਟੇਸ਼ਨ ‘ਤੇ ਮੈਨੂੰ ਟਰੇਨ ‘ਚ ਬਿਠਾ ਕੇ ਗਿਆ ਤਾਂ ਉਹ ਸਾਰੀ ਭਾਵੁਕਤਾ ਅਚਾਨਕ ਬਾਹਰ ਆਉਣ ਲਈ ਹੁੱਝਾਂ ਮਾਰਨ ਲੱਗੀ..ਮੈਂ ਬਹੁਤ ਕੋਸ਼ਿਸ਼ ਕੀਤੀ ..ਸਿਆਣਾ ਬਣਨ ਦੀ..ਪਰ ਅੰਦਰਲਾ ਬੱਚਾ ਉਛਲ ਕੇ ਬਾਹਰ ਆ ਗਿਆ ..ਮੈਂ ਜਿਨਾ ਰੋਣਾ ਰੋਕਾਂ, ਉਨਾ ਹੀ ਹੋਰ ਆ ਜਾਵੇ..ਅੱਖਾਂ ਭਰ ਆਈਆਂ ..ਪਹਿਲਾਂ ਗੋਰੇ ਗੋਰੀਆਂ ਤੋਂ ਛੁਪਣ ਦੀ ਵਾਹ ਲਾਈ..ਪਰ ਵੱਸੋਂ ਬਾਹਰ ਹੋ ਗਿਆ..ਚਿਹਰਾ ਹੰਝੂਆਂ ਨਾਲ ਭਰ ਗਿਆ ..ਇਹ ਕੌਣ ਸੀ ਜੋ ਮੈਨੂੰ ਛੱਡਕੇ ਗਿਆ ..ਉਹ ਕੌਣ ਸੀ ਜੋ ਘਰੋਂ ਤੁਰਨ ਲਗੇ ਤੋਂ ਠੰਡ ‘ਚ ਬਾਹਰ ਆ ਕੇ ਖੜ੍ਹੀ ਰਹੀ ਤੇ ਮੋੜ ਮੁੜਨ ਤਕ ਹੱਥ ਹਿਲਾਉਂਦੀ ਰਹੀ..ਟੇਕ ਕੇਅਰ ਕਹਿਕੇ ਗਲੇ ਲਗਣ ਵਾਲ਼ਾ ਅਮਿਤ ਮੈਨੂੰ ਮੇਰੀਆਂ ਧੀਆਂ ਵਰਗਾ ਲਗਿਆ..ਇਹ ਰਿਸ਼ਤੇ ਕੀ ਨੇ! ਮੇਰੇ ਕੋਲ ਕੋਈ ਨਾਮ ਨਹੀਂ !

ਆਪਣਿਆਂ ਦਾ ਆਪਣਾ
ਸਾਹਿਬ ਸਿੰਘ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੱਠੜਾ ਕਾਲਜ ਵਿੱਚ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਰੰਗੋਲੀ ਪ੍ਰਤੀਯੋਗਤਾ ਕਰਵਾਈ ਗਈ
Next articlePro Tennis League begins on Dec 21 in National Capital